26/11 ਹਮਲੇ ''ਚ ਵਾਲ-ਵਾਲ ਬਚਿਆ ਬੇਬੀ ਮੋਸ਼ੇ ਜਨਵਰੀ ''ਚ ਪੀ. ਐਮ ਨੇਤਨਯਾਹੂ ਨਾਲ ਆ ਸਕਦਾ ਹੈ ਭਾਰਤ

11/27/2017 11:12:39 AM

ਯੇਰੁਸ਼ਲਮ(ਬਿਊਰੋ)— 9 ਸਾਲ ਪਹਿਲਾਂ 26/11 ਨੂੰ ਮੁੰਬਈ 'ਤੇ ਹੋਏ ਲਸ਼ਕਰ ਅੱਤਵਾਦੀਆਂ ਦੇ ਹਮਲੇ ਵਿਚ ਵਾਲ-ਵਾਲ ਬਚੇ 2 ਸਾਲ ਦੇ ਮੋਸ਼ੇ ਹੋਲਤਜ਼ਬਰਗ ਨੇ ਇਸੀ ਹਫਤੇ ਆਪਣਾ 11ਵਾਂ ਜ਼ਨਮਦਿਨ ਮਨਾਇਆ ਹੈ। ਮੋਸ਼ੇ ਇਸ ਅੱਤਵਾਦੀ ਹਮਲੇ ਵਿਚ ਆਪਣੇ ਮਾਤਾ-ਪਿਤਾ ਰਿਵਿਕਾ ਹੋਲਤਜ਼ਬਰਗ ਅਤੇ ਰੱਬੀ ਗ੍ਰੇਵੀਅਲ ਨੂੰ ਹਮੇਸ਼ਾ ਲਈ ਗੁਆ ਚੁੱਕਾ ਹੈ। ਖੁਦ ਉਸ ਦੀ ਜਾਨ ਉਸ ਦੀ ਬਹਾਦਰ ਭਾਰਤੀ ਨੈਨੀ (ਬੱਚਿਆਂ ਦੀ ਦੇਖਭਾਲ ਕਰਨ ਵਾਲੀ) ਸਾਂਡ੍ਰਾ ਸੈਮੂਅਲ ਦੇ ਕਾਰਨ ਬਚੀ। ਮੋਸ਼ੇ ਦੇ ਆਪਣੇ ਦਾਦਾ-ਦਾਦੀ ਸਮੇਤ 14 ਜਨਵਰੀ ਨੂੰ ਇਜ਼ਰਾਇਲੀ ਰਾਸ਼ਟਰਪਤੀ ਬੈਂਜਾਮਿਨ ਨੇਤਨਯਾਹੂ ਨਾਲ 4 ਦਿਨੀਂ ਭਾਰਤ ਯਾਤਰਾ 'ਤੇ ਆਉਣ ਦੀ ਸੰਭਾਵਨਾ ਹੈ।
ਮੋਸ਼ੇ ਦੇ ਦਾਦਾ ਰੋਜੇਨਬਰਗ ਨੇ ਐਤਵਾਰ ਨੂੰ ਮੁੰਬਈ ਵਿਚ ਪਾਕਿਸਤਾਨੀ ਅੱਤਵਾਦੀਆਂ ਦੇ ਹੱਥੋਂ ਕੀਤੇ ਗਏ ਉਸ ਨਰਸੰਹਾਰ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਇਹ ਉਹ ਹਫਤਾ ਹੈ, ਜਦੋਂ ਅਸੀਂ ਖੁਦ ਵਿਚ ਹੀ ਸਿਮਟੇ ਰਹਿਣਾ ਚਾਹੁੰਦੇ ਹਾਂ। ਐਤਵਾਰ ਨੂੰ ਅਸੀਂ ਮਾਊਂਟ ਓਲਿਵਸ ਸੀਮੇਟ੍ਰੀ ਵਿਚ ਪ੍ਰਾਰਥਨਾ ਕੀਤੀ। ਕਿਉਂਕਿ 26/11 ਦੀ ਬਰਸੀ ਨੂੰ 9 ਸਾਲ ਪੂਰੇ ਹੋ ਗਏ ਹਨ। ਰੋਜੇਨਬਰਗ ਅਤੇ ਉਨ੍ਹਾਂ ਦੀ ਪਤਨੀ ਯੇਹੁਦਿਤ ਨੇ ਅੱਤਵਾਦੀ ਹਮਲੇ ਤੋਂ ਬਾਅਦ ਆਪਣੇ ਦਮ 'ਤੇ ਮੋਸ਼ੇ ਦੀ ਪਰਵਰਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 11 ਸਾਲ ਦੇ ਹੋ ਚੁੱਕੇ ਮੋਸ਼ੇ ਦੇ 'ਬਾਰ ਮਿਤਜਵਾਹ' ਨੂੰ ਮਨਾਉਣ ਲਈ ਮੁੰਬਈ ਆਉਣਾ ਚਾਹੁੰਦਾ ਹੈ। ਯਹੂਦੀ ਮੁੰਡਿਆਂ ਦੇ 13 ਸਾਲ ਦੇ ਹੋਣ 'ਤੇ ਇਸ ਰਸਮ ਨੂੰ ਪੂਰਾ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁੰਬਈ ਜਾਣ ਦੇ ਸਬੰਧ ਵਿਚ ਉਨ੍ਹਾਂ ਨੂੰ ਇਜ਼ਰਾਇਲੀ ਪ੍ਰਧਾਨ ਮੰਤਰੀ ਵੱਲੋਂ ਸੰਦੇਸ਼ ਮਿਲਿਆ ਹੈ। ਅਜੇ ਉਸ ਦੀ ਪੁਸ਼ਟੀ ਹੋਣੀ ਬਾਕੀ ਹੈ। ਮੋਸ਼ੇ ਦੇ ਦਾਦਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਦੇਖੇ ਕਿ ਉਸ ਦੇ ਮਾਤਾ-ਪਿਤਾ ਕਿੱਥੇ ਰਹਿੰਦੇ ਸਨ ਅਤੇ ਕਿੱਥੇ ਕੰਮ ਕਰਦੇ ਸਨ। ਉਸ ਨੂੰ ਮੁੰਬਈ ਨਾਲ ਬਹੁਤ ਲਗਾਅ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਅਗਸਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਇਜ਼ਰਾਇਲ ਦੌਰੇ 'ਤੇ ਗਏ ਸਨ ਅਤੇ ਉਥੇ ਉਨ੍ਹਾਂ ਨੇ ਮੋਸ਼ੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਇਸ ਭਾਵਨਾਤਮਕ ਮੁਲਾਕਾਤ ਵਿਚ ਉਨ੍ਹਾ ਨੇ ਮੋਸ਼ੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ 10 ਸਾਲ ਦਾ ਮਲਟੀਪਲ ਟ੍ਰੈਵਲ ਵੀਜ਼ਾ ਦਿੱਤ ਸੀ ਤਾਂ ਕਿ ਉਹ ਜਦੋਂ ਚਾਹੇ ਭਾਰਤ ਆ ਸਕੇ।


Related News