ਸਿੱਧੂ ਮੂਸੇਵਾਲਾ ਦੇ ਸੋਗ ‘ਚ ਬਰੈਂਪਟਨ ਵਿਖੇ ਕੱਢਿਆ ਗਿਆ ਕੈਂਡਲ ਮਾਰਚ (ਤਸਵੀਰਾਂ)
Wednesday, Jun 01, 2022 - 10:22 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਪੰਜਾਬ ਦੇ ਮਸ਼ਹੂਰ ਸਿੰਗਰ ਅਤੇ ਕਾਂਗਰਸ ਪਾਰਟੀ ਦੇ ਲੀਡਰ ਸਿੱਧੂ ਮੂਸੇਵਾਲਾ ਨੂੰ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਗਈ। ਇਸ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ‘ਚ ਪੰਜਾਬੀ ਮੂਲ ਦੇ ਲੋਕ ਅਤੇ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਨੇ ਸ਼ਿਰਕਤ ਕੀਤੀ ਅਤੇ ਸੱਭ ਦੀਆਂ ਅੱਖਾਂ ਨਮ ਸਨ। ਭਰੀ ਜਵਾਨੀ ਵਿੱਚ ਇਸ ਤਰ੍ਹਾਂ ਮੂਸੇਵਾਲਾ ਦਾ ਜਾਣਾ ਕਿਸੇ ਨੂੰ ਸੱਚ ਨਹੀਂ ਸੀ ਜਾਪ ਰਿਹਾ। ਸਿੱਧੂ ਮੂਸੇਵਾਲਾ ਨੂੰ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਬੋਲਦਿਆਂ ਬੁੱਧੀ ਜੀਵੀ ਲੋਕਾਂ ਨੇ ਕਿਹਾ ਕਿ ਪੰਜਾਬ ਵਿੱਚ ਦਿਨ-ਦਿਹਾੜੇ ਇਸ ਤਰ੍ਹਾਂ ਕਿਸੇ ਨੌਜਵਾਨ ਦਾ ਕਤਲ ਹੋਣਾ ਇਹ ਸਾਬਿਤ ਕਰਦਾ ਹੈ ਕਿ ਪੰਜਾਬ ਦਾ ਮਾਹੌਲ ਦਿਨ-ਬ-ਦਿਨ ਵਿਗੜਦਾ ਜਾ ਰਿਹਾ ਹੈ। ਪੰਜਾਬ ਦੀ ਜਵਾਨੀ ਨਿੱਤ ਗੈਂਗਵਾਰ ਦਾ ਸ਼ਿਕਾਰ ਹੋ ਰਹੀ ਹੈ। ਸਿੱਧੂ ਮੂਸੇਵਾਲਾ ਦਾ ਇਸ ਤਰ੍ਹਾਂ ਕਤਲ ਹੋਣਾ ਸਰਕਾਰ ਅਤੇ ਸਿਸਟਮ 'ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਉੱਚ ਪੱਧਰੀ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਸਿੱਧੂ ਨੌਜਵਾਨਾਂ ਦਾ ਰੋਲ ਮਾਡਲ ਸੀ। ਨੌਜਵਾਨ ਉਸ ਨੂੰ ਸੁਣਨਾ ਪਸੰਦ ਕਰਦੇ ਸਨ। ਸਿੱਧੂ ਆਪਣੇ ਗੀਤਾਂ ਕਰਕੇ ਸਦਾ ਅਮਰ ਰਹੇਗਾ ਅਤੇ ਸਾਡੇ ਦਿਲਾਂ ਵਿੱਚ ਵੱਸਦਾ ਰਹੇਗਾ।ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਵੱਲੋਂ ਸਿੱਧੂ ਦੇ ਘਰ ਵਾਲਿਆਂ ਨਾਲ ਵੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਿਹਾ ਕਿ ਪਰਿਵਾਰ ਨੂੰ ਜੋ ਘਾਟਾ ਪਿਆ ਹੈ ਉਹ ਪੂਰਾ ਨਹੀਂ ਹੋ ਸਕਦਾ।
ਪੜ੍ਹੋ ਇਹ ਅਹਿਮ ਖ਼ਬਰ -ਟਰੂਡੋ ਦਾ ਵੱਡਾ ਫ਼ੈਸਲਾ, ਕੈਨੇਡਾ 'ਚ 'ਬੰਦੂਕ' ਦੀ ਖਰੀਦ-ਵਿਕਰੀ 'ਤੇ ਲੱਗੇਗੀ ਪਾਬੰਦੀ
ਇੱਥੇ ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਤੋਂ ਸਿਆਸਤਦਾਨ ਬਣੇ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਐਤਵਾਰ 29 ਮਈ ਦੀ ਸ਼ਾਮ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਨੇੜੇ ਅਣਪਛਾਤੇ ਬੰਦੂਕਧਾਰੀਆਂ ਨੇ ਕਤਲ ਕਰ ਦਿੱਤਾ। ਮੂਸੇਵਾਲਾ ਦੇ ਕਤਲ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਈ ਸੀ। ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੇ ਲਈ ਹੈ। ਪੰਜਾਬ ਪੁਲਸ ਨੇ ਦਾਅਵਾ ਕੀਤਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਉਨ੍ਹਾਂ ਦੇ ਸਾਥੀ ਇਸ ਕਤਲ ਵਿਚ ਸ਼ਾਮਲ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।