‘ਚੀਨ ਦੇ ਇੰਟਰਨੈੱਟ ’ਤੇ ਪਾਬੰਦੀਆਂ ਤੋਂ ਬਾਅਦ ਹੁਣ ਵਾਰੀ ਹੈ ਬਲਾਗਰਸ ਦੀ’
Thursday, Feb 25, 2021 - 11:02 AM (IST)
ਜਲੰਧਰ (ਬਿਊਰੋ): ਚੀਨ ਨੇ ਪਹਿਲਾਂ ਤਾਂ ਆਪਣੇ ਦੇਸ਼ ’ਚ ਵਿਦੇਸ਼ੀ ਇੰਟਰਨੈੱਟ ’ਤੇ ਪਾਬੰਦੀ ਲਗਾਈ। ਬਾਅਦ ’ਚ ਵਿਦੇਸ਼ੀ ਇੰਟਰਨੈੱਟ ਦੀ ਐਪਲੀਕੇਸ਼ਨਜ਼ ਨੂੰ ਚੋਰੀ ਕਰ ਕੇ ਆਪਣਾ ਦੇਸੀ ਨਾਂ ਦਿੱਤਾ ਅਤੇ ਆਪਣੇ ਨਿਵਾਸੀਆਂ ਨੂੰ ਇਸ ਦੀ ਵਰਤੋਂ ਕਰਨ ਲਈ ਕਿਹਾ, ਫਿਰ ਉਸ ਨੇ ਵਿਦੇਸ਼ੀ ਇੰਟਰਨੈੱਟ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਪਰ ਚੀਨ ਇੰਨੇ ’ਚ ਹੀ ਸੰਤੁਸ਼ਟ ਨਹੀਂ ਹੋਇਆ ਅਤੇ ਹੁਣ ਉਹ ਇਕ ਕਦਮ ਅੱਗੇ ਨਿਕਲ ਰਿਹਾ ਹੈ। ਹੁਣ ਚੀਨ ਉਨ੍ਹਾਂ ਬਲਾਗਰਾਂ ’ਤੇ ਪਾਬੰਦੀ ਲਗਾਉਣ ਜਾ ਰਿਹਾ ਹੈ ਜੋ ਸਿਆਸਤ, ਵਿਦੇਸ਼ ਨੀਤੀ ਅਤੇ ਆਰਥਿਕ ਨੀਤੀਆਂ ’ਤੇ ਲੇਖ ਲਿਖ ਕੇ ਇੰਟਰਨੈੱਟ ’ਤੇ ਪੋਸਟ ਕਰਦੇ ਹਨ।
ਦਰਅਸਲ ਚੀਨ ਨੂੰ ਇਸ ਗੱਲ ਦਾ ਬੜਾ ਡਰ ਸਤਾ ਰਿਹਾ ਹੈ ਕਿ ਕਿਤੇ ਵਿਦੇਸ਼ਾਂ ’ਚ ਰਹਿਣ ਵਾਲੇ ਆਮ ਲੋਕਾਂ ਨੂੰ ਮਿਲਣ ਵਾਲੀ ਆਜ਼ਾਦੀ ਦੇ ਬਾਰੇ ’ਚ ਪਤਾ ਨਾ ਲੱਗ ਜਾਵੇ। ਜੇਕਰ ਉਥੋਂ ਦੀ ਆਮ ਜਨਤਾ ਨੂੰ ਸਹੀ ਅਰਥਾਂ ’ਚ ਖੁੱਲ੍ਹੇਪਨ ਦੇ ਬਾਰੇ ’ਚ ਪਤਾ ਲੱਗ ਗਿਆ ਤਾਂ ਇਹ ਲੋਕ ਚੀਨ ਸਰਕਾਰ ਤੋਂ ਆਪਣੇ ਲਈ ਵੀ ਅਜਿਹੇ ਹੀ ਖੁੱਲ੍ਹੇ ਸਮਾਜ ਦੀ ਮੰਗ ਕਰ ਸਕਦੇ ਸਨ, ਜਿਸ ਦੀ ਪ੍ਰਣੀਤੀ ਇਕ ਲੋਕ ਵਿਦਰੋਹ ’ਚ ਹੋ ਸਕਦੀ ਹੈ ਅਤੇ ਇਹ ਵਿਦਰੋਹ ਚੀਨ ਸਰਕਾਰ ਲਈ ਬੜੀ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਇਸ ਲਈ ਚੀਨ ਸਰਕਾਰ ਨੇ ਆਪਣੇ ਦੇਸ਼ ’ਚ ਮੀਡੀਆ ਨੂੰ ਕੱਸ ਕੇ ਆਪਣੇ ਚੁੰਗਲ ’ਚ ਫੜ ਕੇ ਰੱਖਿਆ ਹੈ।
ਅਗਲੇ ਹਫਤੇ ਤੋਂ ਸਾਈਬਰ ਸਪੇਸ ਐਡਮਨਿਸਟ੍ਰੇਸ਼ਨ ਆਫ ਚਾਈਨਾ ਆਪਣੇ ਦੇਸ਼ ’ਚ ਰਹਿਣ ਵਾਲੇ ਬਲਾਗਰਾਂ ਅਤੇ ਉਨ੍ਹਾਂ ਲੇਖਕਾਂ ਲਈ ਕਾਨੂੰਨ ਬਣਾਉਣ ਜਾ ਰਿਹਾ ਹੈ, ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਪ੍ਰਭਾਵਿਤ ਹੁੰਦੇ ਹਨ। ਸਰਕਾਰ ਅਜਿਹਾ ਕਾਨੂੰਨ ਲਾਗੂ ਕਰਨ ਜਾ ਰਹੀ ਹੈ ਜਿਸ ਨਾਲ ਇਹ ਸਾਰੇ ਬਲਾਗਰ ਆਪਣੇ ਲੇਖਾਂ ਨੂੰ ਪਹਿਲਾਂ ਸਰਕਾਰ ਨੂੰ ਦਿਖਾਉਣ, ਉਸ ਕੋਲੋਂ ਇਜਾਜ਼ਤ ਲੈਣ, ਤਦ ਉਸ ਨੂੰ ਆਪਣੇ ਬਲਾਗ ’ਤੇ ਪੋਸਟ ਕਰਨ। ਤਾਇਵਾਨ ਦੇ ਸਨ ਯਾਤ ਸੇਨ ਯੂਨੀਵਰਸਿਟੀ ਦੇ ਪ੍ਰੋਫੈਸਰ ਟਿਟੁਸ ਛਨ ਨੇ ਕਿਹਾ ਕਿ ਚੀਨ ਸਰਕਾਰ ਇਸ ਕਾਨੂੰਨ ਦੇ ਰਾਹੀਂ ਪੂਰੇ ਚੀਨ ’ਚ ਸੂਚਨਾ ਤੰਤਰ ਨੂੰ ਆਪਣੇ ਕਬਜ਼ੇ ’ਚ ਲੈ ਕੇ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਾ ਚਾਹੁੰਦੀ ਹੈ। ਸ਼ੀ ਜਿਨਪਿੰਗ ਦੀ ਅਗਵਾਈ ’ਚ ਚੀਨ ਸਰਕਾਰ ਦਾ ਇਹ ਕਦਮ ਪਹਿਲਾਂ ਤੋਂ ਹੀ ਪਾਬੰਦੀਸ਼ੁਦਾ ਸੂਚਨਾ ਕਾਨੂੰਨ ਨੂੰ ਹੋਰ ਕੱਸਣਾ ਚਾਹੁੰਦਾ ਹੈ। ਚੀਨੀ ਤਾਨਾਸ਼ਾਹ ਸ਼ੀ ਨੇ ਡਿਜੀਟਲ ਪ੍ਰਭੂਸੱਤਾ ਨੂੰ ਆਪਣੇ ਸ਼ਾਸਨ ਦੀ ਇਕ ਕੇਂਦਰੀ ਧਾਰਨਾ ਬਣਾਇਆ ਹੈ, ਜਿਸ ਦੇ ਤਹਿਤ ਅਧਿਕਾਰੀਆਂ ਨੇ ਹੱਦਾਂ ਤੈਅ ਕੀਤੀਆਂ ਹਨ ਅਤੇ ਡਿਜੀਟਲ ਘੇਰੇ ’ਤੇ ਆਪਣਾ ਸ਼ਿਕੰਜਾ ਕੱਸਿਆ ਹੋਇਆ ਹੈ।
