ਪਹਿਲੀ ਵਾਰ ਬ੍ਰਿਟੇਨ ਦੇ ਸਕੂਲਾਂ 'ਚ ਬੱਚੇ ਪੜ੍ਹਨਗੇ ਭਾਰਤੀ ਧਰਮਾਂ ਬਾਰੇ, ਕੋਰਸ ਅਪ੍ਰੈਲ ਤੋਂ ਸ਼ੁਰੂ
Wednesday, Feb 07, 2024 - 12:50 PM (IST)
ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੇ ਸਕੂਲਾਂ ਵਿਚ ਪਹਿਲੀ ਵਾਰ ਭਾਰਤੀ ਧਰਮਾਂ ਦੀ ਸਿੱਖਿਆ ਨੂੰ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਅਕਾਦਮਿਕ ਸੈਸ਼ਨ ਤੋਂ ਇਸ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਿੰਦੂ, ਜੈਨ, ਸਿੱਖ ਅਤੇ ਬੁੱਧ ਧਰਮ ਦੀ ਸਿੱਖਿਆ ਦਾ ਕੋਰਸ ਚੌਥੀ ਜਮਾਤ ਤੋਂ ਸ਼ੁਰੂ ਹੋਵੇਗਾ। ਬ੍ਰਿਟੇਨ ਵਿੱਚ 10ਵੀਂ ਜਮਾਤ ਤੱਕ ਧਾਰਮਿਕ ਸਿੱਖਿਆ ਦਾ ਕੋਰਸ ਲਾਜ਼ਮੀ ਹੈ। ਵਰਤਮਾਨ ਵਿੱਚ ਕੋਰਸ ਵਿੱਚ ਸਿਰਫ ਈਸਾਈ ਧਰਮ ਦੀਆਂ ਸਿੱਖਿਆਵਾਂ ਸ਼ਾਮਲ ਹਨ।
ਹੁਣ ਬ੍ਰਿਟੇਨ ਦੇ ਸਕੂਲਾਂ ਵਿਚ ਪੜ੍ਹ ਰਹੇ ਹੋਰ ਮੂਲ ਦੇ 88 ਲੱਖ ਗੋਰੇ ਅਤੇ ਭਾਰਤੀ ਮੂਲ ਦੇ ਲਗਭਗ 82 ਹਜ਼ਾਰ ਵਿਦਿਆਰਥੀ ਭਾਰਤੀ ਧਰਮ ਦੀ ਸਿੱਖਿਆ ਬਾਰੇ ਕੋਰਸ ਪੜ੍ਹ ਸਕਣਗੇ। ਸੁਨਕ ਸਰਕਾਰ ਨੇ ਭਾਰਤੀ ਧਾਰਮਿਕ ਸਿੱਖਿਆ ਕੋਰਸ ਨੂੰ ਲਾਗੂ ਕਰਨ ਲਈ ਫੰਡਾਂ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਹਾਊਸ ਆਫ ਕਾਮਨਜ਼ ਨੇ ਫੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਰਾਹੀਂ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਸਰਕਾਰ ਨੇ ਭਾਰਤੀ ਧਾਰਮਿਕ ਸਿੱਖਿਆ ਕੋਰਸਾਂ ਲਈ ਨਵੀਆਂ ਕਿਤਾਬਾਂ ਵੀ ਮੰਗਵਾਈਆਂ ਹਨ।
ਹਰ 10 ਵਿੱਚੋਂ 5 ਭਾਰਤੀ ਵਿਦਿਆਰਥੀ ਦੀ ਧਰਮ ਦੇ ਆਧਾਰ ’ਤੇ ਬੁਲਿੰਗ
ਇਨਸਾਈਟ ਯੂ.ਕੇ ਨਾਂ ਦੀ ਇੱਕ ਸੰਸਥਾ ਦੇ ਸਰਵੇਖਣ ਮੁਤਾਬਕ ਬ੍ਰਿਟਿਸ਼ ਸਕੂਲਾਂ ਵਿੱਚ ਪੜ੍ਹਦੇ ਹਰ 10 ਵਿੱਚੋਂ 5 ਭਾਰਤੀ ਵਿਦਿਆਰਥੀ ਧਰਮ ਦੇ ਆਧਾਰ ’ਤੇ ਬੁਲਿੰਗ ਦਾ ਸ਼ਿਕਾਰ ਹੁੰਦੇ ਹਨ। ਭਾਰਤੀ ਵਿਦਿਆਰਥੀਆਂ ਨਾਲ ਪੜ੍ਹਨ ਵਾਲੇ ਬ੍ਰਿਟਿਸ਼ ਮੂਲ ਦੇ ਬੱਚੇ ਭਾਰਤੀ ਧਰਮਾਂ ਬਾਰੇ ਨਹੀਂ ਜਾਣਦੇ। ਉਨ੍ਹਾਂ ਨੂੰ ਭਾਰਤੀ ਧਰਮਾਂ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ। ਇਸ ਕਾਰਨ ਭਾਰਤੀ ਬੱਚਿਆਂ ਨਾਲ ਬੁਲਿੰਗ ਹੁੰਦੀ ਹੈ। ਹੁਣ ਭਾਰਤੀ ਧਰਮਾਂ ਦੀ ਸਿੱਖਿਆ ਨੂੰ ਸ਼ਾਮਲ ਕਰਨ ਨਾਲ ਦੂਜੇ ਭਾਈਚਾਰਿਆਂ ਦੇ ਬੱਚੇ ਵੀ ਭਾਰਤੀ ਧਰਮਾਂ ਬਾਰੇ ਆਪਣੀ ਸਮਝ ਵਧਾ ਸਕਣਗੇ।
ਪੜ੍ਹੋ ਇਹ ਅਹਿਮ ਖ਼ਬਰ-'ਸੁਪਰ 30' ਦੇ ਸੰਸਥਾਪਕ ਆਨੰਦ ਕੁਮਾਰ ਨੂੰ ਮਿਲਿਆ UAE ਦਾ 'ਗੋਲਡਨ ਵੀਜ਼ਾ', ਜਾਣੋ ਫ਼ਾਇਦੇ
ਯੋਗਾ-ਵੈਦਿਕ ਗਣਿਤ ਵੀ:
ਸਰਵੇਖਣ ਵਿੱਚ ਭਾਰਤੀ ਮਾਪਿਆਂ ਨੇ ਬ੍ਰਿਟਿਸ਼ ਸਕੂਲਾਂ ਦੇ ਪਾਠਕ੍ਰਮ ਵਿੱਚ ਯੋਗ, ਆਯੁਰਵੇਦ, ਸੰਸਕਾਰ ਸਿੱਖਿਆ, ਮੈਡੀਟੇਸ਼ਨ ਅਤੇ ਵੈਦਿਕ ਗਣਿਤ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ।
ਭਾਰਤੀ ਸੰਸਥਾਵਾਂ ਕਰਵਾਉਂਦੀਆਂ ਹਨ ਧਾਰਮਿਕ ਸਿੱਖਿਆ ਵਿੱਚ ਕਿੱਤਾਮੁਖੀ ਕੋਰਸ
ਬ੍ਰਿਟੇਨ ਵਿੱਚ ਹੁਣ ਤੱਕ, ਵਿਸ਼ਵ ਹਿੰਦੂ ਪ੍ਰੀਸ਼ਦ ਯੂ.ਕੇ ਅਤੇ ਵੈਦਿਕ ਸਿੱਖਿਆ ਸੰਗਠਨ (ਵੌਇਸ) ਵਰਗੀਆਂ ਸੰਸਥਾਵਾਂ ਭਾਰਤੀ ਪਰਿਵਾਰਾਂ ਦੇ ਬੱਚਿਆਂ ਲਈ ਧਾਰਮਿਕ ਸਿੱਖਿਆ ਵਿੱਚ ਕਿੱਤਾਮੁਖੀ ਕੋਰਸ ਮੁਹੱਈਆ ਕਰਵਾਉਂਦੀਆਂ ਹਨ। ਦਸ ਸਾਲਾ ਵਿਦਿਆਰਥੀ ਦੀ ਮਾਂ ਰਮਾ ਦਿਵੇਦੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਭਾਰਤੀ ਭਾਈਚਾਰਾ ਸਰਕਾਰ ਦੇ ਇਸ ਫ਼ੈਸਲੇ ਤੋਂ ਖੁਸ਼ ਹੈ। ਹੁਣ ਭਾਰਤੀ ਮੂਲ ਦੇ ਬੱਚਿਆਂ ਨੂੰ ਸਕੂਲੀ ਪਾਠਕ੍ਰਮ ਵਿੱਚ ਹੀ ਭਾਰਤੀ ਧਰਮਾਂ ਬਾਰੇ ਜਾਣਨ ਦਾ ਮੌਕਾ ਮਿਲੇਗਾ। ਬ੍ਰਿਟੇਨ ਵਿੱਚ ਰਹਿੰਦੇ ਭਾਰਤੀ ਪਰਿਵਾਰ ਅਤੇ ਹੋਰ ਸੰਸਥਾਵਾਂ ਧਾਰਮਿਕ ਸਿੱਖਿਆ ਦੇ ਕੋਰਸ ਸ਼ੁਰੂ ਕਰਨ ਦੀ ਲੰਮੇ ਸਮੇਂ ਤੋਂ ਮੰਗ ਕਰ ਰਹੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।