ਚੀਨ ਵੱਲੋਂ ਭਾਰਤੀ ਵਿਦਿਆਰਥੀਆਂ ਦੇ ਲਈ ਜਾਰੀ ਕੀਤੇ ਗਏ ਇਹ ਨਿਰਦੇਸ਼
Tuesday, Sep 08, 2020 - 06:35 PM (IST)
ਬੀਜਿੰਗ (ਭਾਸ਼ਾ): ਚੀਨ ਨੇ ਕੋਵਿਡ-19 ਮਹਾਮਾਰੀ ਦੇ ਕਾਰਨ ਆਪਣੇ ਘਰਾਂ ਵਿਚ ਫਸੇ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਉਹਨਾਂ ਦੇ ਸਬੰਧਤ ਕਾਲਜਾਂ ਦੇ ਨਾਲ ਸੰਪਰਕ ਵਿਚ ਰਹਿਣ ਅਤੇ ਆਨਲਾਈਨ ਪਾਠਕ੍ਰਮਾਂ ਦੇ ਜ਼ਰੀਏ ਆਪਣੀ ਅਕਾਦਮਿਕ ਤਰੱਕੀ ਦੀ ਸੁਰੱਖਿਆ ਦੇ ਲਈ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ ਹੈ। ਕਿਉਂਕਿ ਹਾਲੇ ਵੀ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਪਿਛਲੇ ਸਾਲ ਦੇ ਡਾਟਾ ਦੇ ਮੁਤਾਬਕ ਕਰੀਬ 23,000 ਭਾਰਤੀ ਵਿਦਿਆਰਥੀ ਚੀਨ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਵੱਖ-ਵੱਖ ਪਾਠਕ੍ਰਮਾਂ ਵਿਚ ਪੜ੍ਹਦੇ ਹਨ, ਜਿਹਨਾਂ ਵਿਚੋਂ 21,000 ਤੋਂ ਵਧੇਰੇ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰ ਰਹੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਜਨਵਰੀ ਵਿਚ ਚੀਨੀ ਨਵੇਂ ਸਾਲ ਦੀਆਂ ਛੁੱਟੀਆਂ ਦੇ ਦੌਰਾਨ ਭਾਰਤ ਚਲੇ ਗਏ ਸਨ ਅਤੇ ਉਸੇ ਸਮੇਂ ਚੀਨ ਵਿਚ ਮਹਾਮਾਰੀ ਫੈਲਣੀ ਸ਼ੁਰੂ ਹੋਈ ਸੀ, ਜਿਸ ਦੇ ਬਾਅਦ ਅੰਤਰਰਾਸ਼ਟਰੀ ਯਾਤਰਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸਨ।
ਚੀਨੀ ਸਿੱਖਿਆ ਮੰਤਰਾਲੇ ਨੇ ਇੱਥੇ ਭਾਰਤੀ ਦੂਤਾਵਾਸ ਨੂੰ ਸੂਚਿਤ ਕੀਤਾ,''ਵਰਤਮਾਨ ਵਿਚ, ਚੀਨ ਵਿਚ ਵਿਦੇਸ਼ੀ ਵਿਦਿਆਰਥੀ ਇਸ ਸਮੇਂ ਦੇਸ਼ ਵਿਚ ਦਾਖਲ ਨਹੀਂ ਹੋ ਸਕਦੇ ਪਰ ਚੀਨ ਸਰਕਾਰ ਇਹਨਾਂ ਵਿਦੇਸ਼ੀ ਵਿਦਿਆਰਥੀਆਂ ਦੇ ਹਿੱਤਾਂ ਅਤੇ ਕਾਨੂੰਨੀ ਅਧਿਕਾਰਾਂ ਦੀ ਸੁਰੱਖਿਆ ਨੂੰ ਬਹੁਤ ਮਹੱਤਵ ਦਿੰਦੀ ਹੈ।'' ਇਸ ਤੋਂ ਪਹਿਲਾਂ ਭਾਰਤੀ ਦੂਤਾਵਾਸ ਨੇ ਇਸ ਅਧਿਕਾਰਤ ਘੋਸ਼ਣਾ ਦੇ ਬਾਅਦ ਭਾਰਤੀ ਵਿਦਿਆਰਥੀਆਂ ਦੀ ਚਿੰਤਾ ਨੂੰ ਚੀਨੀ ਅਧਿਕਾਰੀਆਂ ਦੇ ਸਾਹਮਣੇ ਉਠਾਇਆ ਸੀ ਕਿ ਵਿਦੇਸ਼ੀ ਵਿਦਿਆਰਥੀ ਅਤੇ ਟੀਚਰ ਅਗਲੇ ਨੋਟਿਸ ਤੱਕ ਆਪਣੇ ਕਾਲਜਾਂ ਵਿਚ ਨਹੀਂ ਪਰਤਨਗੇ।
