ਕੈਪਟਨ ਨਰਿੰਦਰ ਸਿੰਘ ਦੀ ਕਿਤਾਬ ''ਜੀਵਨ ਖੇਡ'' ਲੋਕ ਅਰਪਿਤ
Monday, Jan 13, 2020 - 01:42 PM (IST)

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਇੱਥੇ ਪੰਜਾਬੀ ਬੋਲੀ ਦੇ ਪਸਾਰੇ ਤਹਿਤ ਸਾਹਿਤਕ ਸੰਸਥਾ 'ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ' (ਇਪਸਾ) ਵਲੋਂ ਇੰਡੋਜ਼ ਪੰਜਾਬੀ ਲਾਇਬ੍ਰੇਰੀ 'ਚ ਪ੍ਰਧਾਨ ਅਮਰਜੀਤ ਸਿੰਘ ਮਾਹਲ ਦੀ ਅਗਵਾਈ 'ਚ ਪੰਜਾਬ ਰਹਿੰਦੇ ਸਾਬਕਾ ਆਈ. ਏ. ਐੱਸ. ਅਧਿਕਾਰੀ ਕੈਪਟਨ ਨਰਿੰਦਰ ਸਿੰਘ ਦੀ ਨਵ ਪ੍ਰਕਾਸ਼ਿਤ ਪੁਸਤਕ 'ਜੀਵਨ ਖੇਡ' ਲੋਕ ਅਰਪਿਤ ਕੀਤੀ ਗਈ ਅਤੇ ਕਵੀ ਦਰਬਾਰ ਵੀ ਕਰਵਾਇਆ ਗਿਆ। ਸਰਬਜੀਤ ਸੋਹੀ ਨੇ ਦੱਸਿਆ ਕਿ ਕੈਪਟਨ ਨਰਿੰਦਰ ਸਿੰਘ ਜੋ ਕਿ ਨਿਰੰਤਰ ਲਿਖਣ ਵਾਲੇ ਪ੍ਰੋੜ ਲੇਖਕ ਹਨ, ਉਨ੍ਹਾਂ ਨੇ ਇਸ ਕਿਤਾਬ ਰਾਹੀਂ ਆਪਣੇ ਵਡਮੁੱਲੇ ਵਿਚਾਰ ਪੇਸ਼ ਕਰਦਿਆਂ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਵਿਵਰਣ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ।
ਜ਼ਿਕਰਯੋਗ ਹੈ ਕਿ ਪੇਸ਼ੇ ਵਜੋਂ ਹੁਣ ਵਕਾਲਤ ਕਰ ਰਹੇ ਨਰਿੰਦਰ ਸਿੰਘ ਦੇ ਸਮਾਜਿਕ ਦ੍ਰਿਸ਼ਟੀਕੋਣ ਯਥਾਰਥ ਦੇ ਅੰਗ-ਸੰਗ ਰਹਿੰਦੇ ਹੋਏ ਜਨ ਸਾਧਾਰਨ ਦੇ ਜੀਵਨ ਪੱਧਰ ਨੂੰ ਸਜੀਵਤਾ ਨਾਲ ਇਸ ਕਿਤਾਬ ਵਿੱਚ ਚਿਤਰਿਆ ਹੈ। ਸਾਬਕਾ ਲੈਕਚਰਾਰ ਮਨੋਵਿਗਿਆਨ ਭੁਪਿੰਦਰ ਕੌਰ ਨੇ ਇਸ ਕਿਤਾਬ ਬਾਰੇ ਬੋਲਦਿਆਂ ਨਰਿੰਦਰ ਸਿੰਘ ਜੀ ਦੇ ਜੀਵਨ 'ਤੇ ਝਾਤ ਪਾਉਂਦਿਆਂ, ਉਨ੍ਹਾਂ ਦੀ ਸਕਾਰਤਮਕ ਪਹੁੰਚ ਅਤੇ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ। ਸ਼੍ਰੀਮਤੀ ਭੁਪਿੰਦਰ ਕੌਰ ਨੇ ਇਸ ਕਿਤਾਬ ਨੂੰ ਤਕਰੀਬਨ ਚਾਲੀ ਸਾਲ ਦੀ ਮਿਹਨਤ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਮਰਜੀਤ ਸਿੰਘ ਮਾਹਲ, ਜਰਨੈਲ ਸਿੰਘ ਬਾਸੀ, ਹਰਦਿਆਲ ਬਿਨਿੰਗ, ਪ੍ਰੀਤਮ ਸਿੰਘ ਝੱਜ, ਬਲਦੇਵ ਸਿੰਘ ਨਿੱਝਰ, ਸੇਵਾ ਸਿੰਘ ਢੰਡਾ, ਸੁਰਜੀਤ ਸਿੰਘ ਸੰਧੂ, ਪਾਲ ਰਾਊਕੇ, ਅਜਾਇਬ ਸਿੰਘ ਵਿਰਕ, ਤਰਸੇਮ ਸਿੰਘ ਸਹੋਤਾ, ਆਤਮਾ ਸਿੰਘ ਹੇਅਰ, ਤਜਿੰਦਰ ਸਿੰਘ ਭੰਗੂ, ਡਾ. ਹਿਰਦੇਪਾਲ ਸਿੰਘ, ਮਨਜੀਤ ਬੋਪਾਰਾਏ ਆਦਿ ਹਸਤੀਆਂ ਨੇ ਸ਼ਿਰਕਤ ਕੀਤੀ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਨੇ ਨਿਭਾਈ।