ਚੀਨ ਨਹੀਂ ਚਾਹੁੰਦਾ ਕਿ ਮੈਂ ਆਉਣ ਵਾਲੀਆਂ ਚੋਣਾਂ ਜਿੱਤਾਂ: ਟਰੰਪ
Thursday, Sep 27, 2018 - 01:34 AM (IST)

ਨਿਊਯਾਰਕ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਚੀਨ 'ਤੇ ਆਉਣ ਵਾਲੀਆਂ ਮਿੱਡਟਰਮ ਚੋਣਾਂ 'ਚ ਆਪਣੀ ਪਾਰਟੀ ਰਿਪਬਲਿਕਲ ਦੇ ਖਿਲਾਫ ਕੰਮ ਕਰਨ ਦਾ ਦੋਸ਼ ਲਾਇਆ ਹੈ। ਟਰੇਡ 'ਤੇ ਸਖਤੀ ਨਾਲ ਅੜੇ ਰਹਿਣ ਕਾਰਨ ਚੀਨ ਆਉਣ ਵਾਲੀਆਂ ਚੋਣਾਂ 'ਚ ਉਨ੍ਹਾਂ ਨੂੰ ਹਾਰਦਾ ਹੋਇਆ ਦੇਖਣਾ ਚਾਹੁੰਦਾ ਹੈ। ਯੂਨਾਈਟਡ ਨੇਸ਼ਨਸ ਸਕਿਓਰਿਟੀ ਕੌਂਸਲ ਦੇ ਸੈਸ਼ਨ 'ਚ ਟਰੰਪ ਨੇ ਕਿਹਾ, ''ਅਫਸੋਸਜਨਕ ਹੈ ਕਿ 2018 'ਚ ਹੋਣ ਵਾਲੀਆਂ ਚੋਣਾਂ 'ਚ ਚੀਨ ਦਖਲ ਦੇ ਕੇ ਮੇਰੇ ਪ੍ਰਸ਼ਾਸਨ ਦੇ ਖਿਲਾਫ ਕੰਮ ਕਰ ਰਿਹਾ ਹੈ।''
ਟਰੰਪ ਨੇ ਕਿਹਾ ਕਿ ਚੀਨ ਮੈਨੂੰ ਜਾਂ ਮੇਰੀ ਪਾਰਟੀ ਨੂੰ ਜਿੱਤਦੇ ਹੋਏ ਨਹੀਂ ਦੇਖਣਾ ਚਾਹੁੰਦਾ ਕਿਉਂਕਿ ਚੀਨ ਨੂੰ ਟਰੇਡ 'ਤੇ ਚੁਣੌਤੀ ਦੇਣ ਵਾਲਾ ਮੈਂ ਪਹਿਲਾ ਰਾਸ਼ਟਰਪਤੀ ਹਾਂ। ਚੀਨ ਕਿਸ ਤਰ੍ਹਾਂ ਅਮਰੀਕੀ ਚੋਣਾਂ 'ਚ ਦਖਲ ਕਰ ਰਿਹਾ ਹੈ ਇਸ ਬਾਰੇ ਟਰੰਪ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਟਰੰਪ ਦਾ ਇਹ ਦੋਸ਼ ਅਜਿਹੇ ਵੇਲੇ 'ਚ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਤੇ ਚੀਨ ਟਰੇਡ ਵਾਰ 'ਤੇ ਇਕ-ਦੂਜੇ ਦੇ ਸਾਹਮਣੇ ਹਨ। ਇਸ ਹਫਤੇ ਅਮਰੀਕਾ ਨੇ ਚੀਨ 'ਤੇ ਨਵੇਂ ਟੈਰਿਫ ਲਗਾਏ ਹਨ।
ਚੀਨ ਦੇ ਇਕ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਤੇ ਚੀਨ ਦੇ ਵਿਚਾਲੇ ਵਪਾਰ ਜੰਗ ਖਤਮ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰਨਾ ਮੁਸ਼ਕਲ ਹੈ। ਮੰਤਰੀ ਨੇ ਕਿਹਾ ਕਿ ਵਾਸ਼ਿੰਗਟਨ ਵਲੋਂ ਟੈਰਿਫ ਲਗਾਉਣਾ ਅਜਿਹਾ ਹੈ ਜਿਵੇਂ ਗਲੇ 'ਤੇ ਚਾਕੂ ਰੱਖਣਾ। ਉਨ੍ਹਾਂ ਨੇ ਇਹ ਗੱਲ ਅਮਰੀਕਾ ਵਲੋਂ ਚੀਨੀ ਉਤਪਾਦਾਂ 'ਤੇ 200 ਅਰਬ ਡਾਲਰ ਦਾ ਟੈਰਿਫ ਲਗਾਉਣ ਤੋਂ ਬਾਅਦ ਕਹੀ।