ਚੀਨ : ਸ਼ੰਘਾਈ ''ਚ ਕੋਵਿਡ-19 ਦੀ ਨਵੀਂ ਲਹਿਰ ''ਚ ਤਿੰਨ ਲੋਕਾਂ ਦੀ ਮੌਤ, ਕਰੋੜਾਂ ਲੋਕ ਘਰਾਂ ''ਚ ਕੈਦ

Monday, Apr 18, 2022 - 10:47 AM (IST)

ਚੀਨ : ਸ਼ੰਘਾਈ ''ਚ ਕੋਵਿਡ-19 ਦੀ ਨਵੀਂ ਲਹਿਰ ''ਚ ਤਿੰਨ ਲੋਕਾਂ ਦੀ ਮੌਤ, ਕਰੋੜਾਂ ਲੋਕ ਘਰਾਂ ''ਚ ਕੈਦ

ਬੀਜਿੰਗ (ਬਿਊਰੋ): ਚੀਨ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਗਲੋਬਲ ਵਿੱਤੀ ਹੱਬ ਸ਼ੰਘਾਈ ਵਿੱਚ ਕੋਵਿਡ-19 ਦੀ ਮੌਜੂਦਾ ਲਹਿਰ ਦੌਰਾਨ ਸੰਕਰਮਣ ਕਾਰਨ ਸੋਮਵਾਰ ਨੂੰ ਤਿੰਨ ਮੌਤਾਂ ਦਰਜ ਕੀਤੀਆਂ ਗਈਆਂ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਐਤਵਾਰ ਨੂੰ ਸ਼ੰਘਾਈ ਵਿੱਚ ਕੋਵਿਡ-19 ਨਾਲ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕਾਂ ਦੀ ਉਮਰ 89 ਤੋਂ 91 ਸਾਲ ਦੱਸੀ ਜਾ ਰਹੀ ਹੈ ਅਤੇ ਤਿੰਨਾਂ ਨੇ ਵੈਕਸੀਨ ਦੀ ਇੱਕ ਵੀ ਖੁਰਾਕ ਨਹੀਂ ਲਗਵਾਈ ਸੀ। ਲਗਭਗ 2.6 ਕਰੋੜ ਦੀ ਆਬਾਦੀ ਵਾਲੇ ਸ਼ੰਘਾਈ ਵਿੱਚ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਕਾਰਨ ਸੰਕਰਮਿਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। 

ਹਾਂਗਕਾਂਗ ਤੋਂ ਪ੍ਰਕਾਸ਼ਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਦੇ ਅਨੁਸਾਰ 1 ਮਾਰਚ ਤੋਂ ਚੀਨ ਵਿੱਚ ਕੋਵਿਡ-19 ਦੇ 3,72,000 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਐਤਵਾਰ ਨੂੰ ਚੀਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 2,723 ਨਵੇਂ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ 'ਚੋਂ ਸਿਰਫ ਸ਼ੰਘਾਈ 'ਚ 2,417 ਨਵੇਂ ਮਾਮਲੇ ਸਾਹਮਣੇ ਆਏ। ਨੈਸ਼ਨਲ ਹੈਲਥ ਕਮਿਸ਼ਨ ਦੇ ਅਨੁਸਾਰ, ਐਤਵਾਰ ਨੂੰ ਚੀਨ ਵਿੱਚ ਸਥਾਨਕ ਕੋਰੋਨਾ ਵਾਇਰਸ ਦੇ ਸੰਕਰਮਣ ਦੇ 20,639 ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ਵਿੱਚ ਬਿਮਾਰੀ ਦੇ ਕੋਈ ਲੱਛਣ ਮੌਜੂਦ ਨਹੀਂ ਸਨ। ਸ਼ੰਘਾਈ ਦੀ ਸਥਾਨਕ ਸਰਕਾਰ ਨੇ ਐਤਵਾਰ ਨੂੰ ਸ਼ਹਿਰ ਵਿੱਚ ਉਤਪਾਦਨ ਯੂਨਿਟਾਂ ਨੂੰ ਮੁੜ ਚਾਲੂ ਕਰਨ ਲਈ ਉਦਯੋਗਿਕ ਉੱਦਮਾਂ ਲਈ ਨਵੇਂ ਕੋਵਿਡ-19 ਦਿਸ਼ਾ-ਨਿਰਦੇਸ਼ ਜਾਰੀ ਕੀਤੇ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨੀ ਨਾਗਰਿਕਾਂ ਦੀ ਮਦਦ ਲਈ ਅੱਗੇ ਆਇਆ UAE, ਦੇਵੇਗਾ ਇਕ ਸਾਲ ਦਾ ਰਿਹਾਇਸ਼ੀ ਵੀਜ਼ਾ