ਸਰਕਾਰ ਦੀ ਇਸ ਨਵੀਂ ਨੀਤੀ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਇਸ ਗੱਲ ਦੀ ਆਗਿਆ ਨਹੀਂ ਦੇ ਸਕਦੀ ਹੈ ਕਿ ਉਹ ਅਸਲ ਖ਼ਬਰ ਨੂੰ ਆਪਣੇ ਬਲਾਗ ’ਤੇ ਪੋਸਟ ਨਹੀਂ ਕਰ ਸਕਦੇ। ਬਲਾਗਰਸ ਨੇ ਦੱਸਿਆ ਕਿ ਕਿਸੇ ਵੀ ਖਬਰ ’ਤੇ ਸਰਕਾਰੀ ਮੀਡੀਆ ਦੀ ਟਿੱਪਣੀ ਪੋਸਟ ਹੋ ਸਕਦੀ ਹੈ ਪਰ ਟਿੱਪਣੀਕਾਰਾਂ ਨੂੰ ਉਸ ਖਬਰ ’ਤੇ ਆਪਣੇ ਬਿਆਨ ਨਹੀਂ ਦੇ ਸਕਦੇ ਹਨ।ਸਾਈਬਰ ਸਪੇਸ ਪ੍ਰਸ਼ਾਸਨ ਨੇ ਇਕ ਬਿਆਨ ਪੋਸਟ ਕੀਤਾ, ਜਿਸ ਦੇ ਮੁਤਾਬਕ, ਨੀਤੀ ’ਚ ਸੋਧ ਦਾ ਮਤਲਬ ਇਹ ਹੈ ਕਿ ਜਨਤਕ ਪੱਧਰ ’ਤੇ ਜੋ ਕੁਝ ਵੀ ਪੋਸਟ ਕੀਤਾ ਜਾਵੇ ਉਸ ਨੂੰ ਲੈ ਕੇ ਲੋਕ ਜ਼ਿਆਦਾ ਜਾਗਰੂਕ ਰਹਿਣ ਅਤੇ ਸਰਕਾਰ ਅਜਿਹੇ ਮੰਚ ਨੂੰ ਸੰਚਾਲਿਤ ਕਰਨਾ ਚਾਹੁੰਦੀ ਹੈ। ਹਾਲਾਂਕਿ ਚੀਨ ਸਰਕਾਰ ਸੋਸ਼ਲ ਮੀਡੀਆ ’ਤੇ ਹੋਰ ਜ਼ਿਆਦਾ ਪਾਬੰਦੀ ਲਗਾਉਣਾ ਚਾਹੁੰਦੀ ਹੈ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਦਾ ਇੱਕ ਹੋਰ ਵੱਡਾ ਫ਼ੈਸਲਾ: ਟਰੰਪ ਦੇ ਵੀਜ਼ਾ ਪਾਬੰਦੀ ਹੁਕਮਾਂ ਨੂੰ ਪਲਟਿਆ
ਚੀਨ ਸਰਕਾਰ ਨੇ ਜਨਵਰੀ ਦੇ ਅਖੀਰ ’ਚ ਆਨਲਾਈਨ ਪਬਲੀਸ਼ਿੰਗ ਮੀਡੀਆ ਦੇ ਲਈ ਜੋ ਕਾਨੂੰਨ ਬਣਾਏ, ਪ੍ਰਸ਼ਾਸਨ ਨੇ ਪੂਰੇ ਦੇਸ਼ ’ਚ ਉਸ ਦੇ ਮਹੱਤਵ ’ਤੇ ਕਾਨਫਰੰਸ ਕਰਵਾਉਣੀ ਸ਼ੁਰੂ ਕਰ ਦਿੱਤੀ, ਏਜੰਸੀ ਦੇ ਮੁਖੀ ਤਸੁਆਂਗ ਰੋਂਗਵਨ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਮੀਡੀਆ ਖੇਤਰ ’ਤੇ ਰੋਕ ਲਗਾਉਣ ਲਈ ਮੈਨੇਜਮੈਂਟ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ।4 ਫਰਵਰੀ ਨੂੰ ਏਜੰਸੀ ਨੇ ਇਕ ਮਹੀਨੇ ਦੀ ਸਫਾਈ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਦਾ ਟੀਚਾ ਸਰਚ ਇੰਜਣ, ਸੋਸ਼ਲ ਮੀਡੀਆ ਮੰਚ ਅਤੇ ਬ੍ਰਾਉਜ਼ਰ ਹਨ। ਇਸ ਸਫਾਈ ਮੁਹਿੰਮ ਨਾਲ ਇਨ੍ਹਾਂ ਵੱਖ-ਵੱਖ ਮੰਚਾਂ ’ਤੇ ਜੇਕਰ ਕੋਈ ਅਜਿਹੀ ਸਮੱਗਰੀ ਮਿਲਦੀ ਹੈ ਜੋ ਚੀਨ ਸਰਕਾਰ ਅਤੇ ਦੇਸ਼ ਦੇ ਪ੍ਰਸ਼ਾਸਨ ਦੇ ਲਈ ਖਤਰਾ ਹੈ ਤਾਂ ਉਸ ਨਾਲ ਨਜਿੱਠਣ ਲਈ ਕਾਰਗਰ ਕਦਮ ਚੁੱਕੇ ਜਾਣਗੇ। ਹਾਲਾਂਕਿ ਚੀਨ ਸਰਕਾਰ ਨੇ ਮੀਡੀਆ ਨੂੰ ਕਾਬੂ ’ਚ ਰੱਖਣ ਲਈ ਇਸ ਤਰ੍ਹਾਂ ਦੇ ਕਦਮ ਸਾਲ 2017 ਤੋਂ ਪਹਿਲਾਂ ਵੀ ਚੁੱਕੇ ਸਨ ਪਰ ਉਨ੍ਹਾਂ ਕਦਮਾਂ ਨੂੰ ਲਾਗੂ ਨਹੀਂ ਕੀਤਾ ਗਿਆ ਸੀ। ਅਜਿਹਾ ਲੱਗਦਾ ਹੈ ਕਿ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਲਈ ਕੁਝ ਮਤਭੇਦਾਂ ਦੇ ਨਾਲ ਸਹਿਮਤੀ ਬਣਾਈ ਜਾ ਰਹੀ ਹੈ।
ਕੈਲੀਫੋਰਨੀਆ ਯੂਨੀਵਰਸਿਟੀ ਡਿਜੀਟਲ ਸੈਂਸਰਸ਼ਿਪ ਦੇ ਜਾਣਕਾਰ ਸ਼ਿਆਓ ਛਿਆਂਗ ਨੇ ਕਿਹਾ ਕਿ ਚੀਨ ਸਰਕਾਰ ਲਈ ਅਜਿਹਾ ਕਰਨਾ ਵਾਕਿਆ ਹੀ ਬਹੁਤ ਵੱਡੀ ਗੱਲ ਹੈ ਅਤੇ ਇਹ ਬਹੁਤ ਵੱਡੇ ਪੱਧਰ ’ਤੇ ਚਲਾਈ ਜਾਣ ਵਾਲੀ ਮੁਹਿੰਮ ਹੈ। ਛਿਆਂਗ ਨੇ ਅੱਗੇ ਦੱਸਿਆ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਸਹੀ ’ਚ ਕੁਝ ਵੀ ਇਤਰਾਜ਼ਯੋਗ ਨਹੀਂ ਲਿਖਿਆ ਅਤੇ ਲੋਕ ਜਾਣਬੁੱਝ ਕੇ ਅਜਿਹੇ ਮੁੱਦਿਆਂ ’ਤੇ ਹੱਥ ਨਹੀਂ ਰੱਖ ਰਹੇ ਹਨ। ਮਾਈਕ੍ਰੋ ਬਲਾਗ ਸਾਈਟ ਸੋਹੂ ਨੇ ਜਨਵਰੀ ’ਚ ਸਰਕਾਰ ਦਾ ਇਕ ਨੋਟਿਸ ਦਿਖਾਇਆ, ਜਿਸ ’ਚ ਇਹ ਲਿਖਿਆ ਸੀ ਕਿ ਜੋ ਲੋਕ ਆਪਣੇ ਨਾਂ ਦੇ ਨਾਲ ਆਪਣੇ ਬਾਰੇ ’ਚ ਕੋਈ ਜਾਣਕਾਰੀ ਨਹੀਂ ਦਿੰਦੇ ਉਹ ਚਲੰਤ ਵਿਸ਼ਿਆਂ ’ਤੇ ਕੁਝ ਵੀ ਨਾ ਲਿਖਣ।
ਜਿਹੜੇ ਵਿਸ਼ਿਆਂ ’ਤੇ ਲਿਖਣ ਲਈ ਪਾਬੰਦੀ ਲਗਾਈ ਗਈ ਸੀ ਉਨ੍ਹਾਂ ’ਚ ਮੁੱਖ ਤੌਰ ’ਤੇ ਸਿਆਸਤ, ਅਰਥ ਤੰਤਰ, ਫੌਜ ਦੀ ਜਾਣਕਾਰੀ, ਕੂਟਨੀਤਕ ਅਤੇ ਜਨਤਾ ਨਾਲ ਜੁੜੇ ਮੁੱਦੇ, ਸੀ.ਪੀ.ਸੀ. ਦੀ ਬੁਰਾਈ ਕਰਨੀ ਅਤੇ ਦੇਸ਼ ਦੇ ਇਤਿਹਾਸ ਦੀ ਗਲਤ ਜਾਣਕਾਰੀ ਦੇਣ ਵਰਗੇ ਵਿਸ਼ੇ ਸ਼ਾਮਲ ਸਨ, ਚੀਨ ’ਚ ਸਭ ਤੋਂ ਵੱਡੇ ਸਰਚ ਇੰਜਣ ਬਾਈਦੂ ’ਤੇ ਵੀ ਇਹ ਨੋਟਿਸ ਦਿਖਾਇਆ ਗਿਆ ਸੀ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਮਾਈਕ੍ਰੋ ਬਲਾਗਿੰਗ ਸਾਈਟ ਅਤੇ ਸੋਸ਼ਲ ਮੀਡੀਆ ਸਰਕਾਰ, ਫੌਜ, ਅਰਥ ਤੰਤਰ ਅਤੇ ਸਿਆਸਤ ’ਤੇ ਨਾ ਲਿਖਣ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਨੋਟਿਸ ਦੇ ਬਾਅਦ ਕਿੰਨੇ ਲੋਕ ਮਾਈਕ੍ਰੋ ਬਲਾਗ ’ਤੇ ਬਿਨਾਂ ਆਪਣੇ ਨਾਂ ਅਤੇ ਆਪਣੀ ਜਾਣਕਾਰੀ ਦੇ ਕੋਈ ਵੀ ਜਾਣਕਾਰੀ ਛਾਪਣਗੇ।