ਚੀਨੀ ਸਿੱਖਿਆ ਮੰਤਰਾਲੇ ਨੇ ਆਪਣੀ ਪ੍ਰਤੀਕਿਰਿਆ ਵਿਚ ਕਿਹਾ,''ਚੀਨ ਵਿਚ ਸਬੰਧਤ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੇ ਨਾਲ ਸੰਪਰਕ ਬਣਾਈ ਰੱਖਣ ਦੀ ਲੋੜ ਹੋਵੇਗੀ, ਸਬੰਧਤ ਸੂਚਨਾ ਨੂੰ ਤੁਰੰਤ ਸੂਚਿਤ ਕਰਨਾ ਹੋਵੇਗਾ ਅਤੇ ਆਨਲਾਈਨ ਪਾਠਕ੍ਰਮਾਂ ਦੇ ਮਾਧਿਅਮ ਨਾਲ ਵਿਦਿਆਰਥੀਆਂ ਨੂੰ ਅਕਾਦਮਿਕ ਤਰੱਕੀ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਨੀ ਹੋਵੇਗੀ। ਵਿਦਿਆਰਥੀਆਂ ਦੀ ਤਰਕਸ਼ੀਲ ਮੰਗ 'ਤੇ ਉਚਿਤ ਢੰਗ ਨਾਲ ਪ੍ਰਤੀਕਿਰਿਆ ਦੇਣਾ ਅਤੇ ਉਹਨਾਂ ਦੀਆਂ ਵਿਹਾਰਿਕ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਮਦਦ ਕਰਨੀ ਹੋਵੇਗੀ।''
ਭਾਰਤੀ ਦੂਤਾਵਾਸ ਵੱਲੋਂ ਸੋਮਵਾਰ ਨੂੰ ਜਾਰੀ ਪ੍ਰੈੱਸ ਬਿਆਨ ਦੇ ਮੁਤਾਬਕ ਇਸ ਨੇ ਕਿਹਾ,''ਇਸ ਤੱਥ ਦੇ ਮੱਦੇਨਜ਼ਰ ਕਿ ਵਿਸ਼ਵ ਵਿਚ ਮਹਾਮਾਰੀ ਦੀ ਸਥਿਤੀ ਦੇ ਹਾਲੇ ਵੀ ਅਸਪਸ਼ੱਟ ਰਹਿਣ ਅਤੇ ਚੀਨ ਵਿਚ ਦਾਖਲ ਹੋਣ ਤੇ ਬਾਹਰ ਜਾਣ ਸਬੰਧਤ ਨੀਤੀਆਂ ਦੇ ਹੌਲੀ-ਹੌਲੀ ਅਨੁਕੂਲ ਹੋਣ ਤੱਕ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਭਾਰਤੀ ਵਿਦਿਆਰਥੀ ਸਬੰਧਤ ਚੀਨੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨਾਲ ਕਰੀਬ ਨਾਲ ਸੰਪਰਕ ਵਿਚ ਰਹਿਣ ਅਤੇ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਸੁਝਾਵਾਂ ਅਤੇ ਮਾਰਗਦਰਸ਼ਨ ਦੇ ਮੁਤਾਬਕ, ਚੀਨ ਵਿਚ ਅਧਿਐਨ ਦਾ ਪ੍ਰਬੰਧ ਕਰਨ।'' ਭਾਰਤੀ ਦੂਤਾਵਾਸ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਨੂੰ ਇਸ ਮੁਤਾਬਕ ਸਬੰਧਤ ਯੂਨੀਵਰਸਿਟੀਆਂ ਜਾਂ ਕਾਲਜਾਂ ਦੇ ਨਾਲ ਸੰਪਰਕ ਵਿਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ ਚੀਨ ਪਰਤਨ ਦੇ ਬਾਰੇ ਵਿਚ ਉੱਭਰਦੀ ਸਥਿਤੀ ਤੋਂ ਜਾਣੂ ਰਹਿਣ ਲਈ ਉਹਨਾਂ ਨੂੰ ਚੀਨ ਵਿਚ ਭਾਰਤੀ ਦੂਤਾਵਾਸ ਜਾਂ ਵਣਜ ਦੂਤਾਵਾਸ ਦੀ ਵੈਬਸਾਈਟ ਅਤੇ ਉਹਨਾਂ ਦੇ ਸੋਸ਼ਲ ਮੀਡੀਆ ਚੈਨਲਾਂ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।