ਕੈਨੇਡਾ ''ਚ ਕੰਪਨੀ ਨੇ CEO ਨੂੰ ਝੂਠ ਬੋਲ ਕੇ ਕੋਰੋਨਾ ਟੀਕਾ ਲਗਵਾਉਣਾ ਪਿਆ ਭਾਰੀ
Friday, Jan 29, 2021 - 08:39 AM (IST)
ਓਟਾਵਾ- ਕੋਰੋਨਾ ਵਾਇਰਸ ਟੀਕਾ ਲਗਵਾਉਣ ਲਈ ਦੁਨੀਆ ਭਰ ਦੇ ਲੋਕਾਂ ਵਿਚ ਦੌੜ ਲੱਗੀ ਹੈ। ਹਰ ਕੋਈ ਕਿਸੇ ਨਾ ਕਿਸੇ ਤਰ੍ਹਾਂ ਪਹਿਲਾਂ ਟੀਕਾ ਲਗਵਾਉਣਾ ਚਾਹੁੰਦਾ ਹੈ। ਇਸ ਵਿਚਕਾਰ ਕੈਨੇਡਾ ਵਿਚ ਇਕ ਵੱਡੀ ਕਸੀਨੋ ਕੰਪਨੀ ਦੇ ਸੀ. ਈ. ਓ. ਨੂੰ ਵੈਕਸੀਨ ਲਈ ਤਾਲਾਬੰਦੀ ਤੋੜਨਾ ਤੇ ਝੂਠ ਬੋਲ ਕੇ ਕੋਰੋਨਾ ਟੀਕਾ ਲਵਾਉਣਾ ਮਹਿੰਗਾ ਪਿਆ। ਕੰਪਨੀ ਦੇ ਬੋਰਡ ਨੇ ਬਦਨਾਮੀ ਤੋਂ ਬਚਣ ਲਈ ਆਪਣੇ ਸੀ. ਈ. ਓ. ਤੋਂ ਅਸਤੀਫ਼ਾ ਲੈ ਲਿਆ।
ਰਿਪੋਰਟ ਮੁਤਾਬਕ ਰਾਡ ਬੇਕਰ ਸਾਲ 2011 ਤੋਂ ਕੈਨੇਡੀਅਨ ਕਸੀਨੋ ਕੰਪਨੀ ਗ੍ਰੇਟ ਕੈਨੇਡੀਅਨ ਗੇਮਿੰਗ ਕਾਰਪ ਵਿਚ ਸੀ. ਈ. ਓ. ਦੇ ਰੂਪ ਵਿਚ ਕੰਮ ਕਰ ਰਹੇ ਸਨ। ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਖ਼ੁਰਾਕ ਲਈ ਐਮਰਜੈਂਸੀ ਨਿਯਮਾਂ ਨੂੰ ਤੋੜਦੇ ਹੋਏ ਉੱਤਰੀ ਕੈਨੇਡਾ ਵਿਚ ਸਥਿਤ ਯੁਕੋਨ ਦੀ ਯਾਤਰਾ ਕੀਤੀ। ਇਸ ਯਾਤਰਾ ਨੂੰ ਲੈ ਕੇ ਯੁਕੋਨ ਪ੍ਰਸ਼ਾਸਨ ਨੇ ਰਾਡ ਅਤੇ ਉਨ੍ਹਾਂ ਦੀ ਪਤਨੀ ਐਕਾਤੇਰੀਨਾ ਬੇਕਰ 'ਤੇ ਨਾਗਰਿਕ ਐਮਰਜੈਂਸੀ ਉਪਾਅ ਨਿਯਮ ਦਾ ਉਲੰਘਣ ਕਰਨ ਦਾ ਦੋਸ਼ ਲਾਇਆ।
ਕੈਨੇਡੀਅਨ ਖੇਤਰ ਦੇ ਕੈਬਨਿਟ ਦਫ਼ਤਰ ਦੇ ਬੁਲਾਰੇ ਮੈਥਿਊ ਕੈਮਰਨ ਨੇ ਕਿਹਾ ਕਿ ਇਹ ਦੋਵੇਂ ਲੋਕ ਯੁਕੋਨ ਦੀ ਰਾਜਧਾਨੀ ਵ੍ਹਾਈਟਹਾਰਸ ਵਿਚ 19 ਜਨਵਰੀ ਨੂੰ ਪੁੱਜੇ। ਉਨ੍ਹਾਂ ਨੇ 15 ਦਿਨਾਂ ਦੇ ਇਕਾਂਤਵਾਸ ਨਿਯਮਾਂ ਨੂੰ ਤੋੜਦੇ ਹੋਏ ਦੋ ਦਿਨ ਬਾਅਦ ਹੀ ਬੇਵਰ ਕ੍ਰੀਕ ਦੀ ਯਾਤਰਾ ਕੀਤੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਕ ਸਥਾਨਕ ਮੋਟਲ ਦਾ ਕਰਮਚਾਰੀ ਹੋਣ ਦਾ ਦਾਅਵਾ ਕਰਕੇ ਕੋਰੋਨਾ ਵੈਕਸੀਨ ਲਗਵਾਇਆ। ਇਸ ਮਗਰੋਂ ਕਸੀਨੋ ਨੇ ਸੀ. ਈ. ਓ. ਨੂੰ ਨੌਕਰੀ 'ਚੋਂ ਕੱਢ ਦਿੱਤਾ।