ਚੀਨ ਸਰਕਾਰ ਆਪਣਾ ਚਿਹਰਾ ਬਚਾਉਣ ਲਈ ਇਹ ਕਹਿ ਰਹੀ ਹੈ ਕਿ ਕੋਵਿਡ ਮਹਾਮਾਰੀ ਦੇ ਦੌਰਾਨ ਸੋਸ਼ਲ ਮੀਡੀਆ ’ਤੇ ਲੋਕ ਚੀਨ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਭੜਕਾ ਰਹੇ ਹਨ ਅਤੇ ਉਨ੍ਹਾਂ ’ਚ ਅੰਸਤੋਸ਼ ਪੈਦਾ ਕਰ ਰਹੇ ਹਨ, ਜਿਨ੍ਹਾਂ ਨੂੰ ਫੜਣ ਲਈ ਸਾਈਬਰ ਸਪੇਸ ਐਡਮਨਿਸਟ੍ਰੇਸ਼ਨ ਕੰਮ ਕਰ ਰਿਹਾ ਹੈ, ਜਦਕਿ ਸੱਚਾਈ ਇਹ ਹੈ ਕਿ ਚੀਨ ਉਨ੍ਹਾਂ ਲੋਕਾਂ ਨੂੰ ਫੜ ਕੇ ਮੂੰਹ ਬੰਦ ਕਰਵਾ ਰਿਹਾ ਹੈ ਜੋ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਸੱਚਾਈ ਦੱਸ ਰਹੇ ਹਨ। ਇੰਟਰਨੈੱਟ ਦੇ ਜਾਣਕਾਰ ਸ਼ਿਆਓ ਨੇ ਦੱਸਿਆ ਕਿ ਇਸ ਕਾਨੂੰਨ ਨੂੰ ਦੇਖਣ ਦੇ ਬਾਅਦ ਇਹੀ ਪਤਾ ਲੱਗਦਾ ਹੈ ਕਿ ਚੀਨ ਸਰਕਾਰ ਆਪਣੇ ਦੇਸ਼ ’ਚ ਸੋਸ਼ਲ ਮੀਡੀਆ ਅਤੇ ਮਾਈਕ੍ਰੋ ਬਲਾਗਿੰਗ ’ਤੇ ਵੀ ਪਾਬੰਦੀ ਲਗਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਮੀਡੀਆ ’ਤੇ ਇੰਨੀ ਪਾਬੰਦੀ ਲਗਾਈ ਗਈ ਸੀ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੋਕਾਂ ਨੂੰ ਨਹੀਂ ਦੇ ਸਕਿਆ।ਇਨ੍ਹਾਂ ਗੱਲ੍ਹਾਂ ਤੋਂ ਇੰਨਾ ਤਾਂ ਤੈਅ ਹੈ ਕਿ ਹੁਣ ਚੀਨ ’ਚ ਖੁੱਲ੍ਹੇ ਤੌਰ ’ਤੇ ਮਾਈਕ੍ਰੋ ਬਲਾਗਿੰਗ ਕਰਨ ਵਾਲਿਆਂ ਅਤੇ ਸੋਸ਼ਲ ਮੀਡੀਆ ’ਤੇ ਲਿਖਣ ਵਾਲਿਆਂ ਦੇ ਦਿਨ ਲੱਦ ਗਏ ਅਤੇ ਇਨ੍ਹਾਂ ’ਤੇ ਚੀਨ ਸਰਕਾਰ ਸ਼ਿਕੰਜਾ ਕੱਸੇਗੀ, ਜਿਸ ਨਾਲ ਚੀਨ ਦੇ ਲੋਕਾਂ ਨੂੰ ਕੋਈ ਵੀ ਅਜਿਹੀ ਜਾਣਕਾਰੀ ਹੱਥ ਨਾ ਲੱਗੇ ਜੋ ਸਰਕਾਰ ਦੀ ਮੁੱਠ ਖੋਲ੍ਹਦੀ ਹੋਵੇ।