ਭਾਰਤ ਦੇ ਚੀਫ ਚੋਣ ਕਮਿਸ਼ਨਰ ਨੇ ਪ੍ਰਵਾਸੀਆਂ ਨਾਲ ਕੀਤੀ ਗੱਲਬਾਤ

06/09/2019 9:05:55 AM

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)— ਬੀਤੇ ਦਿਨ ਭਾਰਤੀ ਸਫਾਰਤਖਾਨੇ ਦੇ ਮੁੱਖ ਦਫਤਰ ਵਾਸ਼ਿੰਗਟਨ ਡੀ. ਸੀ. ਵਿਖੇ ਪ੍ਰਵਾਸੀਆਂ ਨੂੰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਰੂ-ਬ-ਰੂ ਕੀਤਾ ਗਿਆ। ਇਹ ਆਯੋਜਨ ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਰਿੰਗਲਾ ਦੀ ਸਰਪ੍ਰਸਤੀ ਹੇਠ ਪ੍ਰਵਾਸੀਆਂ ਨਾਲ ਖਾਸ ਮਿਲਣੀ ਦਾ ਪ੍ਰਬੰਧ ਕੀਤਾ ਗਿਆ। ਇੱਥੇ ਭਾਈਚਾਰਾ ਮੰਤਰੀ ਅਨੁਰਾਗ ਕੁਮਾਰ ਵਲੋਂ ਜਾਣ-ਪਹਿਚਾਣ ਉਪਰੰਤ ਭਾਰਤੀ ਅੰਬੈਸਡਰ ਨੂੰ 'ਜੀ ਆਇਆ' ਕਹਿਣ ਲਈ ਸੱਦਾ ਦਿੱਤਾ ਗਿਆ। ਇਸ ਮੌਕੇ 2019 ਦੀ ਚੋਣ ਪ੍ਰਕਿਰਿਆ 'ਤੇ ਚਾਨਣਾ ਪਾਇਆ ਗਿਆ। 
PunjabKesari

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਵਲੋਂ 2019 ਦੀ ਪੂਰੀ ਚੋਣ ਪ੍ਰਕਿਰਿਆ ਨੂੰ ਪੜਾਅ ਵਾਰ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਹਾਈਕੋਰਟ, ਸੁਪਰੀਮ ਕੋਰਟ ਵਲੋਂ ਦਿੱਤੇ ਨਿਰਦੇਸ਼ਾਂ ਨੂੰ ਇਨ-ਬਿਨ ਲਾਗੂ ਕਰਕੇ ਪਾਰਦਰਸ਼ੀ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ। ਉਨ੍ਹਾਂ ਆਪਣੇ ਤਜ਼ਰਬੇ ਦੇ ਹਰ ਪਹਿਲੂ ਨੂੰ ਸਾਂਝਾ ਕੀਤਾ ਅਤੇ ਪ੍ਰਵਾਸੀਆਂ ਦੇ ਆਸ਼ੇ 'ਤੇ ਪੂਰਨ ਤੌਰ 'ਤੇ ਉਤਰਨ ਦਾ ਵਾਅਦਾ ਨਿਭਾਇਆ। ਉਨ੍ਹਾਂ ਦੇ ਸਾਥੀ ਵਲੋਂ ਚੋਣ ਪ੍ਰਕਿਰਿਆ ਅਤੇ ਪ੍ਰਵਾਸੀਆਂ ਦੀ ਜਾਣਕਾਰੀ ਲਈ ਸੈਮੀਨਾਰ ਰਾਹੀਂ ਭਰਪੂਰ ਜਾਣਕਾਰੀ ਦਿੱਤੀ ਤਾਂ ਜੋ ਪ੍ਰਵਾਸੀ ਆਪਣੇ ਵੋਟ ਹੱਕ ਦਾ ਲਾਹਾ ਲੈ ਸਕਣ।
ਲੋਕਾਂ ਨੇ ਕਿਹਾ ਕਿ ਚੋਣ ਕਮਿਸ਼ਨ ਸਾਫ ਸੁਥਰੀ ਚੋਣ ਪ੍ਰਕਿਰਿਆ ਲਈ ਧੰਨਵਾਦ ਦਾ ਪਾਤਰ ਹੈ ਪਰ ਭਵਿੱਖ ਇੱਕੋ ਗੇੜ ਵਿੱਚ ਚੋਣਾਂ ਕਰਾਉਣ ਦੀ ਮੰਗ ਕਰਦਾ ਹੈ। ਅਰੋੜਾ ਨੇ ਕਿਹਾ ਕਿ ਭਾਰਤ ਦੀ ਚੋਣ ਪ੍ਰਕਿਰਿਆ ਸਬੰਧੀ ਹਰ ਦੇਸ਼ ਉਨ੍ਹਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ। ਅੰਤ ਵਿੱਚ ਕਮਿਊਨਿਟੀ ਮਨਿਸਟਰ ਨੇ ਅੰਬੈਸੀ ਦੀ ਸਮੁੱਚੀ ਟੀਮ, ਮਹਿਮਾਨਾਂ ਅਤੇ ਇਲੈਕਸ਼ਨ ਕਮਿਸ਼ਨ ਦੀ ਟੀਮ ਦਾ ਧੰਨਵਾਦ ਕੀਤਾ। ਉਪਰੰਤ ਸ਼ਾਮ ਦੀ ਚਾਹ ਅਤੇ ਸਨੈਕਸ ਮਹਿਮਾਨਾਂ ਨੂੰ ਪਰੋਸੇ ਗਏ। ਮਹਿਮਾਨ ਮਿਲਣੀ ਦੌਰਾਨ ਕਈ ਪ੍ਰਵਾਸੀਆਂ ਨੇ ਆਪਣੇ ਸ਼ੰਕੇ ਦੂਰ ਕੀਤੇ ਅਤੇ ਯਾਦਗਾਰੀ ਤਸਵੀਰਾਂ ਖਿਚਵਾ ਕੇ ਆਪਣੀ ਹਾਜ਼ਰੀ ਦਾ ਪ੍ਰਗਟਾਵਾ ਕੀਤਾ। ਕੁੱਲ ਮਿਲਾ ਕੇ ਇਹ ਸਮਾਗਮ ਸ਼ਲਾਘਾ ਦਾ ਪ੍ਰਤੀਕ ਬਣਿਆ।


Related News