ਦੱਖਣੀ-ਪੱਛਮੀ ਜਾਪਾਨ ਦੇ ਤੱਟ ''ਤੇ ਰਸਾਇਣਕ ਟੈਂਕਰ ਅਤੇ ਮਾਲਵਾਹਕ ਜਹਾਜ਼ ਦੀ ਹੋਈ ਟੱਕਰ
Saturday, Aug 20, 2022 - 06:19 PM (IST)
ਟੋਕੀਓ (ਏਜੰਸੀ)- ਦੱਖਣੀ-ਪੱਛਮੀ ਜਾਪਾਨ ਤੱਟ ਦੇ ਨੇੜੇ ਇਕ ਜਾਪਾਨੀ ਰਸਾਇਣਕ ਟੈਂਕਰ ਜਹਾਜ਼ ਅਤੇ ਚੀਨੀ ਮਾਲਵਾਹਕ ਜਹਾਜ਼ ਦੀ ਟੱਕਰ ਹੋ ਗਈ। ਕੋਸਟ ਗਾਰਡ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਘਟਨਾ ਵਿੱਚ ਰਯੋਸ਼ਿਨਮਾਰੂ ਟੈਂਕਰ ਵਿੱਚ ਸਵਾਰ 6 ਜਾਪਾਨੀ ਚਾਲਕ ਦਲ ਵਿੱਚੋਂ ਕੋਈ ਵੀ ਜ਼ਖ਼ਮੀ ਨਹੀਂ ਹੋਇਆ, ਜਦੋਂ ਕਿ ਬੇਲੀਜ਼-ਰਜਿਸਟਰਡ ਕਾਰਗੋ ਜਹਾਜ਼ ਸ਼ਿਨ ਹਾਈ 99 ਵਿੱਚ ਸਵਾਰ 14 ਚੀਨੀ ਚਾਲਕ ਦਲ ਵੀ ਸੁਰੱਖਿਅਤ ਹੈ।
ਕੁਸ਼ੀਮੋਟੋ ਕੋਸਟ ਗਾਰਡ ਦੇ ਇਕ ਅਧਿਕਾਰੀ ਮੁਤਾਬਕ ਸ਼ਨੀਵਾਰ ਤੜਕੇ ਹੋਈ ਟੱਕਰ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿਹਾ ਕਿ ਦੋਵੇਂ ਜਹਾਜ਼ ਦੀ ਟੱਕਰ ਵਾਕਾਯਾਮਾ ਸੂਬੇ ਦੇ ਤੱਟ ਤੋਂ ਲਗਭਗ 3.5 ਕਿਲੋਮੀਟਰ (2.2 ਮੀਲ) ਦੂਰ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਮਾਲਵਾਹਕ ਜਹਾਜ਼ ਦੇ ਇੰਜਣ ਖੇਤਰ ਤੋਂ ਤੇਲ ਲੀਕ ਹੋਣ ਕਾਰਨ ਜਹਾਜ਼ ਸ਼ੁਰੂਆਤ ਵਿਚ ਡੁੱਬਣ ਲੱਗਾ ਸੀ, ਪਰ ਇਸ 'ਤੇ ਕਾਬੂ ਪਾ ਲਿਆ ਗਿਆ।
ਜਾਪਾਨੀ ਟੈਂਕਰ ਕਿਸੇ ਹੋਰ ਜਾਪਾਨੀ ਬੰਦਰਗਾਹ ਤੋਂ ਰਸਾਇਣ ਲੈਣ ਲਈ ਕੋਬੇ ਬੰਦਰਗਾਹ ਤੋਂ ਰਵਾਨਾ ਹੋਇਆ ਸੀ। ਹਾਲਾਂਕਿ ਹਾਦਸੇ ਦੇ ਸਮੇਂ ਉਸ ਵਿੱਚ ਕੋਈ ਰਸਾਇਣ ਨਹੀਂ ਸੀ। ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਨੂੰ ਮੌਕੇ 'ਤੇ ਭੇਜਿਆ ਜਾ ਰਿਹਾ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜੀ.ਪੀ.ਐੱਸ. ਰਿਕਾਰਡ ਦੀ ਖੋਜ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਚੀਨੀ ਚਾਲਕ ਦਲ ਨੇ ਕੋਸਟ ਗਾਰਡ ਨੂੰ ਦੱਸਿਆ ਕਿ ਜਾਪਾਨੀ ਟੈਂਕਰ ਅਚਾਨਕ ਉਨ੍ਹਾਂ ਵੱਲ ਮੁੜ ਗਿਆ ਸੀ।