ਸ਼ਿਕਾਗੋ ਦੀ ਭਾਰਤੀ-ਅਮਰੀਕੀ ਨੇਤਾ ਨੇ ਕੌਮਾਂਤਰੀ ਵੈਦਿਕ ਸਿਹਤ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ
Sunday, Sep 12, 2021 - 11:55 AM (IST)
 
            
            ਵਾਸ਼ਿੰਗਟਨ (ਭਾਸ਼ਾ) - ਸ਼ਿਕਾਗੋ ਦੇ ਭਾਰਤੀ-ਅਮਰੀਕੀ ਭਾਈਚਾਰੇ ਦੀ ਇਕ ਵੱਕਾਰੀ ਨੇਤਾ ਨੇ ਸ਼ੁੱਕਰਵਾਰ ਨੂੰ ਵੈਦਿਕ ਸਿਹਤ ਅਤੇ ਕੌਮਾਂਤਰੀ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਸੰਤੋਸ਼ ਕੁਮਾਰ ਨੇ ਸ਼ਿਕਾਗੋ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਵੈਦਿਕ ਯੂਨੀਵਰਸਿਟੀ ਦਾ ਉਦੇਸ਼ ਸਨਾਤਨ ਧਰਮ ਦੇ ਆਦਰਸ਼ਾਂ ਅਤੇ ਮੁੱਲਾਂ ਬਾਰੇ ਪੜ੍ਹਾਉਣਾ, ਉਨ੍ਹਾਂ ਨੂੰ ਸੁਰੱਖਿਅਤ ਕਰਨਾ ਅਤੇ ਅੱਗੇ ਵਧਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੂਨੀਵਰਸਿਟੀ ਦੀ ਉਸਾਰੀ 38 ਏਕੜ ਜ਼ਮੀਨ ’ਤੇ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਸਰਟੀਫਿਕੇਟ, ਐਸੋਸੀਏਟ, ਬੈਚਲਰ, ਮਾਸਟਰ ਅਤੇ ਪੀ. ਐੱਚ. ਡੀ. ਡਿਗਰੀ ਦੇ ਪਾਠਕ੍ਰਮ ਪੜ੍ਹਾਏ ਜਾਣਗੇ।
ਇਸ ਯੂਨੀਵਰਸਿਟੀ ਦਾ ਸ਼ੁਰੂਆਤੀ ਵਿੱਤ ਪੋਸ਼ਣ ਉਨ੍ਹਾਂ ਦੇ ਸਵਰਗੀ ਪਤੀ ਪ੍ਰਮੋਦ ਕੁਮਾਰ ਦੀ ਟਰੱਸਟ ਫੰਡ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਵਲੋਂ ਕੀਤਾ ਜਾਏਗਾ। ਭਾਈਚਾਰੇ ਦੇ ਇਕ ਹੋਰ ਨੇਤਾ ਵਿਜੇ ਜੀ ਪ੍ਰਭਾਕਰ ਨੇ ਯੂਨੀਵਰਸਿਟੀ ਵਿਚ ਡੈਨੀ ਕੇ. ਡੇਵਿਸ ਇੰਟਰਫੇਥ ਚੇਅਰ ਸਥਾਪਿਤ ਕਰਨ ਲਈ 1,00,000 ਡਾਲਰ ਦਾ ਦਾਨ ਦੇਣ ਦਾ ਐਲਾਨ ਕੀਤਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            