ਹਰਜੀਤ ਸਿੰਘ ਸੱਜਣ ''ਤੇ ਕੈਪਟਨ ਦੀ ਟਿੱਪਣੀ ਖਿਲਾਫ ਕੈਨੇਡਾ ਵਿਚ ਵਿਰੋਧ ਪ੍ਰਦਰਸ਼ਨ

04/17/2017 11:50:07 AM

ਟੋਰਾਂਟੋ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ''ਤੇ ਕੀਤੀ ਗਈ ਵਿਵਾਦਤ ਟਿੱਪਣੀ ਤੋਂ ਬਾਅਦ ਕੈਨੇਡਾ ਭਰ ਵਿਚ ਇਸ ਦਾ ਵਿਰੋਧ ਕੀਤਾ ਗਿਆ। ਇੱਥੇ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਨੇ ਸੱਜਣ ਨੂੰ ''ਖਾਲਿਸਤਾਨੀ'' ਸਮਰਥਕ'' ਦੱਸਦੇ ਹੋਏ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਦੇਸ਼ ਅਤੇ ਵਿਦੇਸ਼ ਦੇ ਸਿੱਖਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੈਪਟਨ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇਸੇ ਲੜੀ ਵਿਚ ਟੋਰਾਂਟੋ ਦੇ ਹਾਈਵੇਅ 50 ਅਤੇ ਸਟੀਲ ਦੇ ਚੌਕ ''ਤੇ ਯੂਥ ਅਕਾਲੀ ਦਲ ਦੇ ਆਗੂਆਂ ਨੇ ਕੈਪਟਨ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਦੇ ਹੱਥਾਂ ''ਚ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ''ਤੇ  ''ਹਰਜੀਤ ਸਿੰਘ ਸੱਜਣ ਪੰਜਾਬੀਆਂ ਦੀ ਸ਼ਾਨ'' ਅਤੇ ''ਕੈਪਟਨ ਅਮਰਿੰਦਰ ਸਿੰਘ ਮੁਰਦਾਬਾਦ'' ਅਤੇ ''ਕਾਂਗਰਸ ਮੁਰਦਾਬਾਦ'' ਦੇ ਨਾਅਰੇ ਲਿਖੇ ਹੋਏ ਸਨ। 
ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸ. ਬਿਕਰਮਜੀਤ ਸਿੰਘ ਅੱਲ੍ਹਾਬਖ਼ਸ਼ ਨੇ ਕਿਹਾ ਕਿ ਹਰਜੀਤ ਸਿੰਘ ਸੱਜਣ ਹੁਣ ਇਕੱਲੇ ਪੰਜਾਬੀਆਂ ਦੇ ਹੀ ਨਹੀਂ ਸਗੋਂ ਪੂਰੇ ਕੈਨੇਡਾ ਦੀ ਸ਼ਾਨ ਹਨ ਅਤੇ ਕੈਨੇਡਾ ਦੇ ਇਸ ਹਰਮਨ ਪਿਆਰੇ ਨੇਤਾ ਦਾ ਵਿਰੋਧ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਨਾ ਸਿਰਫ ਕੈਨੇਡਾ ਦੇ ਲੋਕਤੰਤਰ ਦਾ ਮਜ਼ਾਕ ਉਡਾਇਆ ਹੈ ਸਗੋਂ ਇਸ ਨਾਲ ਪੰਜਾਬੀਆਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਉਨ੍ਹਾਂ ਕਾਂਗਰਸ ਪਾਰਟੀ ''ਤੇ ਪੰਜਾਬ ਅਤੇ ਸਿੱਖ ਵਿਰੋਧੀ ਹੋਣ ਦਾ ਦੋਸ਼ ਵੀ ਲਗਾਇਆ ਅਤੇ ਕਿਹਾ ਕਿ ਇਸ ਸਾਰੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਿੱਖ ਵਿਰੋਧੀ ਸੌੜੀ ਸੋਚ ਖੁੱਲ੍ਹ ਕੇ ਸਾਹਮਣੇ ਆਈ ਹੈ।  

Kulvinder Mahi

News Editor

Related News