ਆਸਟ੍ਰੇਲੀਆ ''ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲੇ, PM ਮੌਰੀਸਨ ਨੇ ਲਿਆ ਅਹਿਮ ਫ਼ੈਸਲਾ

Thursday, Dec 23, 2021 - 06:25 PM (IST)

ਆਸਟ੍ਰੇਲੀਆ ''ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲੇ, PM ਮੌਰੀਸਨ ਨੇ ਲਿਆ ਅਹਿਮ ਫ਼ੈਸਲਾ

ਸਿਡਨੀ (ਭਾਸ਼ਾ): ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਕਾਰਨ ਇਨਫੈਕਸ਼ਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਰਾਜ ਨਿਊ ਸਾਊਥ ਵੇਲਜ਼ ਵਿਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਹਾਲਾਂਕਿ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਪ੍ਰਸਾਰ ਨੂੰ ਰੋਕਣ ਲਈ ਤਾਲਾਬੰਦੀ ਲਗਾਉਣ ਜਾਂ ਮਾਸਕ ਪਾਉਣ ਨੂੰ ਲਾਜ਼ਮੀ ਬਣਾਉਣ ਵਰਗੀਆਂ ਪਾਬੰਦੀਆਂ ਲਗਾਉਣ ਦੀ ਮੰਗ ਖਾਰਿਜ ਕਰ ਦਿੱਤੀ ਸੀ। ਮੌਰੀਸਨ ਨੇ ਬੁੱਧਵਾਰ ਨੂੰ ਆਸਟ੍ਰੇਲੀਆ ਦੇ ਰਾਜਾਂ ਅਤੇ ਖੇਤਰਾਂ ਦੇ ਨੇਤਾਵਾਂ ਨਾਲ ਬੈਠਕ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਤਾਲਾਬੰਦੀ ਲਾਗੂ ਕਰਨ ਅਤੇ ਮਾਸਕ ਪਾਉਣ ਨੂੰ ਲਾਜ਼ਮੀ ਬਣਾਉਣ 'ਤੇ ਵਿਚਾਰ ਨਹੀਂ ਕੀਤਾ ਜਾ ਰਿਹਾ। ਵੈਕਸੀਨ ਦੀ ਦੂਜੀ ਡੋਜ਼ ਅਤੇ 'ਬੂਸਟਰ' ਡੋਜ਼ ਵਿਚਕਾਰ ਸਮਾਂ ਘਟਾਉਣ ਦਾ ਫ਼ੈਸਲਾ ਆਸਟ੍ਰੇਲੀਆ ਦੇ ਟੀਕਾਕਰਨ 'ਤੇ ਤਕਨੀਕੀ ਸਲਾਹਕਾਰ ਗਰੁੱਪ 'ਤੇ ਛੱਡ ਦਿੱਤਾ ਗਿਆ ਹੈ।।

ਆਸਟ੍ਰੇਲੀਆ ਵਿਚ ਬੁੱਧਵਾਰ ਨੂੰ ਸਭ ਤੋਂ ਵੱਧ 5,715 ਨਵੇਂ ਮਾਮਲੇ ਨਿਊ ਸਾਊਥ ਵੇਲਜ਼ ਵਿੱਚ ਸਾਹਮਣੇ ਆਏ ਅਤੇ ਲਾਗ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਨਿਊ ਸਾਊਥ ਵੇਲਜ਼ ਵਿੱਚ 347 ਲੋਕ ਹਸਪਤਾਲ ਵਿੱਚ ਦਾਖਲ ਹਨ ਅਤੇ 45 ਮਰੀਜ਼ ਆਈਸੀਯੂ ਵਿੱਚ ਹਨ, ਜਦੋਂ ਕਿ ਇੱਕ ਦਿਨ ਪਹਿਲਾਂ 302 ਹਸਪਤਾਲ ਦਾਖਲ ਹੋਏ ਸਨ। ਵਿਕਟੋਰੀਆ ਰਾਜ ਵਿੱਚ ਵੀ ਇਨਫੈਕਸ਼ਨ ਦੇ ਮਾਮਲੇ ਵਧੇ ਹਨ। ਵੀਰਵਾਰ ਨੂੰ ਇੱਥੇ ਇਨਫੈਕਸ਼ਨ ਦੇ 2,005 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਨਫੈਕਸ਼ਨ ਕਾਰਨ 10 ਲੋਕਾਂ ਦੀ ਮੌਤ ਹੋ ਗਈ।  ਪੀ.ਐੱਮ. ਮੌਰੀਸਨ ਨੇ ਕਿਹਾ ਕਿ ਮੇਰੀ ਅਪੀਲ ਹੈ ਕਿ ਸੰਜਮ ਰੱਖੋ, ਆਪਣੀ 'ਬੂਸਟਰ' ਖੁਰਾਕ ਲਓ, ਕ੍ਰਿਸਮਸ ਦੌਰਾਨ ਕੋਵਿਡ-19 ਨਾਲ ਸਬੰਧਤ ਨਿਯਮਾਂ ਦੀ ਪਾਲਣਾ ਕਰੋ।

ਪੜ੍ਹੋ ਇਹ ਅਹਿਮ ਖਬਰ -ਟਰੂਡੋ ਦੇ ਸਟਾਫ ਅਤੇ ਸੁਰੱਖਿਆ ਨਾਲ ਸਬੰਧਤ ਛੇ ਮੈਂਬਰ ਪਾਏ ਗਏ ਕੋਰੋਨਾ ਪਾਜ਼ੇਟਿਵ 

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੇਰੋਟ ਨੇ ਬੁੱਧਵਾਰ ਦੀ ਬੈਠਕ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਰੈਪਿਡ ਐਂਟੀਜੇਨ' ਟੈਸਟ ਨੂੰ ਵਧਾਉਣ ਅਤੇ ਸਸਤਾ ਬਣਾਉਣ ਲਈ ਕੰਮ ਕਰ ਰਹੀ ਹੈ। ਪਹਿਲਾਂ ਅਜਿਹੇ ਟੈਸਟ ਬਹੁਤ ਘੱਟ ਅਤੇ ਮਹਿੰਗੇ ਹੁੰਦੇ ਸਨ। ਪੇਰੋਟ ਨੇ ਘੋਸ਼ਣਾ ਕੀਤੀ ਕਿ ਡਾਕਟਰੀ ਮਾਹਰਾਂ ਅਤੇ ਹੋਰਾਂ ਦੇ ਵੱਧਦੇ ਦਬਾਅ ਦੇ ਕਾਰਨ ਵੀਰਵਾਰ ਅੱਧੀ ਰਾਤ ਤੋਂ ਬੰਦ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਹੋ ਜਾਵੇਗਾ। ਇਹ ਪਾਬੰਦੀ 27 ਜਨਵਰੀ ਤੱਕ ਲਾਗੂ ਰਹੇਗੀ। ਵਿਕਟੋਰੀਆ ਰਾਜ ਨੇ ਵੀ ਅੱਠ ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੰਦ ਥਾਵਾਂ 'ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਨਵਾਂ ਨਿਯਮ ਵੀਰਵਾਰ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ। ਵਿਕਟੋਰੀਆ ਦੇ ਕਾਰਜਕਾਰੀ ਪ੍ਰੀਮੀਅਰ ਜੇਮਸ ਮਰਲੀਨੋ ਨੇ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਬਣਾਈ ਰੱਖਣ ਲਈ ਮਾਸਕ ਇੱਕ ਸਸਤਾ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਜਨਤਕ ਸਿਹਤ ਮਾਹਰ ਇਸ ਪਹੁੰਚ ਲਈ ਜ਼ੋਰ ਦੇ ਰਹੇ ਹਨ। ਆਸਟ੍ਰੇਲੀਆ ਦੇ ਸੰਘੀ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਮਾਸਕ ਪਾਉਣਾ ਅਤੇ ਹੋਰ ਨਿਯਮ ਲਾਗੂ ਕਰਨਾ ਰਾਜਾਂ ਅਤੇ ਖੇਤਰਾਂ ਲਈ ਵਿਅਕਤੀਗਤ ਤੌਰ 'ਤੇ ਫ਼ੈਸਲਾ ਕਰਨ ਦਾ ਮਾਮਲਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News