ਇੰਗਲੈਂਡ ਪਾਰਲੀਮੈਂਟ ‘ਚ ਕਰਵਾਇਆ ਗਿਆ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਸਮਾਗਮ
Saturday, Nov 19, 2022 - 03:58 PM (IST)
ਲੰਡਨ (ਸਰਬਜੀਤ ਸਿੰਘ ਬਨੂੜ) - ਬੀਤੇ ਦਿਨੀਂ ਬਰਤਾਨੀਆ ਦੀ ਸੰਸਦ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਸਿੱਖੀ, ਰਾਜਨੀਤੀ ਲਈ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਮਾਗਮ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ, ਦਿ ਸਿੱਖ ਨੈੱਟਵਰਕ, ਸਿੱਖ ਫੈੱਡਰੇਸ਼ਨ ਯੂ. ਕੇ. ਵਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ। ਪਾਰਲੀਮੈਂਟ ਵਿੱਚ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੀ ਸ਼ੁਰੂਆਤ ਸਿੱਖ ਐੱਮ. ਪੀ. ਤੇ ਚੈਅਰਮੈਨ ਪ੍ਰੀਤ ਕੌਰ ਗਿੱਲ, ਐੱਮ. ਪੀ. ਵਾਇਸ ਚੈਂਅਰ ਤਨਮਨਜੀਤ ਸਿੰਘ ਢੇਸੀ ਅਤੇ ਮਨਚੰਦਨ ਕੌਰ ਸੰਧੂ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖ ਕੇ ਕੀਤਾ। ਇਸ ਮੌਕੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ ਸੰਬੰਧੀ ਵਿਚਾਰਾਂ ਹੋਈਆਂ, ਗੁਰੂ ਸਾਹਿਬ ਵਲੋਂ ਮਨੁੱਖਤਾ ਨੂੰ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ ਦੇ ਦਿੱਤੇ ਗਏ ਸਿਧਾਂਤ ਬਾਰੇ ਚਾਨਣਾ ਪਾਇਆ ਗਿਆ।
ਇਸ ਸਮਾਗਮ ਵਿੱਚ ਸਿੱਖ ਕੌਂਸਲ ਯੂ. ਕੇ. ਦੇ ਮਨਮੁਗਨ ਸਿੰਘ ਨੇ ਮੂਲ ਮੰਤਰ ਬਾਰੇ ਵਿਚਾਰ ਪੇਸ਼ ਕੀਤੇ ਅਤੇ ਹਰਮਨਪ੍ਰੀਤ ਸਿੰਘ ਅਤੇ ਜੁਗਿੰਦਰ ਸਿੰਘ ਨੇ ਸ਼ਬਦ ਗਾਇਨ ਕੀਤੇ। ਸ਼ਕਾਟਿਸ਼ ਐੱਮ. ਪੀ. ਮਾਰਟਿਨ ਡੂਚਰਟੇ ਹੁਗਸ ਨੇ ਭਾਰਤ ਦੀ ਜੇਲ ਵਿੱਚ ਬੰਦ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਬਰਤਾਨਵੀ ਸਰਕਾਰ ਤੋਂ ਦਖ਼ਲ ਦੀ ਮੰਗ ਕੀਤੀ। ਚਰਚ ਆਫ ਇੰਗਲੈਂਡ ਦੇ ਸਲਾਹਕਾਰ ਰੀਵ ਡਾ: ਰਿਚਰਡ ਸੁਦਵਰਥ ਨੇ ਕਿਹਾ ਕਿ ਅਜੋਕੇ ਸੰਸਾਰ 'ਚ ਸਿੱਖ ਕਦਰਾਂ ਕੀਮਤਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਆਪਸੀ ਸਾਂਝਾਂ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਵੱਖ-ਵੱਖ ਖੇਤਰਾਂ 'ਚ ਸਿੱਖ ਭਾਈਚਾਰੇ ਲਈ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਭਾਰਤ ਵਿੱਚ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿੱਚ ਲੱਗੇ ਮੋਰਚੇ ਵਿੱਚ ਪੰਜਾਬ ਹਿਤੈਸ਼ੀ ਤੇ ਐਕਟਰ ਦੀਪ ਸਿੰਘ ਸਿੱਧੂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਵਾਰਿਸ ਪੰਜਾਬ ਦੇ ਵੱਲੋਂ ਅਵਤਾਰ ਸਿੰਘ ਖੰਡਾ ਨੇ ਲਿਆ। ਸਲੋਹ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਰਾਜਨੀਤੀ, ਸ ਦਬਿੰਦਰਜੀਤ ਸਿੰਘ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ, ਦਿਆਲਨ ਸਿੰਘ ਚੀਮਾ ਨੂੰ ਖੇਡਾਂ, ਨਵਲੀਨ ਕੌਰ ਨੂੰ ਸਿੱਖਿਆ, ਅਮ੍ਰਿਤਪਾਲ ਸਿੰਘ ਮਾਨ ਨੂੰ ਕਾਰੋਬਾਰ, ਬਲਵਿੰਦਰ ਕੌਰ ਸਿੱਧੂ ਨੂੰ ਮੀਡੀਆ, ਰੀਪ੍ਰੀਵ ਨੂੰ ਸਮਾਜ ਸੇਵਾ, ਸੁਖਦੇਵ ਕੌਰ ਰੀਲ ਨੂੰ ਮਨੁੱਖੀ ਅਧਿਕਾਰਾਂ, ਗਰੇਥ ਪੇਰਸ ਸੁਲਿਸਟਰ, ਵਿਸ਼ੇਸ਼ ਸਨਮਾਨ ਕੀਤਾ ਗਿਆ।