ਚੀਨ ਨੇ ਪਹਿਲੀ ਵਾਰ ਕਬੂਲਿਆ, ਗਲਵਾਨ ਘਾਟੀ ਦੀ ਝੜਪ ''ਚ ਮਾਰੇ ਗਏ 5 ਸੈਨਿਕ

Friday, Feb 19, 2021 - 06:03 PM (IST)

ਚੀਨ ਨੇ ਪਹਿਲੀ ਵਾਰ ਕਬੂਲਿਆ, ਗਲਵਾਨ ਘਾਟੀ ਦੀ ਝੜਪ ''ਚ ਮਾਰੇ ਗਏ 5 ਸੈਨਿਕ

ਬੀਜਿੰਗ (ਭਾਸ਼ਾ): ਲਾਈਨ ਆਫ ਵਾਸਤਵਿਕ ਕੰਟਰੋਲ (ਐੱਲ.ਏ.ਸੀ.) 'ਤੇ ਭਾਰਤ ਅਤੇ ਚੀਨ ਦੇ ਰਿਸ਼ਤਿਆਂ ਵਿਚ ਪੈਦਾ ਹੋਇਆ ਤਣਾਅ ਹੌਲੀ-ਹੌਲੀ ਘੱਟ ਰਿਹਾ ਹੈ। ਘੱਟ ਹੁੰਦੇ ਤਣਾਅ ਵਿਚ ਚੀਨ ਨੇ ਪਹਿਲੀ ਵਾਰ ਮੰਨਿਆ ਹੈ ਕਿ ਗਲਵਾਨ ਘਾਟੀ ਦੀ ਝੜਪ ਵਿਚ ਉਸ ਦੇ ਵੀ ਸੈਨਿਕ ਮਾਰੇ ਗਏ ਸਨ। ਚੀਨ ਨੇ ਪਿਛਲੇ ਸਾਲ ਜੂਨ ਵਿਚ ਹੋਈ ਹਿੰਸਕ ਝੜਪ ਦੌਰਾਨ ਮਾਰੇ ਗਏ 5 ਚੀਨੀ ਸੈਨਿਕਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਹਿੰਸਕ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ।

ਚੀਨ ਦੀ ਸੈਨਾ ਦੇ ਅਧਿਕਾਰਤ ਗਲੋਬਲ ਅਖ਼ਬਾਰ 'ਪੀ.ਐੱਲ.ਏ. ਡੇਲੀ' ਦੀ ਸ਼ੁੱਕਰਵਾਰ ਦੀ ਖ਼ਬਰ ਮੁਤਾਬਕ ਸੈਂਟਰਲ ਮਿਲਟਰੀ ਕਮਿਸ਼ਨ ਆਫ ਚਾਈਨਾ (ਸੀ.ਐੱਮ.ਸੀ.) ਨੇ ਉਹਨਾਂ ਪੰਜ ਮਿਲਟਰੀ ਅਧਿਕਾਰੀਆਂ ਅਤੇ ਜਵਾਨਾਂ ਨੂੰ ਯਾਦ ਕੀਤਾ ਜੋ ਕਾਰਾਕੋਰਮ ਪਹਾੜੀਆਂ 'ਤੇ ਤਾਇਨਾਤ ਸਨ ਅਤੇ ਜੂਨ 2020 ਵਿਚ ਗਲਵਾਨ ਘਾਟੀ ਵਿਚ ਭਾਰਤ ਨਾਲ ਸਰਹੱਦੀ ਸੰਘਰਸ਼ ਵਿਚ ਮਾਰੇ ਗਏ ਸਨ।ਗਲੋਬਲ ਟਾਈਮਜ਼ ਮੁਤਾਬਕ ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ ਨੇ ਕਾਰਾਕੋਰਮ ਪਰਬਤ 'ਤੇ ਤਾਇਨਾਤ ਰਹੇ 5 ਚੀਨੀ ਸੈਨਿਕਾਂ ਦੇ ਬਲੀਦਾਨ ਨੂੰ ਯਾਦ ਕੀਤਾ ਹੈ। ਇਹ ਸੈਨਿਕ ਪੀ.ਐੱਲ.ਏ. ਸ਼ਿਨਜਿਯਾਂਗ ਮਿਲਟਰੀ ਕਮਾਂਡ ਦੇ ਰੈਜੀਮੈਂਟਲ ਕਮਾਂਡਰ ਕਿਊਈ ਫਬਾਓ, ਚੇਨ ਹੇਂਗੁਨ, ਜਿਯਾਨਗੌਂਗ, ਜਿਓ ਸਿਯੁਆਨ ਅਤੇ ਵਾਂਗ ਜ਼ੁਅੋਰਨ ਹਨ। 