ਇਸ ਦੌਰਾਨ, ਸ਼ੰਘਾਈ ਵਿੱਚ ਕਈ ਦਿਨਾਂ ਤੋਂ ਲੋਕ ਤਾਲਾਬੰਦੀ ਸਮੇਤ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਦਾ ਸਖ਼ਤੀ ਨਾਲ ਪਾਲਣ ਕਰ ਰਹੇ ਹਨ। ਸ਼ੰਘਾਈ ਵਿੱਚ ਤਿੰਨ ਵਾਰ ਲੋਕਾਂ ਦੀ ਵਿਆਪਕ ਜਾਂਚ ਕੀਤੀ ਗਈ ਹੈ। ਕਮਿਊਨਿਟੀ ਪੱਧਰ 'ਤੇ ਬਣਾਏ ਗਏ ਵੱਖ-ਵੱਖ ਕੇਂਦਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਬੇਈ (30) ਨਾਂ ਦੀ ਔਰਤ ਨੇ ਆਪਣੇ ਤਜ਼ਰਬਿਆਂ ਬਾਰੇ ਦੱਸਿਆ ਕਿ ਉਸ ਨੂੰ ਇਕ ਉੱਚੀ ਛੱਤ ਵਾਲੇ ਕੇਂਦਰ ਵਿਚ ਬਿਸਤਰਿਆਂ ਦੀਆਂ ਕਤਾਰਾਂ ਨਾਲ ਰੱਖਿਆ ਗਿਆ ਸੀ ਅਤੇ ਹਜ਼ਾਰਾਂ ਅਜਨਬੀਆਂ ਦੀ ਮੌਜੂਦਗੀ ਵਿਚ ਉਸ ਨੂੰ ਇਕ ਛੱਤ ਹੇਠਾਂ ਸੌਣਾ ਪੈਂਦਾ ਸੀ। ਬੇਬੇਈ ਦਾ ਕਹਿਣਾ ਹੈ ਕਿ ਲਾਈਟਾਂ 24 ਘੰਟੇ ਜਗਦੀਆਂ ਰਹਿੰਦੀਆਂ ਹਨ ਅਤੇ ਨਹਾਉਣ ਲਈ ਗਰਮ ਪਾਣੀ ਮੁਸ਼ਕਿਲ ਨਾਲ ਮਿਲਦਾ ਹੈ। ਬੇਬੇਈ ਦਾ ਕਹਿਣਾ ਹੈ ਕਿ ਸੈਗਰੀਗੇਸ਼ਨ ਸੈਂਟਰ ਵਿੱਚ ਸਫ਼ਾਈ ਦਾ ਪੱਧਰ ਵੀ ਬਹੁਤ ਮਾੜਾ ਹੈ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਵੀ ਘਾਟ ਹੈ। ਪਿਛਲੇ ਮੰਗਲਵਾਰ, ਬੇਬੇਈ ਅਤੇ ਉਸਦੇ ਪਤੀ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ 10 ਦਿਨ ਘਰੇਲੂ ਕੁਆਰੰਟੀਨ ਵਿੱਚ ਬਿਤਾਉਣ ਤੋਂ ਬਾਅਦ ਸ਼ੰਘਾਈ ਵਿੱਚ ਨੈਸ਼ਨਲ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਵਿੱਚ ਕੁਆਰੰਟੀਨ ਸੈਂਟਰ ਜਾਣ ਦਾ ਆਦੇਸ਼ ਦਿੱਤਾ ਗਿਆ ਸੀ। ਚੀਨੀ ਸਰਕਾਰੀ ਆਈਸੋਲੇਸ਼ਨ ਸੈਂਟਰਾਂ ਵਿੱਚ ਰਹਿਣ ਵਾਲੇ ਕਈ ਹੋਰਾਂ ਨੇ ਵੀ ਇਸੇ ਤਰ੍ਹਾਂ ਦੇ ਤਜ਼ਰਬੇ ਸਾਂਝੇ ਕੀਤੇ ਹਨ।

ਚੀਨ ਕੋਰੋਨਾ ਖ਼ਿਲਾਫ਼ ਸਖ਼ਤ ਜ਼ੀਰੋ ਟੋਲਰੈਂਸ ਨੀਤੀ ਅਪਨਾਏ ਹੋਏ ਹੈ। ਇਸ ਦੇ ਤਹਿਤ ਵੱਡੇ ਪੱਧਰ 'ਚੇ ਜਾਂਚ ਕੀਤੀ ਜਾਂਦੀ ਹੈ। ਲੋਕਾਂ ਨੂੰ ਕੁਆਰੰਟੀਨ ਕੀਤਾ ਜਾਂਦਾ ਹੈ। ਉਹਨਾਂ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ।ਸ਼ੰਘਾਈ ਕੋਰੋਨਾ ਦੀ ਹੁਣ ਤੱਕ ਦੀ ਸਭ ਤੋਂ ਖਰਾਬ ਲਹਿਰ ਨਾਲ ਜੂਝ ਰਿਹਾ ਹੈ। ਸ਼ੰਘਾਈ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਜ਼ਬਰਦਸਤ ਤੇਜ਼ੀ ਦਾ ਕਾਰਨ ਓਮੀਕਰੋਨ ਨੂੰ ਮੰਨਿਆ ਜਾ ਰਿਹਾ ਹੈ। ਕੋਰੋਨਾ ਨਾਲ ਸ਼ੰਘਾਈ ਦੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਇੱਥ ਹੁਣ ਸੰਕ੍ਰਮਿਤਾਂ ਨੂੰ ਰੱਖਣ ਲਈ ਕੁਆਰੰਟੀਨ ਸੈਂਟਰ ਵਿਚ ਜਗ੍ਹਾ ਨਹੀਂ ਬਚੀ ਹੈ। ਸਕੂਲਾਂ ਅਤੇ ਦਫਤਰਾਂ ਦੀਆਂ ਇਮਾਰਤਾ ਨੂੰ ਕੁਆਰੰਟੀਨ ਸੈਂਟਰ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਨਿਊਜ਼ ਏਜੰਸੀ ਮੁਤਾਬਕ ਕੁਆਰੰਟੀਨ ਸੈਂਟਰ ਭਰੇ ਹੋਏ ਹਨ। ਇੱਥੇ ਦੋ ਬੈੱਡਾਂ ਵਿਚਕਾਰ ਇਕ ਹੱਥ ਦਾ ਵੀ ਫਰਕ ਨਹੀਂ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News