ਬਾਬਾ ਸਾਹਿਬ ਡਾ:ਅੰਬੇਦਕਰ ਤੇ ਸ਼੍ਰੀ ਕਾਂਸ਼ੀ ਰਾਮ ਜੀ ਨੂੰ ਸਮਰਪਿਤ ਵਿਸ਼ਾਲ ਸਮਾਗਮ 16 ਜੁਲਾਈ ਨੂੰ

Friday, Jul 14, 2023 - 03:35 PM (IST)

ਬਾਬਾ ਸਾਹਿਬ ਡਾ:ਅੰਬੇਦਕਰ ਤੇ ਸ਼੍ਰੀ ਕਾਂਸ਼ੀ ਰਾਮ ਜੀ ਨੂੰ ਸਮਰਪਿਤ ਵਿਸ਼ਾਲ ਸਮਾਗਮ 16 ਜੁਲਾਈ ਨੂੰ

ਰੋਮ (ਦਲਵੀਰ ਕੈਂਥ,ਟੇਕ ਚੰਦ)- ਭਾਰਤੀ ਸਮਾਜ ਵਿੱਚ ਗਰੀਬ ਤੇ ਬੇਵੱਸ ਲੋਕਾਂ ਨਾਲ ਹੋ ਰਹੀ ਸਰਮਾਏਦਾਰਾਂ ਵੱਲੋਂ ਕਾਣੀ ਵੰਡ, ਵਿਤਕਰਾ ਤੇ ਜੁਲਮ ਨੂੰ ਠੱਲ ਪਾਉਣ ਲਈ ਆਪਣੀ ਕਲਮ ਨਾਲ ਇਨਕਲਾਬ ਲਿਆਉਣ ਵਾਲੇ ਯੁੱਗ ਪੁਰਸ਼, ਭਾਰਤ ਰਤਨ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ:ਭੀਮ ਰਾਓ ਅੰਬੇਡਕਰ ਸਾਹਿਬ ਅਤੇ ਭਾਰਤ ਦੀ ਸਿਆਸਤ ਦਾ ਧੁਰਾ ਘਮਾਉਣ ਵਾਲੇ ਸ਼੍ਰੀ ਕਾਂਸ਼ੀ ਰਾਮ, ਜਿਨ੍ਹਾਂ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸਿੰਘਾਸਨ ਉੱਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਅਨੁਸੂਚਿਤ ਭਾਈਚਾਰੇ ਨਾਲ ਸਬੰਧਤ ਔਰਤ ਨੂੰ ਬਿਠਾਕੇ ਇਤਿਹਾਸ ਰਚਿਆ। ਇਹ ਔਰਤ ਕੁਮਾਰੀ ਭੈਣ ਮਾਇਆਵਤੀ ਜਿਹੜੀ ਕਿ ਸਿਰਫ਼ ਇੱਕ ਵਾਰ ਨਹੀਂ ਸਗੋਂ 4 ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹੀ ਹੈ। 

ਭਾਰਤ ਦੇ ਗਰੀਬਾਂ ਦੇ ਇਹਨਾਂ ਦੋਨਾਂ ਮਸੀਹਿਆਂ ਨੂੰ ਸਮਰਪਿਤ ਵਿਸ਼ਾਲ ਸਮਾਗਮ ਇਟਲੀ ਦੇ ਇਮਿਲਿਆ ਰੋਮਾਨਾ ਸੂਬੇ ਦੇ ਜ਼ਿਲ੍ਹਾ ਰਿਜੋਇਮੀਲੀਆ ਦੇ ਸ਼ਹਿਰ ਕਰੇਜੋ ਵਿਖੇ ਯੂਰਪ ਦੀ ਸਿਰਮੌਰ ਸਮਾਜ ਸੇਵੀ ਜੱਥੇਬੰਦੀ ਭਾਰਤ ਰਤਨ ਡਾ:ਬੀ.ਆਰ ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:) ਇਟਲੀ 16 ਜੁਲਾਈ ਦਿਨ ਐਤਵਾਰ 2023 ਨੂੰ ਸਮੂਹ ਅੰਬੇਡਕਰੀ ਸਾਥੀਆਂ ਤੇ ਸ੍ਰੀ ਗੁਰੂ ਰਵਿਦਾਸ ਸਭਾਵਾਂ ਦੇ ਸਹਿਯੋਗ ਨਾਲ ਕਰਵਾ ਰਹੀ ਹੈ, ਜਿਸ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਪਰਪੋਤੇ ਰਾਜ ਰਤਨ ਅੰਬੇਡਕਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ। ਰਾਜ ਰਤਨ ਅੰਬੇਡਕਰ ਅੱਜ-ਕਲ੍ਹ ਆਪਣੀ ਪਹਿਲੀ ਯੂਰਪ ਫੇਰੀ ਉੱਤੇ ਹਨ ਤੇ ਉਹ ਯੂਰਪ ਦੇ ਕਈ ਦੇਸ਼ਾਂ ਵਿੱਚ ਰਹਿਣ ਬਸੇਰਾ ਕਰਦੇ ਅੰਬੇਡਕਰੀ ਸਾਥੀਆਂ ਨਾਲ ਮਿਸ਼ਨ ਪ੍ਰਤੀ ਵਿਸ਼ਾਲ ਵਿਚਾਰ ਵਟਾਂਦਰੇ ਕਰ ਰਹੇ ਹਨ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਕੈਲਾਸ਼ ਬੰਗੜ, ਗਿਆਨ ਚੰਦ ਸੂਦ, ਸਰਬਜੀਤ ਵਿਰਕ, ਅਜਮੇਰ ਕਲੇਰ, ਰੂਪ ਲਾਲ ਸੀਮਕ, ਰਾਮ ਕਿਸ਼ਨ, ਜੀਤ ਰਾਮ ਰਮੇਸ ਪੌੜ, ਦੇਸ ਰਾਜ ਜਸੱਲ ਅਸ਼ਵਨੀ ਕੁਮਾਰ ਤੇ ਕਸ਼ਮੀਰ ਮਹਿੰਮੀ ਨੇ ਦਿੰਦਿਆਂ ਇਟਲੀ ਦੇ ਸਮੂਹ ਭਾਰਤੀ ਭਾਈਚਾਰੇ ਨੂੰ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।


author

cherry

Content Editor

Related News