ਚੀਨ ਦਾ ਕਮਾਲ, ਦੋ ਟਾਪੂਆਂ ''ਤੇ ਮੱਛਰਾਂ ਤੋਂ ਹੀ ਕਰਾਇਆ ਮੱਛਰਾਂ ਦਾ ਸਫਾਇਆ

Friday, Jul 19, 2019 - 03:51 PM (IST)

ਚੀਨ ਦਾ ਕਮਾਲ, ਦੋ ਟਾਪੂਆਂ ''ਤੇ ਮੱਛਰਾਂ ਤੋਂ ਹੀ ਕਰਾਇਆ ਮੱਛਰਾਂ ਦਾ ਸਫਾਇਆ

ਵਾਸ਼ਿੰਗਟਨ (ਬਿਊਰੋ)— ਚੀਨ ਨੇ ਇਕ ਅਨੋਖਾ ਤਰੀਕਾ ਵਰਤਦਿਆਂ ਆਪਣੇ ਦੋ ਟਾਪੂਆਂ ਤੋਂ ਮੱਛਰਾਂ ਦਾ ਪੂਰੀ ਤਰ੍ਹਾਂ ਖਾਤਮਾ ਕਰ ਦਿੱਤਾ ਹੈ। ਇਕ ਪਤੱਰਿਕਾ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਚੀਨ ਦੇ ਵਿਗਿਆਨੀਆਂ ਨੇ ਇਸ ਕੰਮ ਲਈ ਇਨਕੰਪੈਟਿਬਲ ਅਤੇ ਸਟਰਾਇਲ ਇੰਸੈਕਟ ਤਕਨੀਕ (IIT/SIT) ਨੂੰ ਮਿਲਾ ਕੇ ਪ੍ਰਯੋਗ ਕੀਤਾ। ਇਨ੍ਹਾਂ ਦੀ ਮਦਦ ਨਾਲ ਗੁਆਂਗਝਾਓ ਵਿਚ ਪਰਲ ਨਦੀ ਦੇ ਕਿਨਾਰੇ ਸਥਿਤ ਦੋ ਟਾਪੂਆਂ ਤੋਂ ਏਸ਼ੀਅਨ ਟਾਈਗਰ ਕਹੇ ਜਾਣ ਵਾਲੀ ਮੱਛਰਾਂ ਦੀ ਪ੍ਰਜਾਤੀ ਦਾ ਪੂਰੀ ਤਰ੍ਹਾਂ ਖਾਤਮਾ ਕਰ ਦਿੱਤਾ ਗਿਆ। 

ਇਸ ਕੰਮ ਵਿਚ ਵਿਗਿਆਨੀਆਂ ਨੂੰ ਦੋ ਸਾਲ ਦਾ ਸਮਾਂ ਲੱਗਾ। ਅਧਿਐਨ ਦੌਰਾਨ ਵੱਡੇ ਪੱਧਰ 'ਤੇ ਵੋਲਬਾਚੀਆ ਬੈਕਟੀਰੀਆ ਨਾਲ ਇਨਫੈਕਟਿਡ ਲੱਗਭਗ 20 ਕਰੋੜ ਬਾਲਗ ਮੱਛਰਾਂ ਨੂੰ ਛੱਡਿਆ ਗਿਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਐੱਸ.ਆਈ.ਟੀ. ਅਜਿਹੀ ਤਕਨੀਕ ਹੈ ਜਿਸ ਵਿਚ ਰੇਡੀਏਸ਼ਨ ਦੀ ਮਦਦ ਨਾਲ ਨਰ ਮੱਛਰਾਂ ਨੂੰ ਨਪੁੰਸਕ ਬਣਾ ਦਿੱਤਾ ਜਾਂਦਾ ਹੈ। ਅਜਿਹਾ ਹੋਣ ਦੇ ਬਾਅਦ ਕੁਝ ਸਮੇਂ ਵਿਚ ਮੱਛਰ ਹੌਲੀ-ਹੌਲੀ ਪੂਰੀ ਤਰ੍ਹਾਂ ਖਤਮ ਹੋ ਜਾਂਦੇ ਹਨ। 

ਰਿਪੋਰਟ ਵਿਚ ਅੱਗੇ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਵਿਚ ਚੀਨ ਇਕ ਵੱਡੇ ਸ਼ਹਿਰੀ ਇਲਾਕੇ ਵਿਚ ਇਸ ਤਰੀਕੇ ਨੂੰ ਅਜਮਾਉਣ ਦੀ ਤਿਆਰੀ ਵਿਚ ਹੈ। ਦੁਨੀਆ ਭਰ ਵਿਚ ਜਿਸ ਤਰ੍ਹਾਂ ਮੱਛਰਾਂ ਕਾਰਨ ਜ਼ੀਕਾ, ਮਲੇਰੀਆ, ਡੇਂਗੂ ਅਤੇ ਹੋਰ ਕਈ ਗੰਭੀਰ ਤੇ ਜਾਨਲੇਵਾ ਬੀਮਾਰੀਆਂ ਫੈਲ ਰਹੀਆਂ ਹਨ ਉਸ ਨੂੰ ਦੇਖਦਿਆਂ ਇਸ ਤਕਨੀਕ ਦੀ ਵਰਤੋਂ ਹੋਰ ਵੀ ਮਹੱਤਵਪੂਰਣ ਹੈ। ਇਹ ਵਿਭਿੰਨ ਰਸਾਇਣਾਂ ਅਤੇ ਰਵਾਇਤੀ ਤਰੀਕੇ ਦੇ ਪ੍ਰਤੀ ਰੋਧਕ ਬਣ ਚੁੱਕੇ ਮੱਛਰਾਂ ਦੇ ਮਾਮਲੇ ਵਿਚ ਵੀ ਕਾਰਗਰ ਹੋ ਸਕਦੀ ਹੈ। ਖੇਤੀਬਾੜੀ ਖੇਤਰ ਵਿਚ ਕੁਝ ਕੀੜਿਆਂ ਨੂੰ ਨਸ਼ਟ ਕਰਨ ਲਈ ਐੱਸ.ਆਈ.ਟੀ. ਦੀ ਵਰਤੋਂ 60 ਸਾਲ ਦੇ ਜ਼ਿਆਦਾ ਸਮੇਂ ਤੋਂ ਹੋ ਰਹੀ ਹੈ ਪਰ ਮੱਛਰਾਂ ਨੂੰ ਲੈ ਕੇ ਇਸ ਦਾ ਪ੍ਰਯੋਗ ਕਰਨ ਦੀ ਕੋਸ਼ਿਸ਼ ਹਾਲ ਹੀ ਵਿਚ ਹੋਇਆ ਹੈ।


author

Vandana

Content Editor

Related News