ਚੀਨ ਨੇ ਬਣਾਈ ਦੁਨੀਆ ਦੀ ਪਹਿਲੀ amphibious ਡਰੋਨ ਕਿਸ਼ਤੀ
Monday, Apr 15, 2019 - 04:49 PM (IST)

ਬੀਜਿੰਗ (ਭਾਸ਼ਾ)— ਚੀਨ ਨੇ ਵਿਸ਼ਵ ਦੀ ਪਹਿਲੀ ਹਥਿਆਰਬੰਦ amphibious (ਪਾਣੀ ਅਤੇ ਜ਼ਮੀਨ 'ਤੇ ਚੱਲਣ ਵਾਲੀ) ਡਰੋਨ ਕਿਸ਼ਤੀ ਦਾ ਸਫਲ ਪਰੀਖਣ ਕੀਤਾ। ਮੀਡੀਆ ਖਬਰਾਂ ਮੁਤਾਬਕ ਚੀਨੀ ਮਿਲਟਰੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਜ਼ਮੀਨ 'ਤੇ ਹਮਲਾ ਕਰਨ ਵਾਲੀਆਂ ਮੁਹਿੰਮਾਂ ਲਈ ਲਾਭਕਾਰੀ ਹੈ ਅਤੇ ਹਵਾਈ ਡਰੋਨਾਂ ਅਤੇ ਹੋਰ ਡਰੋਨ ਜਹਾਜ਼ਾਂ ਨਾਲ ਮਿਲ ਕੇ ਯੁੱਧ ਵਿਚ ਤਿਕੌਣ ਬਣਾਉਣ ਵਿਚ ਸਮਰੱਥ ਹੈ। ਇਕ ਅੰਗਰੇਜ਼ੀ ਅਖਬਾਰ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਚੀਨ ਸ਼ਿਪਬਿਲਡਿੰਗ ਇੰਡਸਟਰੀ ਕਾਰਪੋਰੇਸ਼ਨ (ਸੀ.ਐੱਸ.ਆਈ.ਸੀ.) ਦੇ ਤਹਿਤ ਆਉਣ ਵਾਲੇ ਵੁਚਾਂਗ ਸ਼ਿਪਬਿਲਡਿੰਗ ਇੰਡਸਟਰੀ ਗਰੁੱਪ ਵੱਲੋਂ ਬਣਾਈ ਗਈ 'ਮਰੀਨ ਲਿਜ਼ਰਡ' (Marine Lizard) ਨਾਮਕ ਇਸ ਡਰੋਨ ਕਿਸ਼ਤੀ ਨੇ ਡਿਲੀਵਰੀ ਜਾਂਚ ਸਫਲਤਾਪੂਰਵਕ ਪਾਰ ਕੀਤੀ ਅਤੇ ਵੁਹਾਨ ਵਿਚ 8 ਅਪ੍ਰੈਲ ਨੂੰ ਫੈਕਟਰੀ ਤੋਂ ਬਾਹਰ ਆਈ।
ਇਕ ਅਧਿਕਾਰੀ ਨੇ ਦੱਸਿਆ ਕਿ 1200 ਕਿਲੋਮੀਟਰ ਦੀ ਵੱਧ ਤੋਂ ਵੱਧ ਮੁਹਿੰਮ ਰੇਂਜ ਵਾਲੀ ਮਰੀਨ ਲਿਜ਼ਰਡ ਨੂੰ ਉਪਗ੍ਰਹਿਆਂ ਦੇ ਮਾਧਿਅਮ ਨਾਲ ਰਿਮੋਟ ਕੰਟਰੋਲ ਕੀਤਾ ਜਾ ਸਕਦਾ ਹੈ। ਜਹਾਜ਼ ਦੇ ਰੂਪ ਵਿਚ ਵਿਕਸਿਤ 12 ਮੀਟਰ ਲੰਬੀ ਮਰੀਨ ਲਿਜ਼ਰਡ ਤਿੰਨ ਸਮਾਂਤਰ ਹਿੱਸਿਆਂ ਵਾਲੀ ਇਕ ਕਿਸ਼ਤੀ ਹੈ ਜੋ ਡੀਜ਼ਲ ਨਾਲ ਚੱਲਣ ਵਾਲੇ ਹਾਈਡ੍ਰਜੈੱਟ ਦੀ ਮਦਦ ਨਾਲ ਅੱਗੇ ਵੱਧਦੀ ਹੈ ਅਤੇ ਰਡਾਰ ਤੋਂ ਬਚ ਕੇ ਨਿਕਲਦੇ ਹੋਏ ਵੱਧ ਤੋਂ ਵੱਧ 50 ਨੌਟ ਦੀ ਗਤੀ ਤੱਕ ਪਹੁੰਚ ਸਕਦੀ ਹੈ।
ਖਬਰ ਵਿਚ ਅਣਜਾਣ ਅਧਿਕਾਰੀ ਦੇ ਹਵਾਲ ਨਾਲ ਦੱਸਿਆ ਗਿਆ ਕਿ ਜ਼ਮੀਨ 'ਤੇ ਪਹੁੰਚਣ ਦੇ ਕਰੀਬ ਇਹ amphibious ਡਰੋਨ ਕਿਸ਼ਤੀ ਆਪਣੇ ਅੰਦਰ ਲੁਕੀ ਚਾਰ ਟਰੈਕ ਈਕਾਈਆਂ ਨੂੰ ਬਾਹਰ ਕੱਢ ਸਕਦੀ ਹੈ ਅਤੇ ਜ਼ਮੀਨ 'ਤੇ ਪ੍ਰਤੀ ਘੰਟਾ 20 ਕਿਲੋਮੀਟਰ ਦੀ ਗਤੀ ਨਾਲ ਚੱਲ ਸਕਦੀ ਹੈ। ਕਰੀਬ 178 ਅਰਬ ਡਾਲਰ ਦੇ ਰੱਖਿਆ ਬਜਟ ਦੇ ਨਾਲ ਚੀਨੀ ਫੌਜ ਹਾਲ ਹੀ ਦੇ ਸਾਲਾਂ ਵਿਚ ਨਵੇਂ ਹਥਿਆਰਾਂ ਦੀ ਰੇਂਜ ਵਿਕਸਤ ਕਰਨ 'ਤੇ ਧਿਆਨ ਦੇ ਰਹੀ ਹੈ।