ਇਹਨਾਂ ਵਿਚੋਂ ਚਾਰ ਦੀ ਮੌਤ ਗਲਵਾਨ ਘਾਟੀ ਦੀ ਹਿੰਸਕ ਝੜਪ ਵਿਚ ਹੋਈ ਸੀ, ਜਦਕਿ ਇਕ ਦੀ ਮੌਤ ਬਚਾਅ ਮੁਹਿੰਮ ਦੌਰਾਨ ਨਦੀ ਵਿਚ ਰੁੜ੍ਹ ਜਾਣ ਕਾਰਨ ਹੋਈ ਸੀ।ਪੀ.ਐੱਲ.ਏ. ਨੇ ਇਹ ਗੱਲ ਉਦੋਂ ਮੰਨੀ ਹੈ ਜਦੋਂ ਪੇਗੋਂਗ ਝੀਲ ਦੇ ਉੱਤਰ ਅਤੇ ਦੱਖਣੀ ਤੱਟ ਤੋਂ ਦੋਵੇਂ ਦੇਸ਼ ਆਪਣੇ ਜਵਾਨਾਂ ਨੂੰ ਹਟਾ ਰਹੇ ਹਨ। ਭਾਵੇਂਕਿ ਚੀਨ ਨੇ ਗਲਵਾਨ ਘਾਟੀ ਵਿਚ ਮਾਰੇ ਗਏ ਪੀ.ਐੱਲ.ਏ. ਸੈਨਿਕਾਂ ਦਾ ਅੰਕੜਾ ਕਾਫੀ ਘੱਟ ਦੱਸਿਆ ਹੈ। ਬੀਤੇ ਦਿਨੀ ਨੌਰਦਨ ਕਮਾਂਡ ਦੇ ਚੀਫ ਲੈਫਟੀਨੈਂਟ ਜਨਰਲ ਵਾਈ.ਕੇ. ਜੋਸ਼ੀ ਨੇ ਦੱਸਿਆ ਸੀ ਕਿ ਗਲਵਾਨ ਘਾਟੀ ਦੀ ਝੜਪ ਦੇ ਬਾਅਦ 50 ਚੀਨੀ ਸੈਨਿਕਾਂ ਨੂੰ ਗੱਡੀਆਂ ਜ਼ਰੀਏ ਲਿਜਾਇਆ ਗਿਆ ਸੀ। ਇਸ ਝੜਪ ਵਿਚ ਚੀਨੀ ਸੈਨਾ ਦੇ ਕਾਫੀ ਜਵਾਨ ਮਾਰੇ ਗਏ ਸਨ।

ਨੋਟ- ਚੀਨ ਨੇ ਗਲਵਾਨ ਝੜਪ ਵਿਚ ਆਪਣੇ ਸੈਨਿਕ ਮਾਰੇ ਜਾਣ ਦੀ ਗੱਲ ਕਬੂਲੀ, ਕੁਮੈਂਟ ਕਰ ਦਿਓ ਰਾਏ।


author

Vandana

Content Editor

Related News