ਚੀਨ ''ਚ ਕੁੱਤੇ ਦਾ ਮਾਂਸ ਖਾਣ ''ਤੇ ਲੱਗੀ ਪਾਬੰਦੀ, 1 ਕਰੋੜ ਕੁੱਤਿਆਂ ਦੀ ਬਚੇਗੀ ਜਾਨ

Friday, Apr 10, 2020 - 05:42 PM (IST)

ਚੀਨ ''ਚ ਕੁੱਤੇ ਦਾ ਮਾਂਸ ਖਾਣ ''ਤੇ ਲੱਗੀ ਪਾਬੰਦੀ, 1 ਕਰੋੜ ਕੁੱਤਿਆਂ ਦੀ ਬਚੇਗੀ ਜਾਨ

ਬੀਜਿੰਗ (ਬਿਊਰੋ): ਦੁਨੀਆ ਭਰ ਦੇ ਦੇਸ਼ ਖਤਰਨਾਕ ਕੋਵਿਡ-19 ਨਾਲ ਜੂਝ ਰਹੇ ਹਨ।ਹੁਣ ਤੱਕ ਇਸ ਵਾਇਰਸ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਨਹੀਂ ਮਿਲ ਪਾਈ ਹੈ। ਇਸ ਦੌਰਾਨ ਇਸ ਵਾਇਰਸ ਦਾ ਕੇਂਦਰ ਰਹੇ ਚੀਨ ਨੇ ਕੁੱਤੇ ਦੇ ਮਾਂਸ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਅਸਲ ਵਿਚ ਕੋਰੋਨਾਵਾਇਰਸ ਦੇ ਕਹਿਰ ਦੇ ਵਿਚ ਚੀਨ ਨੇ ਕੁੱਤੇ ਨੂੰ ਪਾਲਤੂ ਪਸ਼ੂ ਦੀ ਸ਼੍ਰੇਣੀ ਵਿਚ ਪਾ ਦਿੱਤਾ ਹੈ ਜਿਸ ਨਾਲ ਉਹਨਾਂ ਦਾ ਮਾਂਸਖਾਣ ਦੀ ਪਰੰਪਰਾ 'ਤੇ ਰੋਕ ਲੱਗ ਜਾਵੇਗੀ। ਚੀਨ ਵਿਚ ਹਰੇਕ ਸਾਲ 1 ਕਰੋੜ ਕੁੱਤਿਆਂ ਨੂੰ ਮਾਰ ਕੇ ਉਹਨਾਂ ਦਾ ਮਾਂਸ ਭੋਜਨ ਦੇ ਤੌਰ 'ਤੇ ਖਾਧਾ ਜਾਂਦਾ ਹੈ। ਕੋਰੋਨਾਵਾਇਰਸ ਨੂੰ ਲੈ ਕੇ ਚੱਲ ਰਹੀਆਂ ਕਈ ਤਰ੍ਹਾਂ ਦੀਆਂ ਚਰਚਾਵਾਂ ਦੇ ਵਿਚ ਚੀਨ ਦੇ ਖੇਤੀਬਾੜੀ ਮੰਤਰਾਲੇ ਨੇ ਇਹ ਕਦਮ ਚੁੱਕਿਆ ਹੈ। 

ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਿਰਫ ਅਧਿਕਾਰਤ ਕਾਰਨਾਂ ਕਾਰਨ ਹੀ ਕੁੱਤਿਆਂ ਨੂੰ ਪਾਲਣ ਦੀ ਇਜਾਜ਼ਤ ਹੋਵੇਗੀ ਅਤੇ ਉਸ ਦਾ ਵਪਾਰ ਹੋ ਸਕੇਗਾ। ਗੌਰਤਲਬ ਹੈ ਕਿ ਚੀਨ ਦੇ ਸੂਬੇ ਵੁਹਾਨ ਵਿਚ ਪਸ਼ੂਆਂ ਦੇ ਮਾਂਸ ਦੀ ਖੁੱਲ੍ਹੇ ਬਾਜ਼ਾਰ ਵਿਚ ਵਿਕਰੀ ਹੁੰਦੀ ਸੀ ਅਤੇ ਅਜਿਹੀਆਂ ਚਰਚਾਵਾਂ ਹਨ ਕਿ ਇਹੀ ਕੋਰੋਨਾਵਾਇਰਸ ਦੇ ਪ੍ਰਸਾਰ ਦਾ ਕਾਰਨ ਬਣਿਆ। ਭਾਵੇਂਕਿ ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਕੋਰੋਨਾਵਾਇਰਸ ਕਿਸੇ ਜਾਨਵਰ ਤੋਂ ਫੈਲਿਆ ਹੈ। ਵਿਸ਼ਵ ਸਿਹਤ ਸੰਗਠਨ ਵੀ ਕਹਿ ਚੁੱਕਾ ਹੈ ਕਿ ਘਰਾਂ ਵਿਚ ਰਹਿਣ ਵਾਲੇ ਪਾਲਤੂ ਜਾਨਵਰਾਂ ਤੋਂ ਕੋਵਿਡ-19 ਦੇ ਇਨਫੈਕਸ਼ਨ ਦਾ ਹੁਣ ਤੱਕ ਕੋਈ ਸਬੂਤ ਨਹੀਂ ਹੈ। 

ਇੱਥੇ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਹਨ ਕਿ ਚੀਨ ਵਿਚ ਲੋਕ ਜਾਨਵਰਾਂ ਨੂੰ ਮਾਰ ਕੇ ਖਾਂਦੇ ਹਨ। ਉਸੇ ਨਾਲ ਇਹ ਵਾਇਰਸ ਫੈਲਿਆ ਹੈ ਪਰ ਹੁਣ ਤੱਕ ਇਹਨਾਂ ਇਹਨਾਂ ਅਫਵਾਹਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਕਈ ਸ਼ੋਧਾਂ ਨੇ ਤਾਂ ਇਸ ਨੂੰ ਕੁਦਰਤ ਤੋਂ ਪੈਦਾ ਹੋਇਆ ਵਾਇਰਸ ਦੱਸਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਕਟਰ ਮਰੀਆ ਵੈਨ ਕਾਰਖੋਵ ਦਾ ਕਹਿਣਾ ਹੈ ਕਿ ਇਨਸਾਨਾਂ ਤੋਂ ਪਾਲਤੂ ਜਾਨਵਰਾਂ ਨੂੰ ਕੋਰੋਨਾ ਦੇ ਇਨਫੈਕਸ਼ਨ ਦੇ ਸਬੂਤ ਮਿਲੇ ਹਨ ਪਰ ਉਹਨਾਂ ਤੋਂ ਇਨਫੈਕਸ਼ਨ ਹੋਣ ਦਾ ਕੋਈ ਸਬੂਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪੌਜੀਟਿਵ ਮਰੀਜ਼ਾਂ ਤੋਂ ਉਹਨਾਂ ਦੇ ਘਰ ਦੇ ਪਾਲਤੂ ਪਸ਼ੂਆਂ ਦੇ ਇਨਫੈਕਟਿਡ ਹੋਣ ਦੀ ਸਾਨੂੰ ਜਾਣਕਾਰੀ ਹੈ। ਹਾਂਗਕਾਂਗ ਵਿਚ 2 ਕੁੱਤੇ ਅਤੇ ਬੈਲਜੀਅਮ ਵਿਚ ਇਕ ਬਿੱਲੀ ਕੋਰੋਨਾ ਨਾਲ ਇਨਫੈਕਟਿਡ ਹੋਈ। ਨਿਊਯਾਰਕ ਦੇ ਚਿੜੀਆਘਰ ਵਿਚ ਇਕ ਮਾਦਾ ਟਾਈਗਰ ਪਿਛਲੇ ਦਿਨੀਂ ਇਨਫੈਕਟਿਡ ਹੋਈ ਹੈ।


author

Vandana

Content Editor

Related News