ਭਾਰਤ ਨੂੰ ਉੱਤਰ-ਪੱਛਮ ਵਲੋਂ ਘੇਰਨ ਲਈ ਚੀਨ ਦਾ ਪਾਕਿਸਤਾਨ ’ਚ ਆਪਣੀ ਫੌਜ ਲਿਆਉਣ ਦਾ ਯਤਨ
Monday, May 30, 2022 - 03:48 PM (IST)
ਬੀਜਿੰਗ- ਚੀਨ ਪਾਕਿਸਤਾਨ ’ਚ ਆਪਣੀ ਫੌਜ ਭੇਜਣ ਦੇ ਨਵੇਂ-ਨਵੇਂ ਢੰਗ ਲੱਭਣ ’ਚ ਲੱਗਾ ਹੈ ਪਰ ਅਜੇ ਤੱਕ ਉਸ ਨੂੰ ਪਾਕਿਸਤਾਨ ’ਚ ਐਂਟਰੀ ਨਹੀਂ ਮਿਲ ਸਕੀ ਪਰ ਚੀਨ ਵੱਲੋਂ ਦਬਾਅ ਬਹੁਤ ਵਧ ਗਿਆ ਹੈ। ਦਰਅਸਲ ਪਾਕਿਸਤਾਨ ’ਚ ਚੀਨ ਦੇ ਕਈ ਪ੍ਰਾਜੈਕਟ ਚੱਲ ਰਹੇ ਹਨ ਜਿਨ੍ਹਾਂ ’ਚ ਚੀਨ ਦਾ ਬੜਾ ਖਾਹਿਸ਼ੀ ਬੀ. ਆਰ. ਆਈ. ਪ੍ਰਾਜੈਕਟ ਤਹਿਤ ਕਾਸ਼ਗਰ ਤੋਂ ਗਵਾਦਰ ਬੰਦਰਗਾਹ ਤੱਕ ਦੀ ਸੜਕ, ਗਵਾਦਰ ਬੰਦਰਗਾਹ ਦੀ ਉਸਾਰੀ, ਬਿਜਲੀ ਘਰ, ਓਵਰਬ੍ਰਿਜ, ਸਕੂਲਾਂ ਤੇ ਕਾਲਜਾਂ ’ਚ ਕੁਝ ਚੀਨੀ ਅਧਿਆਪਕਾਂ ਦੀ ਨਿਯੁਕਤੀ, ਖਾਸ ਕਰ ਕੇ ਕਨਫਿਊਸ਼ੀਅਸ ਸੰਸਥਾਨਾਂ ’ਚ ਚੀਨੀ ਅਧਿਆਪਕਾਂ ਵੱਲੋਂ ਪੜ੍ਹਾਇਆ ਜਾਣਾ ਸ਼ਾਮਲ ਹੈ। ਇਸ ਸੰਸਥਾਨ ਤੋਂ ਚੀਨ ਪਾਕਿਸਤਾਨੀਆਂ ’ਤੇ ਆਪਣਾ ਮਨੋਵਿਗਿਆਨਕ ਦਬਾਅ ਪਾਉਣਾ ਚਾਹੁੰਦਾ ਹੈ। ਦਰਅਸਲ ਚੀਨ ਆਪਣੀ ਵਿਚਾਰਧਾਰਾ ਦੂਸਰੇ ਦੇਸ਼ਾਂ ’ਤੇ ਥੋਪਣ ਲਈ ਕਨਫਿਊਸ਼ੀਅਸ ਸੰਸਥਾਨਾਂ ਦਾ ਸਹਾਰਾ ਲੈਂਦਾ ਹੈ, ਨਾਲ ਹੀ ਇਨ੍ਹਾਂ ਸੰਸਥਾਨਾਂ ਰਾਹੀਂ ਚੀਨ ਉਨ੍ਹਾਂ ਦੇਸ਼ਾਂ ਦੀ ਜਾਸੂਸੀ ਵੀ ਕਰਵਾਉਂਦਾ ਹੈ। ਹਾਲਾਂਕਿ ਚੀਨ ਦੇ ਪਾਕਿਸਤਾਨ ’ਚ ਆਪਣੀ ਫੌਜ ਨੂੰ ਤਾਇਨਾਤ ਕਰਨ ਦੇ ਦੋ ਮਕਸਦ ਹਨ। ਪਹਿਲਾ, ਉਹ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ’ਚ ਅੱਤਵਾਦੀ ਹਮਲਿਆਂ ਤੋਂ ਸੁਰੱਖਿਆ ਦੇਣੀ ਚਾਹੁੰਦਾ ਹੈ ਪਰ ਅਸਲ ’ਚ ਚੀਨ ਦੀ ਇੱਛਾ ਪਾਕਿਸਤਾਨ ਤੋਂ ਭਾਰਤ ਨੂੰ ਘੇਰਨ ਦੀ ਹੈ। ਉੱਤਰ ’ਚ ਚੀਨ ਨੇ ਤਿੱਬਤ ’ਤੇ ਕਬਜ਼ਾ ਕਰ ਕੇ ਭਾਰਤ ’ਤੇ ਦਬਾਅ ਬਣਾਈ ਰੱਖਿਆ ਹੈ ਪਰ ਪੱਛਮੀ ਪਾਸਿਓਂ ਪਾਕਿਸਤਾਨ ਤੋਂ ਉਹ ਭਾਰਤ ’ਤੇ ਦਬਾਅ ਬਣਾਉਣਾ ਚਾਹੁੰਦਾ ਹੈ। ਹਾਲ ਹੀ ’ਚ ਚੀਨ ਦੀ ਸ਼ਹਿ ’ਤੇ ਭਾਰਤ ਦੇ ਪੂਰਬੀ-ਸਰਹੱਦੀ ਦੇਸ਼ ਮਿਆਂਮਾਰ ’ਤੇ ਵੀ ਚੀਨ ਦਾ ਅਸਿੱਧਾ ਕਬਜ਼ਾ ਹੈ। ਦੱਖਣ ’ਚ ਚੀਨ ਨੇ ਸ਼੍ਰੀਲੰਕਾ ਅਤੇ ਮਾਲਦੀਵਸ ਤੋਂ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਉਹ ਸਫਲ ਨਹੀਂ ਹੋ ਸਕਿਆ।
ਹਾਲ ਹੀ ’ਚ ਕਰਾਚੀ ਸ਼ਹਿਰ ’ਚ ਕਨਫਿਊਸ਼ੀਅਸ ਸੰਸਥਾਨ ਦੇ ਬਾਹਰ ਜਦੋਂ 3 ਚੀਨੀ ਨਾਗਰਿਕਾਂ ਦੀ ਆਤਮਘਾਤੀ ਬੰਬ ਧਮਾਕੇ ’ਚ ਹੱਤਿਆ ਕਰ ਿਦੱਤੀ ਗਈ ਤਾਂ ਚੀਨ ਨੇ ਇਸ ’ਤੇ ਸਖਤ ਇਤਰਾਜ਼ ਪ੍ਰਗਟਾਇਆ ਅਤੇ ਪਾਕਿਸਤਾਨੀ ਸੁਰੱਖਿਆ ਤੰਤਰ ’ਤੇ ਬੇਭਰੋਸਗੀ ਪ੍ਰਗਟਾਉਂਦੇ ਹੋਏ ਪਾਕਿਸਤਾਨ ’ਚ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਚੀਨ ਨੇ ਆਪਣੀ ਆਊਟ-ਪੋਸਟ ਬਣਾਉਣ ਦੀ ਗੱਲ ਕਹੀ ਹੈ। ਚੀਨ ਅਨੁਸਾਰ ਇਹ ਆਊਟ-ਪੋਸਟ ਚੀਨੀ ਨਾਗਰਿਕਾਂ ਨੂੰ ਸੁਰੱਖਿਆ ਮੁਹੱਈਆ ਕਰਨ ਲਈ ਹੋਵੇਗੀ। ਪਹਿਲਾਂ ਇਹ ਜਾਣ ਲੈਂਦੇ ਹਾਂ ਕਿ ਆਊਟ-ਪੋਸਟ ਹੁੰਦੀ ਕੀ ਹੈ। ਆਊਟ-ਪੋਸਟ ’ਚ ਜ਼ਮੀਨ ਦਾ ਇਕ ਵੱਡਾ ਟੁਕੜਾ ਚੀਨੀ ਫੌਜ ਨੂੰ ਦਿੱਤਾ ਜਾਵੇਗਾ ਜਿਸ ਦੀ ਉਹ ਘੇਰਾਬੰਦੀ ਕਰੇਗੀ। ਉੱਥੇ ਇਮਾਰਤ, ਬੈਰਕਾਂ ਅਤੇ ਪ੍ਰਸ਼ਾਸਨਿਕ ਭਵਨ ਬਣਾਵੇਗੀ, ਨਾਲ ਹੀ ਉੱਥੇ ਆਪਣੇ ਹਥਿਆਰ, ਰਸਦ, ਫੌਜੀ ਵਾਹਨ ਰੱਖੇਗੀ ਅਤੇ ਉੱਥੇ ਢੇਰ ਸਾਰੇ ਚੀਨੀ ਫੌਜੀਆਂ ਦੇ ਰਹਿਣ ਦਾ ਪ੍ਰਬੰਧ ਹੋਵੇਗਾ। ਇੱਥੇ ਇਕ ਚੀਨੀ ਕਾਲੋਨੀ ਵੀ ਬਣਾਈ ਜਾਵੇਗੀ ਜਿੱਥੇ ਚੀਨੀ ਫੌਜੀਆਂ, ਮਜ਼ਦੂਰਾਂ, ਇੰਜੀਨੀਅਰਾਂ ਨਾਲ ਚੀਨੀ ਲੋਕ ਵੀ ਰਹਿਣਗੇ ਜੋ ਪਾਕਿਸਤਾਨ ’ਚ ਕੰਮ ਕਰ ਰਹੇ ਹਨ। ਇਸ ਦੀ ਸਭ ਤੋਂ ਵੱਡੀ ਵਰਤੋਂ ਇਹ ਹੋਵੇਗੀ ਕਿ ਪਾਕਿਸਤਾਨ ’ਚ ਸੀਪੇਕ ਸੜਕ, ਗਵਾਦਰ ਬੰਦਰਗਾਹ, ਬਿਜਲੀ ਘਰ, ਓਵਰਬ੍ਰਿਜ, ਕਾਲਜ ’ਚ ਪੜ੍ਹਾਉਣ ਵਾਲੇ ਚੀਨੀ ਪ੍ਰੋਫੈਸਰਾਂ ਨੂੰ ਚੀਨੀ ਫੌਜ ਆਪਣੀਆਂ ਬਖਤਰਬੰਦ ਗੱਡੀਆਂ ’ਚ ਉਨ੍ਹਾਂ ਦੀ ਮੰਜ਼ਿਲ ਵਾਲੇ ਸਥਾਨ ’ਤੇ ਲੈ ਕੇ ਜਾਵੇਗੀ ਅਤੇ ਕੰਮ ਦੇ ਦੌਰਾਨ ਉਨ੍ਹਾਂ ਨੂੰ ਸੁਰੱਖਿਆ ਦੇਵੇਗੀ।
ਇਹ ਪੂਰੀ ਤਰ੍ਹਾਂ ਫੌਜੀ ਬੇਸ ਹੀ ਹੁੰਦਾ ਹੈ ਪਰ ਇਸ ਨੂੰ ਘੱਟ ਮਹੱਤਵ ਵਾਲਾ ਆਊਟ-ਪੋਸਟ ਨਾਂ ਦਿੱਤਾ ਗਿਆ ਹੈ ਜਿਸ ਨਾਲ ਦੇਸੀ ਅਤੇ ਕੌਮਾਂਤਰੀ ਪੱਧਰ ’ਤੇ ਕੋਈ ਹੰਗਾਮਾ ਨਾ ਖੜ੍ਹਾ ਹੋਵੇ। ਇਸ ਨਾਲ ਦੁਨੀਆ ’ਚ ਚੀਨ ਦੀ ਬਦਨਾਮੀ ਵੀ ਨਹੀਂ ਹੋਵੇਗੀ। ਹਾਲਾਂਕਿ ਇਸ ਆਊਟ-ਪੋਸਟ ਤੋਂ ਚੀਨ ਭਾਰਤ ਦੇ ਅੰਦਰ ਜਾਸੂਸੀ ਵੀ ਕਰਵਾਵੇਗਾ ਅਤੇ ਮੱਧ ਏਸ਼ੀਆ ਜਿਸ ’ਚ ਈਰਾਨ, ਅਫਗਾਨਿਸਤਾਨ, ਇਰਾਕ, ਸੀਰੀਆ ਸਮੇਤ ਕਈ ਦੇਸ਼ਾਂ ’ਚ ਆਪਣਾ ਪ੍ਰਭਾਵ ਜਮਾਉਣ ਦੀ ਕੋਸ਼ਿਸ਼ ਵੀ ਕਰੇਗਾ। ਪਰ ਜੇਕਰ ਚੀਨ ਦੀ ਇਸ ਹਰਕਤ ਨਾਲ ਪਾਕਿਸਤਾਨੀਆਂ ’ਚ ਇਹ ਸੰਦੇਸ਼ ਗਿਆ ਕਿ ਚੀਨ ਉਨ੍ਹਾਂ ਦੇ ਦੇਸ਼ ’ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਹੈ ਤਾਂ ਚੀਨ ਦਾ ਇਹ ਪੈਂਤਰਾ ਉਸ ’ਤੇ ਪੁੱਠਾ ਵੀ ਪੈ ਸਕਦਾ ਹੈ। ਉਸਦੀ ਆਊਟ-ਪੋਸਟ ’ਤੇ ਸਿੱਧੇ ਹਮਲੇ ਵੀ ਸ਼ੁਰੂ ਹੋ ਸਕਦੇ ਹਨ ਅਤੇ ਜੋ ਚੀਨੀ ਆਪਣੇ ਕੰਮ ’ਤੇ ਸੁਰੱਖਿਆ ਘੇਰੇ ’ਚ ਜਾਣਗੇ ਉਨ੍ਹਾਂ ’ਤੇ ਵੀ ਘਾਤ ਲਾ ਕੇ ਹਮਲਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਚੀਨ ਪਾਕਿਸਤਾਨ ’ਚ ਠੀਕ ਉਸੇ ਤਰਜ਼ ’ਤੇ ਫਸ ਸਕਦਾ ਹੈ ਜਿਸ ਤਰਜ਼ ’ਤੇ ਅਫਗਾਨਿਸਤਾਨ ’ਚ ਰੂਸ ਫਸਿਆ ਸੀ। ਆਮ ਪਾਕਿਸਤਾਨੀ ਚੀਨੀਆਂ ’ਤੇ ਹਮਲਾ ਨਾ ਵੀ ਕਰੇ ਤਾਂ ਵੀ ਚੀਨੀਆਂ ’ਤੇ ਬਲੋਚ ਅਤੇ ਟੀ. ਟੀ. ਪੀ. ਸੰਗਠਨ ਤਾਂ ਜ਼ਰੂਰ ਹਮਲਾ ਕਰੇਗਾ ਕਿਉਂਕਿ ਉਹ ਪਾਕਿਸਤਾਨੀ ਫੌਜੀਆਂ ਨੂੰ ਵੀ ਨਹੀਂ ਛੱਡਦੇ ਤਾਂ ਚੀਨੀਆਂ ਲਈ ਤਾਂ ਵਿਦੇਸ਼ੀ ਧਰਤੀ ’ਤੇ ਅਣਜਾਣ ਲੋਕਾਂ ਦਾ ਹਮਲਾ ਹੋਰ ਵੀ ਖਤਰਨਾਕ ਹੋਵੇਗਾ। ਅਜਿਹੇ ’ਚ ਚੀਨ ਲਈ ਇਹ ਮੁਹਿੰਮ ਆਰਥਿਕ ਮੋਰਚੇ ’ਤੇ ਤਾਂ ਅਸਫਲ ਰਹਿਣ ਵਾਲੀ ਹੈ। ਨਾਲ ਹੀ ਚੀਨੀ ਫੌਜ ਨੂੰ ਜੋ ਨੁਕਸਾਨ ਹੋਵੇਗਾ ਉਹ ਵੱਖਰੀ ਗੱਲ। ਇਸ ਨਾਲ ਚੀਨ ’ਤੇ ਦੁਨੀਆ ਦੇ ਦੇਸ਼ਾਂ ਦਾ ਭਰੋਸਾ ਵੀ ਖਤਮ ਹੋਵੇਗਾ।