ਸ਼ਰੀਫ ਨੇ ਪਾਕਿਸਤਾਨ ਅਦਾਲਤ ਨੂੰ ਦੱਸਿਆ: ਮੈਂ ਪਾਕਿਸਤਾਨ ਨਹੀਂ ਪਰਤ ਸਕਦਾ
Tuesday, Jul 28, 2020 - 11:57 PM (IST)
ਲਾਹੌਰ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੰਗਲਵਾਰ ਨੂੰ ਇਥੋਂ ਦੀ ਅਦਾਲਤ ਨੂੰ ਦੱਸਿਆ ਕਿ ਉਹ ਦੇਸ਼ ਪਰਤਣ ਵਿਚ ਅਸਮਰਥ ਹਨ ਕਿਉਂਕਿ ਉਨ੍ਹਾਂ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਬਾਹਰ ਨਹੀਂ ਜਾਣ ਨੂੰ ਕਿਹਾ ਹੈ।
ਸ਼ਰੀਫ ਇਸ ਸਮੇਂ ਇਲਾਜ ਦੇ ਲਈ ਲੰਡਨ ਵਿਚ ਹਨ। ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ 70 ਸਾਲਾ ਸ਼ਰੀਫ ਇਮਿਊਨਿਟੀ ਸਿਸਟਮ ਸਬੰਧੀ ਬੀਮਾਰੀ ਨਾਲ ਪੀੜਤ ਹੋਣ ਤੋਂ ਬਾਅਦ ਇਲਾਜ ਦੇ ਲਈ ਲੰਡਨ ਗਏ ਸਨ। ਲਾਹੌਰ ਹਾਈ ਕੋਰਟ ਨੇ ਇਲਾਜ ਦੇ ਲਈ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਚਾਰ ਹਫਤਿਆਂ ਦੀ ਆਗਿਆ ਦਿੱਤੀ ਸੀ ਤੇ ਇਸ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿਚ ਉਹ ਬ੍ਰਿਟੇਨ ਰਵਾਨਾ ਹੋ ਗਏ ਸਨ। ਉਨ੍ਹਾਂ ਨੇ ਆਪਣੇ ਵਕੀਲ ਅਮਜ਼ਦ ਪਰਵੇਜ਼ ਦੇ ਰਾਹੀਂ ਲਾਹੌਰ ਹਾਈ ਕੋਰਟ (ਐੱਲ.ਐੱਚ.ਸੀ.) ਨੂੰ ਆਪਣੀ ਤਾਜ਼ਾ ਮੈਡੀਕਲ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿਚ ਡਾਕਟਰਾਂ ਨੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਕਾਰਣ ਬਾਹਰ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਸ਼ਰੀਫ ਨੇ ਕਿਹਾ ਕਿ ਉਨ੍ਹਾਂ ਨੂੰ ਘੱਟ ਪਲੇਟਲੈਟਸ ਕਾਊਂਟ, ਡਾਈਬਟੀਜ਼, ਦਿਲ, ਕਿਡਨੀ ਤੇ ਬਲੱਡ ਪ੍ਰੈਸ਼ਰ ਸਬੰਧੀ ਸਮੱਸਿਆਵਾਂ ਹਨ।
ਇਸ ਮਹੀਨੇ ਦੀ ਸ਼ੁਰੂਆਤ ਵਿਚ, ਪਾਕਿਸਤਾਨ ਦੀ ਇਕ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਸ਼ਰੀਫ ਨੂੰ 17 ਅਗਸਤ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਪੇਸ਼ ਹੋਣ ਦਾ ਆਖਰੀ ਮੌਕਾ ਦਿੱਤਾ ਸੀ, ਜਿਸ ਵਿਚ ਅਸਫਲ ਰਹਿਣ 'ਤੇ ਉਨ੍ਹਾਂ ਅਪਰਾਧੀ ਐਲਾਨ ਕੀਤਾ ਜਾ ਸਕਦਾ ਹੈ।