ਕੈਨੇਡਾ 'ਚ 25 ਸਾਲ ਬਾਅਦ ਖਸਰੇ ਕਾਰਨ ਬੱਚੇ ਦੀ ਮੌਤ

05/17/2024 5:22:37 PM

ਟੋਰਾਂਟੋ : ਕੈਨੇਡਾ ਵਿਚ ਖਸਰੇ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਮੌਤ ਹੋਣ ਦੀ ਰਿਪੋਰਟ ਹੈ। ਦੇਸ਼ ਵਿਚ ਪਿਛਲੇ 25 ਸਾਲ ਦੌਰਾਨ ਖਸਰੇ ਕਾਰਨ ਕੋਈ ਮੌਤ ਨਹੀਂ  ਹੋਈ ਅਤੇ ਇਸ ਪਹਿਲੇ ਮਾਮਲੇ ਤੋਂ ਸਿਹਤ ਮਾਹਰ ਚਿੰਤਤ ਹਨ। ਬੱਚਾ ਓਂਟਾਰੀਓ ਨਾਲ ਸਬੰਧਤ ਸੀ ਅਤੇ ਸਿਹਤ ਅਧਿਕਾਰੀਆਂ ਮੁਤਾਬਕ ਬੱਚੇ ਨੂੰ ਬਿਮਾਰੀ ਤੋਂ ਬਚਾਅ ਕਰਨ ਵਾਲਾ ਟੀਕਾ ਨਹੀਂ ਸੀ ਲੱਗਾ ਹੋਇਆ। ਟੋਰਾਂਟੋ ਦੇ ਜਨਰਲ ਹਸਪਤਾਲ ਵਿਚ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਦੇ ਮਾਹਰ ਡਾ. ਇਸਾਕ ਬੋਗੋਚ ਨੇ ਕਿਹਾ ਕਿ ਤਾਜ਼ਾ ਮਾਮਲਾ ਦਰਸਾਉਂਦਾ ਹੈ ਕਿ ਵੈਕਸੀਨੇਸ਼ਨ ਵਿਚ ਬਿਲਕੁਲ ਅਣਗਹਿਲੀ ਨਹੀਂ ਹੋਣੀ ਚਾਹੀਦੀ।

25 ਸਾਲ ਪਹਿਲਾਂ ਹੋਈ ਸੀ ਖਸਰੇ ਕਾਰਨ ਆਖਰੀ ਮੌਤ 

ਅਜਿਹੀਆਂ ਬਿਮਾਰੀਆਂ ਨਾ ਸਿਰਫ ਦੁਨੀਆ ਦੇ ਹੋਰਨਾਂ ਮੁਲਕਾਂ ਵਿਚ ਮਾਰੂ ਅਸਰ ਪਾਉਂਦੀਆਂ ਹਨ ਬਲਕਿ ਕੈਨੇਡਾ ਵੀ ਬਚ ਨਹੀਂ ਸਕਦਾ। ਦੂਜੇ ਪਾਸੇ ਯੂਨੀਵਰਸਿਟੀ ਆਫ ਟੋਰਾਂਟੋ ਵਿਚ ਸੈਂਟਰ ਫੌਰ ਵੈਕਸੀਨ ਪ੍ਰਿਵੈਂਟੇਬਲ ਡਿਜ਼ੀਜ਼ ਦੀ ਡਾਇਰੈਕਟਰ ਸ਼ੈਲੀ ਬੋਲੋਟਿਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਯਾਦ ਨਹੀਂ ਕਿ ਕੈਨੇਡਾ ਵਿਚ ਖਸਰੇ ਕਾਰਨ ਆਖਰੀ ਮੌਤ ਕਦੋਂ ਹੋਈ। ਉਨ੍ਹਾਂ ਦਾਅਵਾ ਕੀਤਾ ਕਿ 1998 ਵਿਚ ਖਸਰੇ ਦੀ ਬਿਮਾਰੀ ਮੁਲਕ ਵਿਚੋਂ ਖਤਮ ਹੋ ਗਈ ਅਤੇ ਮੌਜੂਦਾ ਸਮੇਂ ਵਿਚ ਸਾਹਮਦੇ ਆਉਣ ਵਾਲੇ ਮਰੀਜ਼ਾਂ ਵਿਦੇਸ਼ਾਂ ਤੋਂ ਇਨਫੈਕਸ਼ਨ ਲੈ ਕੇ ਆਉਂਦੇ ਹਨ। 

ਉਨ੍ਹਾਂ ਕਿਹਾ ਕਿ ਸੰਭਾਵਤ ਤੌਰ ’ਤੇ ਕੈਨੇਡਾ ਵਿਚ ਖਸਰੇ ਕਾਰਨ ਆਖਰੀ ਮੌਤ 25 ਸਾਲ ਪਹਿਲਾਂ ਹੋਈ ਸੀ। ਹੌਸਪਿਟਲ ਫੌਰ ਸਿਕ ਚਿਲਡ੍ਰਨ ਵਿਚ ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਸ਼ੌਨ ਮੌਰਿਸ ਨੇ ਦੱਸਿਆ ਕਿ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਇਨਫੈਕਸ਼ਨ ਹੋਣ ਅਤੇ ਦਿਲ ਕੰਬਾਊ ਨਤੀਜੇ ਸਾਹਮਣੇ ਆਉਣ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ। ਖਸਰੇ ਤੋਂ ਪੀੜਤ ਬੱਚੇ ਕਈ ਹੋਰ ਬਿਮਾਰੀਆਂ ਜਿਵੇਂ ਨਿਮੋਨੀਆ ਜਾਂ ਡਾਇਰੀਆ ਦਾ ਸ਼ਿਕਾਰ ਬਣ ਜਾਂਦੇ ਹਨ। ਆਮ ਤੌਰ ’ਤੇ ਸਿਰਫ 20 ਫ਼ੀਸਦੀ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ। ਦੱਸ ਦੇਈਏ ਕਿ ਕੈਨੇਡਾ ਵਿਚ ਖਸਰੇ ਤੋਂ ਬਚਾਅ ਲਈ ਵੈਕਸੀਨੇਸ਼ਨ ਪ੍ਰੋਗਰਾਮ ਲਗਾਤਾਰ ਚਲਾਏ ਜਾਂਦੇ ਹਨ ਪਰ ਕੌਮਾਂਤਰੀ ਪੱਧਰ ’ਤੇ ਮਰੀਜ਼ਾਂ ਦੀ ਗਿਣਤੀ ਵਧਣ ਅਤੇ ਕੈਨੇਡਾ ਵਿਚ ਵੈਕਸੀਨੇਸ਼ਨ ਦੀ ਰਫ਼ਤਾਰ ਵਿਚ ਕਮੀ ਆਉਣ ਕਰ ਕੇ ਮੌਜੂਦਾ ਵਰ੍ਹੇ ਦੌਰਾਨ ਹੁਣ ਤੱਕ 76 ਮਰੀਜ਼ ਸਾਹਮਣੇ ਆ ਚੁੱਕੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਬਰੈਂਪਟਨ ’ਚ ਵਿਕਟੋਰੀਆ ਡੇਅ ਮੌਕੇ ਪਟਾਕੇ ਚਲਾਉਣ ਤੇ ਵੇਚਣ ’ਤੇ ਪਾਬੰਦੀ

ਬਿਮਾਰੀ ਦੇ ਲੱਛਣ 

ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਛੇ ਗੁਣਾ ਵੱਧ ਬਣਦਾ ਹੈ ਅਤੇ ਹਾਲੇ ਛੇ ਮਹੀਨੇ ਤੋਂ ਵੱਧ ਸਮਾਂ ਬਾਕੀ ਹੈ। ਡਾ. ਇਸਾਕ ਬੋਗੋਚ ਮੁਤਾਬਕ ਖਸਰੇ ਕਾਰਨ ਹਰ ਸਾਲ ਦੁਨੀਆ ਵਿਚ ਇਕ ਲੱਖ 30 ਹਜ਼ਾਰ ਮਰੀਜ਼ਾਂ ਨੂੰ ਜਾਨ ਗਵਾਉਣੀ ਪੈਂਦੀ ਹੈ ਪਰ ਵੈਕਸੀਨੇਸ਼ਨ ਰਾਹੀਂ ਐਨੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਇਸ ਸਾਲ ਹੁਣ ਤੱਕ ਓਨਟਾਰੀਓ ਵਿੱਚ ਨੌਂ ਸਾਲ ਅਤੇ ਇਸ ਤੋਂ ਘੱਟ ਉਮਰ ਦੇ ਪੰਜ ਬੱਚਿਆਂ ਨੂੰ ਖਸਰੇ ਦੀ ਲਾਗ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਸਾਰਿਆਂ ਦਾ ਟੀਕਾਕਰਨ ਨਹੀਂ ਹੋਇਆ ਸੀ। ਰਿਪੋਰਟ ਦਰਸਾਉਂਦੀ ਹੈ ਕਿ ਇਹਨਾਂ ਪੰਜ ਬੱਚਿਆਂ ਵਿੱਚੋਂ ਇੱਕ ਦੀ ਹਾਲ ਹੀ ਵਿੱਚ ਲਾਗ ਨਾਲ ਮੌਤ ਹੋ ਗਈ। ਇਸੇ ਦੌਰਾਨ ਓਂਟਾਰੀਓ ਵਿਚ ਮਰੀਜ਼ਾਂ ਦਾ ਅੰਕੜਾ 22 ਤੱਕ ਪੁੱਜ ਚੁੱਕਾ ਹੈ। ਮਾਹਰਾਂ ਮੁਤਾਬਕ ਬਿਮਾਰੀ ਦੇ ਲੱਛਣ ਕਿਸੇ ਮਰੀਜ਼ ਦੇ ਸੰਪਰਕ ਵਿਚ ਆਉਣ ਤੋਂ 21 ਦਿਨ ਬਾਅਦ ਵੀ ਸਾਹਮਣੇ ਆ ਸਕਦੇ ਹਨ ਜਿਨ੍ਹਾਂ ਵਿਚ ਬੁਖਾਰ, ਖੰਘ, ਜ਼ੁਕਾਮ, ਲਾਲ ਅਤੇ ਪਾਣੀ ਨਾਲ ਭਰੀਆਂ ਅੱਖਾਂ ਅਤੇ ਸਰੀਰ ’ਤੇ ਲਾਲ ਧੱਬੇ ਸ਼ਾਮਲ ਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News