ਬੀਜਿੰਗ ''ਚ ਸਾਰੇ ਹਲਾਲ ਰੈਸਟੋਰੈਂਟਾਂ ''ਚ ਮੁਸਲਿਮ ਚਿੰਨ੍ਹ ਲਗਾਉਣ ''ਤੇ ਪਾਬੰਦੀ

08/01/2019 1:00:33 PM

ਬੀਜਿੰਗ (ਬਿਊਰੋ)— ਚੀਨ ਦੀ ਰਾਜਧਾਨੀ ਬੀਜਿੰਗ ਵਿਚ ਇਸਲਾਮ ਨਾਲ ਸਬੰਧਤ ਚਿੰਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਪ੍ਰਸ਼ਾਸਨ ਸਾਰੇ ਹਲਾਲ ਰੈਸਟੋਰੈਂਟਾਂ ਤੋਂ ਲੈ ਕੇ ਫੂਡ ਸਟਾਲ ਤੱਕ, ਹਰੇਕ ਜਗ੍ਹਾ ਤੋਂ ਅਰਬੀ ਭਾਸ਼ਾ ਵਿਚ ਲਿਖੇ ਸ਼ਬਦਾਂ ਅਤੇ ਇਸਲਾਮ ਭਾਈਚਾਰੇ ਦੇ ਚਿੰਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਰਿਹਾ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਅਧਿਕਾਰੀਆਂ ਨੇ ਬੀਜਿੰਗ ਦੇ ਰੈਸਟੋਰੈਂਟ ਅਤੇ ਦੁਕਾਨਾਂ ਦੇ ਕਰਮਚਾਰੀਆਂ ਨੂੰ ਇਸਲਾਮ ਨਾਲ ਸਬੰਧਤ ਸਾਰੀਆਂ ਤਸਵੀਰਾਂ ਜਿਵੇਂ ਚੰਨ, ਅਰਬੀ ਭਾਸ਼ਾ ਵਿਚ ਲਿਖਿਆ ਹਲਾਲ ਸ਼ਬਦ ਬੋਰਡ ਤੋਂ ਹਟਾਉਣ ਦਾ ਆਦੇਸ਼ ਦਿੱਤਾ ਹੈ।

2016 ਤੋਂ ਹੀ ਚੀਨ ਵਿਚ ਅਰਬੀ ਭਾਸ਼ਾ ਅਤੇ ਇਸਲਾਮਿਕ ਤਸਵੀਰਾਂ ਦੀ ਵਰਤੋਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਚੀਨ ਚਾਹੁੰਦਾ ਹੈ ਕਿ ਉਸ ਦੇ ਰਾਜ ਵਿਚ ਸਾਰੇ ਧਰਮ ਚੀਨ ਦੀ ਮੁੱਖ ਧਾਰਾ ਦੇ ਸੱਭਿਆਚਾਰ ਮੁਤਾਬਕ ਹੋਣ। ਮੁਹਿੰਮ ਦੇ ਤਹਿਤ ਮੱਧ-ਪੂਰਬੀ ਸ਼ੈਲੀ ਵਿਚ ਬਣੀਆਂ ਮਸਜਿਦ ਗੁੰਬਦਾਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਚੀਨੀ ਸ਼ੈਲੀ ਦੇ ਪਗੌਡਾ ਵਿਚ ਤਬਦੀਲ ਕੀਤਾ ਜਾ ਰਿਹਾ ਹੈ। 

PunjabKesari

ਚੀਨ ਵਿਚ 2 ਕਰੋੜ ਮੁਸਲਿਮ ਆਬਾਦੀ ਹੈ। ਅਧਿਕਾਰਕ ਤੌਰ 'ਤੇ ਚੀਨ ਵਿਚ ਸਾਰਿਆਂ ਨੂੰ ਧਾਰਮਿਕ ਆਜ਼ਾਦੀ ਹੈ ਪਰ ਅਸਲੀਅਤ ਵਿਚ ਸਰਕਾਰ ਕਮਿਊਨਿਸਟ ਪਾਰਟੀ ਦੀ ਵਿਚਾਰਧਾਰਾ ਦੇ ਪ੍ਰਤੀ ਵਫਾਦਾਰ ਰਹਿਣ ਲਈ ਹਰੇਕ ਨਾਗਰਿਕ ਨੂੰ ਮਜਬੂਰ ਕਰ ਰਹੀ ਹੈ। ਚੀਨ ਸਰਕਾਰ ਤਰਕ ਦਿੰਦੀ ਰਹੀ ਹੈ ਕਿ ਸ਼ਿਨਜਿਆਂਗ ਸੂਬੇ ਵਿਚ ਉਸ ਦੀ ਕਾਰਵਾਈ ਧਾਰਮਿਕ ਅੱਤਵਾਦ ਨੂੰ ਰੋਕਣ ਲਈ ਜ਼ਰੂਰੀ ਹੈ। ਅਧਿਕਾਰੀਆਂ ਨੇ ਇਸਲਾਮੀਕਰਨ ਦੇ ਪ੍ਰਸਾਰ ਵਿਰੁੱਧ ਚਿਤਾਵਨੀ ਜਾਰੀ ਕੀਤੀ ਹੈ ਅਤੇ ਮੁਸਲਿਮ ਘੱਟ ਗਿਣਤੀਆਂ 'ਤੇ ਕੰਟਰੋਲ ਮਜ਼ਬੂਤ ਕਰ ਦਿੱਤਾ ਹੈ। ਇੱਥੇ ਦੱਸ ਦਈਏ ਕਿ ਚੀਨ ਦੀ ਨਜ਼ਰ ਸਿਰਫ ਮੁਸਲਿਮਾਂ 'ਤੇ ਹੀ ਨਹੀਂ ਹੈ। ਸਗੋਂ ਪ੍ਰਸ਼ਾਸਨ ਨੇ ਕਈ ਅੰਡਰਗ੍ਰਾਊਂਡ ਚਰਚ ਵੀ ਬੰਦ ਕਰਵਾਏ ਹਨ। ਕਈ ਚਰਚਾਂ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਕੇ ਹਟਾ ਦਿੱਤਾ ਗਿਆ ਹੈ।


Vandana

Content Editor

Related News