ਕੋਰੋਨਾ ਵਾਇਰਸ ਕਾਰਨ ਇਟਲੀ ਜਾਣ ਵਾਲੀਆਂ ਕਈ ਹਵਾਈ ਉਡਾਣਾਂ ਰੱਦ

Saturday, Feb 29, 2020 - 10:55 AM (IST)

ਰੋਮ— ਇਟਲੀ ’ਚ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਕਾਰਨ ਕੌਮਾਂਤਰੀ ਏਅਰਲਾਈਨਜ਼ ਨੇ ਆਪਣੀਆਂ ਉਡਾਣਾਂ ਰੱਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਫਾਇਤੀ ਹਵਾਈ ਸੇਵਾ ‘ਈਜ਼ੀ ਜੈੱਟ’ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਉੱਤਰੀ ਇਟਲੀ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। 

ਇਕ ਦਿਨ ਪਹਿਲਾਂ ਬਿ੍ਰਟਿਸ਼ ਏਅਰਵੇਜ਼ ਅਤੇ ਵਿਜ ਏਅਰ ਨੇ ਇਟਲੀ ਲਈ ਆਪਣੀਆਂ ਉਡਾਣਾਂ ਰੱਦ ਕਰਨ ਦੀ ਘੋਸ਼ਣਾ ਕੀਤੀ ਸੀ। ਸਾਰੀਆਂ ਤਿੰਨੋਂ ਏਅਰਲਾਈਨਜ਼ ਨੇ ਕਿਹਾ ਕਿ ਉਨ੍ਹਾਂ ਨੇ ਯਾਤਰੀਆਂ ਦੀ ਕਮੀ ਹੋਣ ਕਾਰਨ ਇਹ ਫੈਸਲਾ ਲਿਆ ਹੈ। 

ਈਜ਼ੀ ਜੈੱਟ ਅਤੇ ਬਿ੍ਰਟਿਸ਼ ਏਅਰਵੇਜ਼ ਨੇ ਕਿਹਾ ਕਿ ਉੱਤਰੀ ਇਟਲੀ ਦੇ ਹਵਾਈ ਅੱਡਿਆਂ ਲਈ ਉਨ੍ਹਾਂ ਦੀਆਂ ਉਡਾਣਾਂ ਰੱਦ ਰਹਿਣਗੀਆਂ। ਵਿਜ ਏਅਰ ਨੇ ਕਿਹਾ ਕਿ ਉਹ 11 ਮਾਰਚ ਤੋਂ 3 ਹਫਤਿਆਂ ਲਈ ਇਟਲੀ ਦੀਆਂ ਦੋ-ਤਿਹਾਈ ਉਡਾਣਾਂ ਰੱਦ ਰੱਖਣਗੇ। ਬੈਲਜ਼ੀਅਮ ਦੀ ਬਰਸਲਜ਼ ਏਅਰਲਾਈਨਜ਼ ਅਤੇ ਸਪੇਨ ਦੀ ਇਬੇਰੀਆ ਸਣੇ ਹੋਰ ਏਅਰਲਾਈਨਜ਼ ਨੇ ਵੀ ਆਪਣੀਆਂ ਉਡਾਣਾਂ ’ਚ ਕਟੌਤੀ ਕੀਤੀ ਹੈ। ਇਜ਼ਰਾਇਲ ਦੀ ਐੱਲ ਅਲ ਨੇ ਵੀਰਵਾਰ ਨੂੰ ਸਭ ਤੋਂ ਪਹਿਲਾਂ ਇਟਲੀ ’ਚ ਕੋਰੋਨਾ ਵਾਇਰਸ ਦਾ ਹਵਾਲਾ ਦਿੰਦੇ ਹੋਏ ਆਪਣੀਆਂ ਉਡਾਣਾਂ ਰੱਦ ਕੀਤੀਆਂ ਸਨ। 
 


Related News