ਸਕਾਟਲੈਂਡ : ਫਸਟ ਮਨਿਸਟਰ ਦੇ ਗਲਾਸਗੋ ਵਿਚਲੇ ਹਲਕੇ ਦੇ ਬੱਚੇ ਹਨ ਯੂਕੇ ''ਚ ਸਭ ਤੋਂ ''ਗਰੀਬ''

04/27/2022 3:20:34 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਫ਼ਸਟ ਮਨਿਸਟਰ ਨਿਕੋਲਾ ਸਟਰਜਨ ਦੇ ਗਲਾਸਗੋ ਸਾਊਥਸਾਈਡ ਹਲਕੇ ਦੇ ਹਿੱਸੇ, ਗੋਵਨਹਿਲ ਵੈਸਟ ਵਿੱਚ ਬਾਲ ਗਰੀਬੀ ਦਰ 69 ਪ੍ਰਤੀਸ਼ਤ ਹੈ, ਜੋ ਕਿ ਯੂਕੇ ਵਿੱਚ ਸਭ ਤੋਂ ਜ਼ਿਆਦਾ ਹੈ। ਇਸ ਸੰਬੰਧੀ ਇਹ ਡਰ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਸਮੱਸਿਆ ਹੋਰ ਵਿਗੜ ਸਕਦੀ ਹੈ ਕਿਉਂਕਿ ਪਰਿਵਾਰਾਂ ਨੂੰ ਵਧਦੀਆਂ ਕੀਮਤਾਂ ਦਾ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਹੈ। ਇੱਕ ਸਰਵੇਖਣ ਅਨੁਸਾਰ ਗੋਵਨਹਿਲ ਵੈਸਟ, ਫਸਟ ਮਨਿਸਟਰ ਦੀ ਗਲਾਸਗੋ ਸਾਊਥਸਾਈਡ ਸੀਟ ਦੇ ਹਿੱਸੇ ਵਿੱਚ ਬੱਚਿਆਂ ਦੀ ਗਰੀਬੀ ਦਰ 69 ਪ੍ਰਤੀਸ਼ਤ ਹੈ ਅਤੇ ਗੋਵਨਹਿਲ ਈਸਟ 58 ਫੀਸਦੀ ਦੇ ਨਾਲ ਇਸ ਚਿੰਤਾਜਨਕ ਪੋਲ 'ਚ ਦੂਜੇ ਸਭ ਤੋਂ ਹੇਠਲੇ ਸਥਾਨ 'ਤੇ ਹੈ। ਇਸ ਸਰਵੇਖਣ ਨੇ ਗਰੀਬੀ ਦਰਾਂ ਵਿੱਚ ਇੱਕ ਵੱਡੇ ਪਾੜੇ ਨੂੰ ਵੀ ਉਜਾਗਰ ਕੀਤਾ ਹੈ। ਸਭ ਤੋਂ ਘੱਟ ਬਾਲ ਗਰੀਬੀ ਵਾਲੇ ਖੇਤਰ ਐਡਿਨਬਰਾ ਵਿੱਚ ਇੱਕ-ਇੱਕ ਪ੍ਰਤੀਸ਼ਤ ਨਾਲ ਮੁਰੇਫੀਲਡ ਅਤੇ ਸੇਂਟ ਐਂਡਰਿਊਜ਼ ਸਨ। 

ਸੰਘਰਸ਼ਸ਼ੀਲ ਪਰਿਵਾਰਾਂ ਦੀ ਮਦਦ ਕਰਨ ਵਾਲੇ ਗੋਵਨਹਿਲ ਸਥਿਤ ਚੈਰਿਟੀ ਦਿ ਲੁਈਸ ਪ੍ਰੋਜੈਕਟ ਦੇ ਮੁੱਖ ਕਾਰਜਕਾਰੀ ਮਾਰਗੋ ਉਪਚਾਰਡ ਅਨੁਸਾਰ ਗੋਵਨਹਿਲ ਵਿੱਚ ਗਰੀਬੀ ਸਧਾਰਣ ਹੈ ਜੋ ਕਿ ਹੋਰ ਬਦਤਰ ਹੁੰਦੀ ਜਾ ਰਹੀ ਹੈ। ਸਟਰਜਨ ਦੇ ਹਲਕੇ ਦੇ ਤਿੰਨ ਹੋਰ ਹਿੱਸੇ 10 ਸਭ ਤੋਂ ਖਰਾਬ ਖੇਤਰਾਂ ਵਿੱਚ ਸਨ, ਜਿਹਨਾਂ ਵਿੱਚ ਸਟਰਥਬੰਗੋ ਤੀਜੇ ਸਥਾਨ 'ਤੇ, ਪੋਲੋਕਸ਼ਾਜ਼ ਈਸਟ ਪੰਜਵੇਂ ਅਤੇ ਪੋਲੋਕਸ਼ਾਜ਼ ਵੈਸਟ 10ਵੇਂ ਸਥਾਨ 'ਤੇ ਹੈ। ਸੰਡੇ ਮੇਲ ਨੇ ਯੂਕੇ ਦੇ ਸਾਰੇ ਖੇਤਰਾਂ ਲਈ ਪ੍ਰਕਾਸ਼ਿਤ ਰਾਸ਼ਟਰੀ ਅੰਕੜਿਆਂ ਦੇ ਦਫ਼ਤਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਲਈ ਇਨ-ਹਾਊਸ ਰੀਚ PLC ਡੇਟਾ ਯੂਨਿਟ ਨਾਲ ਕੰਮ ਕੀਤਾ। ਇਸ ਨੇ ਦਿਖਾਇਆ ਕਿ ਸਕਾਟਲੈਂਡ ਵਿੱਚ ਪਿਛਲੇ ਸਾਲ ਮਾਰਚ ਵਿੱਚ 175,009 ਬੱਚੇ ਗਰੀਬੀ ਦੀ ਰੇਖਾ ਤੋਂ ਹੇਠਾਂ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਸਕਾਟਲੈਂਡ : ਫੂਡ ਬੈਂਕਾਂ ਨੇ ਪਿਛਲੇ ਸਾਲ ਲੋਕਾਂ ਨੂੰ ਲਗਭਗ 2 ਲੱਖ ਭੋਜਨ ਪਾਰਸਲ ਪਹੁੰਚਾਏ

ਹੋਰ ਗਰੀਬੀ ਪ੍ਰਭਾਵਿਤ ਖੇਤਰ ਡੈਲਮਰਨੋਕ, ਗਲਾਸਗੋ ਵਿੱਚ ਸਕੌਟਸਟਨ ਅਤੇ ਕਾਰਨਵਾਡ੍ਰਿਕ, ਮਦਰਵੈਲ ਵਿੱਚ ਲੇਡੀਵੈਲ ਅਤੇ ਐਬਰਡੀਨ ਈਸਟ ਸਨ। ਸਕਾਟਲੈਂਡ ਵਿੱਚ ਪਿਛਲੇ ਸਾਲ ਗਰੀਬੀ ਵਿੱਚ ਰਹਿ ਰਹੇ ਬੱਚਿਆਂ ਵਿੱਚੋਂ 61 ਪ੍ਰਤੀਸ਼ਤ - 107,507 ਦੇ ਘੱਟੋ ਘੱਟ ਇੱਕ ਕੰਮ ਕਰਨ ਵਾਲੇ ਮਾਪੇ ਸਨ। ਇਸ ਸੰਬੰਧੀ ਸਕਾਟਲੈਂਡ ਸਰਕਾਰ ਦੇ ਬੁਲਾਰੇ ਅਨੁਸਾਰ ਬਾਲ ਗਰੀਬੀ ਨਾਲ ਨਜਿੱਠਣਾ ਸਾਡਾ ਰਾਸ਼ਟਰੀ ਮਿਸ਼ਨ ਹੈ ਅਤੇ ਉਹ ਆਪਣੀਆਂ ਸੀਮਤ ਸ਼ਕਤੀਆਂ ਦੇ ਅੰਦਰ ਸਕਾਟਲੈਂਡ ਵਿੱਚ ਹਜ਼ਾਰਾਂ ਬੱਚਿਆਂ ਨੂੰ ਗਰੀਬੀ ਦੀ ਦਲਦਲ 'ਚੋਂ ਬਾਹਰ ਕੱਢਣ ਵਿੱਚ ਮਦਦ ਕਰ ਰਹੇ ਹਨ। ਸਕਾਟਿਸ਼ ਲਿਬਰਲ ਡੈਮੋਕ੍ਰੇਟਿਕ ਲੀਡਰ ਐਲੇਕਸ ਕੋਲਹੈਮਿਲਟਨ ਨੇ ਐੱਸ ਐੱਨ ਪੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਐੱਸ ਐੱਨ ਪੀ ਦੇ ਲਗਭਗ 15 ਸਾਲ ਦੇ ਕਾਰਜਕਾਲ ਦੌਰਾਨ ਅਜਿਹੀ ਸਥਿਤੀ ਦਾ ਪੈਦਾ ਹੋਣਾ ਬੇਹੱਦ ਸ਼ਰਮਨਾਕ ਹੈ।
 

ਪੜ੍ਹੋ ਇਹ ਅਹਿਮ ਖ਼ਬਰ- 30 ਸਾਲ ਤੋਂ ਟਾਇਲਟ 'ਚ ਸਮੋਸੇ ਬਣਾ ਕੇ ਵੇਚ ਰਿਹਾ ਸੀ ਦੁਕਾਨਦਾਰ, ਅਧਿਕਾਰੀਆਂ ਨੇ ਕੀਤੀ ਕਾਰਵਾਈ


Vandana

Content Editor

Related News