ਚੀਨ ਦੇ 18 ਸੂਬਿਆਂ ’ਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਨੇ ਵਧਾਈ ਚਿੰਤਾ
Monday, Aug 02, 2021 - 09:48 AM (IST)
ਬੀਜਿੰਗ (ਭਾਸ਼ਾ)– ਚੀਨ ਦੇ 18 ਸੂਬਿਆਂ ’ਚ ਕੋਰੋਨਾ ਵਾਇਰਸ ਦੇ ਬੇਹੱਦ ਛੂਤਕਾਰੀ ਡੈਲਟਾ ਵੈਰੀਐਂਟ ਦੇ ਪ੍ਰਸਾਰ ਅਤੇ ਐਤਵਾਰ ਨੂੰ ਰਾਜਧਾਨੀ ਬੀਜਿੰਗ ’ਚ ਸਾਹਮਣੇ ਆਏ ਨਵੇਂ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੀ ਰਿਪੋਰਟ ਅਨੁਸਾਰ ਚੀਨ ਦੇ ਘੱਟੋ-ਘੱਟ 18 ਸੂਬਿਆਂ ’ਚ ਪਿਛਲੇ 10 ਦਿਨਾਂ ’ਚ ਇਨਫੈਕਸ਼ਨ ਦੇ 300 ਘਰੇਲੂ ਮਾਮਲੇ ਸਾਹਮਣੇ ਆਏ ਹਨ, ਜਿਸ ਨੇ ਇਕ ਵਾਰ ਫਿਰ ਕੋਵਿਡ-19 ਨੂੰ ਲੈ ਕੇ ਚੁਣੌਤੀ ਖੜ੍ਹੀ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਚੀਨ ਨੇ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇਨਫੈਕਸ਼ਨ ਦੇ ਪ੍ਰਸਾਰ ਦੀ ਰੋਕਥਾਮ ਕੀਤੀ ਸੀ। ਇਸ ਦੇ ਅਨੁਸਾਰ ਹਾਲ ਦੇ ਦਿਨਾਂ ’ਚ 18 ਸੂਬਿਆਂ ਦੇ 27 ਸ਼ਹਿਰਾਂ ’ਚ ਇਨਫੈਕਸ਼ਨ ਦੇ 300 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚ ਬੀਜਿੰਗ, ਜਿਆਂਗਸੂ ਅਤੇ ਸਿਚੁਆਨ ਵੀ ਸ਼ਾਮਲ ਹਨ। ਰਿਪੋਰਟ ਅਨੁਸਾਰ ਐਤਵਾਰ ਨੂੰ ਮੱਧ ਅਤੇ ਉੱਚ ਜ਼ੋਖ਼ਮ ਵਾਲੇ ਖੇਤਰਾਂ ਦੀ ਗਿਣਤੀ ਵੱਧ ਕੇ 95 ਤੱਕ ਪਹੁੰਚ ਗਈ, ਜਿਨ੍ਹਾਂ ’ਚ 91 ਮੱਧ ਜ਼ੋਖ਼ਮ ਵਾਲੇ ਅਤੇ 4 ਉੱਚ ਜ਼ੋਖ਼ਮ ਵਾਲੇ ਖੇਤਰ ਸ਼ਾਮਲ ਹਨ।