ਰਾਸ਼ਟਰਪਤੀ ਚੋਣ ਜਿੱਤਣ ਲਈ ਟਰੰਪ ਦੇ ਦਾਅ-ਪੇਚ, ਕਦੇ ਚੋਣਾਂ ਮੁਲਤਵੀ ਕਰਨ ਦੇ ਰਾਗ ਕਦੇ ਈ-ਵੋਟਿੰਗ 'ਤੇ ਸ਼ੰਕਾ
Friday, Aug 14, 2020 - 01:15 PM (IST)
ਸੰਜੀਵ ਪਾਂਡੇ
ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦਿਲਚਸਪ ਹੋ ਗਈਆਂ ਹਨ। ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਛਾ ਸੀ ਕਿ ਚੋਣਾਂ ਹੀ ਮੁਲਤਵੀ ਹੋ ਜਾਣ। ਹੁਣ ਟਰੰਪ ਅਮਰੀਕੀ ਵੋਟ ਪ੍ਰਣਾਲੀ 'ਤੇ ਲਗਾਤਾਰ ਹਮਲਾ ਕਰ ਰਹੇ ਹਨ। ਟਰੰਪ ਨੂੰ ਡਰ ਹੈ ਕਿ ਲੋਕਤੰਤਰੀ ਚੋਣਾਂ ਦੌਰਾਨ ਘਪਲੇ ਹੋਣਗੇ। ਈ-ਮੇਲ ਰਾਹੀਂ ਲੋਕਤੰਤਰੀ ਜਾਅਲੀ ਵੋਟਾਂ ਵੀ ਪਵਾ ਸਕਦੇ ਹਨ। ਪਰ ਖ਼ੁਦ ਟਰੰਪ ਵੀ ਈ-ਮੇਲ ਚੋਣਾਂ ਸਬੰਧੀ ਭੰਬਲਭੂਸੇ ਵਿਚ ਹਨ। ਦਿਲਚਸਪ ਗੱਲ ਇਹ ਹੈ ਕਿ ਟਰੰਪ ਹੁਣ ਈ-ਮੇਲ ਵੋਟਾਂ ਨੂੰ ਲੈ ਕਿ ਫਲੋਰਿਡਾ ਵਿਚ ਕਾਫ਼ੀ ਕੁਝ ਬੋਲ ਕੇ ਆਏ ਹਨ। ਉਥੇ ਈ ਨੇਵਾਡਾ ਸਟੇਟ ਵਿਚ ਈ-ਮੇਲ ਵੋਟਾਂ ਦਾ ਵਿਰੋਧ ਵੀ ਕੀਤਾ ਹੈ। ਇਕ ਰਾਜ ਵਿਚ ਸਮਰਥਨ ਅਤੇ ਦੂਜੇ ਰਾਜ ਵਿਚ ਵਿਰੋਧ ਪ੍ਰਦਰਸ਼ਨ ਟਰੰਪ ਦੀਆਂ ਪ੍ਰੇਸ਼ਾਨੀਆਂ ਨੂੰ ਦਰਸਾ ਰਿਹਾ ਹੈ। ਟਰੰਪ ਨੂੰ ਡਰ ਹੈ ਕਿ ਉਨ੍ਹਾਂ ਦਾ ਵਿਰੋਧੀ ਡੈਮੋਕ੍ਰੇਟਿਕ ਦਲ ਮੇਲ-ਇਨ ਵੋਟਾਂ ਰਾਹੀਂ ਧੋਖਾਧੜੀ ਕਰੇਗਾ। ਦਰਅਸਲ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਕੋਰੋਨਾ ਲਾਗ ਦੀ ਬਿਮਾਰੀ ਕਾਰਨ ਵੱਡੀ ਗਿਣਤੀ ਵਿੱਚ ਅਮਰੀਕੀ ਵੋਟਰ ਈ-ਮੇਲ ਰਾਹੀਂ ਵੋਟਾਂ ਪਾਉਣਗੇ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਮੁਲਤਵੀ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਉਸਨੂੰ ਆਪਣੀ ਪਾਰਟੀ ਦੇ ਅੰਦਰੋਂ ਵੀ ਸਮਰਥਨ ਪ੍ਰਾਪਤ ਨਹੀਂ ਹੋਇਆ ਸੀ। ਰਿਪਬਲੀਕਨ ਪਾਰਟੀ ਵਲੋਂ ਸਮਰਥਨ ਨਾ ਮਿਲਣ ਤੋਂ ਬਾਅਦ, ਉਸਨੇ ਚੋਣ ਮੁਲਤਵੀ ਕਰਨ ਦੀ ਮੰਗ ਤੋਂ ਪਿੱਛੇ ਹਟਣਾ ਬਿਹਤਰ ਸਮਝਿਆ। ਪਰ ਉਸਨੇ ਜਾਅਲੀ ਵੋਟਾਂ ਦੀ ਸ਼ੰਕਾ ਜ਼ਾਹਿਰ ਕਰਕੇ ਅਮਰੀਕਾ ਦੀਆਂ ਚੋਣਾਂ ਦੀ ਨਿਰਪੱਖਤਾ ਉੱਤੇ ਸਵਾਲ ਉਠਾਏ ਹਨ। ਹਾਲਾਂਕਿ, ਟਰੰਪ ਦੀ ਚੋਣ ਮੁਲਤਵੀ ਕਰਨ ਦੀ ਮੰਗ ਗੈਰ-ਸੰਵਿਧਾਨਕ ਸੀ। ਅਮਰੀਕਾ ਵਿਚ ਰਾਸ਼ਟਰਪਤੀ ਦੀ ਚੋਣ 3 ਨਵੰਬਰ ਨੂੰ ਹੋਣੀ ਤੈਅ ਹੈ ਅਤੇ ਵੋਟਾਂ ਮੁਲਤਵੀ ਕਰਨ ਦੇ ਅਧਿਕਾਰ ਸਿਰਫ਼ ਅਮਰੀਕੀ ਕਾਂਗਰਸ ਕੋਲ ਹਨ। ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਵਿਚ ਟਰੰਪ ਦੇ ਪ੍ਰਸਤਾਵ ਦੀ ਮਨਜ਼ੂਰੀ ਅਸੰਭਵ ਸੀ ਕਿਉਂਕਿ ਉਥੇ ਲੋਕਤੰਤਰੀ ਬਹੁਗਿਣਤੀ ਵਿਚ ਹਨ।
ਅਮਰੀਕਾ ਦੇ ਰਾਸ਼ਟਰਪਤੀ ਵੋਟਾਂ ਦੇ ਨਤੀਜੇ ਕੀ ਹੋਣਗੇ,ਇਹ ਭਵਿੱਖ ਦੀ ਕੁੱਖ ਵਿੱਚ ਹੈ। ਪਰ ਰਾਸ਼ਟਰਪਤੀ ਟਰੰਪ ਦੀ ਘਬਰਾਹਟ ਤੋਂ ਸੰਕੇਤ ਮਿਲਦਾ ਹੈ ਕਿ ਉਸਦੀ ਲੋਕਪ੍ਰਿਯਤਾ ਜਨਤਕ ਤੌਰ ਤੇ ਘਟ ਗਈ ਹੈ। ਉਸ ਦਾ ਬੜਬੋਲੇਪਨ ਨੇ ਉਸਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਅੰਤਰਰਾਸ਼ਟਰੀ ਕੂਟਨੀਤੀ ਵਿਚ ਟਰੰਪ ਨੇ ਅਮਰੀਕਾ ਦੀ ਸਾਖ਼ ਨੂੰ ਥੱਲੇ ਸੁੱਟਿਆ ਹੈ। ਪਿਛਲੇ ਚਾਰ ਸਾਲਾਂ ਵਿੱਚ ਟਰੰਪ ਨੇ ਵੱਡੇ ਵੱਡੇ ਦਾਅਵੇ ਕੀਤੇ ਹਨ ਪਰ ਫਿਲਹਾਲ ਅਮਰੀਕੀ ਲੋਕ ਟਰੰਪ ਦੇ ਦਾਅਵਿਆਂ ਨੂੰ ਮਹਿਜ਼ ਬੜਬੋਲਾਪਨ ਮੰਨ ਰਹੇ ਹਨ। ਟਰੰਪ ਨੇ ਸ਼ਾਂਤੀ ਸਥਾਪਤ ਕਰਨ ਲਈ ਉੱਤਰੀ ਕੋਰੀਆ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ। ਟਰੰਪ ਨੇ ਇਰਾਨ ਨਾਲ ਪ੍ਰਮਾਣੂ ਸਮਝੌਤਾ ਰੱਦ ਕਰ ਦਿੱਤਾ। ਇਰਾਨ ਫਿਰ ਵੀ ਨਹੀਂ ਡਰਿਆ। ਅਮਰੀਕਾ ਨੂੰ ਅੱਜ ਵੀ ਖੁੱਲ੍ਹੀ ਚੁਣੌਤੀ ਦੇ ਰਿਹਾ ਹੈ। ਅਫਗਾਨਿਸਤਾਨ ਵਿੱਚ ਟਰੰਪ ਨੇ ਤਾਲਿਬਾਨ ਨਾਲ ਸ਼ਾਂਤੀ ਬਣਾਈ ਰੱਖਣ ਦੀ ਗੱਲਬਾਤ ਨੂੰ ਸਿਰੇ ਚੜਾਇਆ। ਪਰ ਸ਼ਾਂਤੀ ਵਾਰਤਾ ਦਾ ਨਤੀਜਾ ਸਕਾਰਾਤਮਕ ਨਹੀਂ ਰਿਹਾ। ਸ਼ਾਂਤੀ ਸਮਝੌਤੇ ਤੋਂ ਬਾਅਦ ਤਾਲਿਬਾਨ ਦੇ ਹਮਲੇ ਵਿਚ ਤਕਰੀਬਨ 3500 ਅਫ਼ਗਾਨ ਸੈਨਿਕਾਂ ਦੀ ਮੌਤ ਹੋ ਗਈ ਹੈ। ਸ਼ਾਂਤੀ ਸਮਝੌਤੇ ਤੋਂ ਬਾਅਦ ਅਫਗਾਨਿਸਤਾਨ ਦੀ ਸਰਕਾਰ ਕਮਜ਼ੋਰ ਨਜ਼ਰ ਆ ਰਹੀ ਹੈ। ਤਾਲਿਬਾਨ ਹੋਰ ਮਜ਼ਬੂਤ ਹੋਇਆ ਹੈ। ਟਰੰਪ ਨੇ ਚੀਨ ਨਾਲ ਵਪਾਰ ਯੁੱਧ ਦੀ ਸ਼ੁਰੂਆਤ ਕੀਤੀ। ਇਸ ਦੇ ਬਾਵਜੂਦ ਅਮਰੀਕੀ ਹਿੱਤਾਂ ਦੀ ਰੱਖਿਆ ਨਹੀਂ ਹੋ ਰਹੀ। ਚੀਨ ਨਾਲ ਵਪਾਰ ਯੁੱਧ ਦੇ ਵਿਚਕਾਰ, ਟਰੰਪ ’ਤੇ ਦੋਸ਼ ਲੱਗੇ ਹਨ ਕਿ ਉਹ ਅੰਦਰਖਾਤੇ ਚੀਨ ਨਾਲ ਮਿਲੇ ਹੋਏ ਹਨ, ਰਾਸ਼ਟਰਪਤੀ ਦੀ ਚੋਣ ਜਿੱਤਣ ਲਈ ਚੀਨ ਤੋਂ ਮਦਦ ਦੀ ਮੰਗ ਕਰ ਰਹੇ ਹਨ। ਉਹ ਚੀਨ ਤੋਂ ਅੰਦਰਖਾਤੇ ਆਪਣੇ ਵਿਰੋਧੀ ਉਮੀਦਵਾਰ ਜੋ ਬਿਡੇਨ ਖ਼ਿਲਾਫ਼ ਜਾਂਚ ਦੀ ਮੰਗ ਕਰ ਰਹੇ ਸਨ।
ਟਰੰਪ ਦੀ ਸ਼ਾਨ ‘ਚ ਜੋ ਕਸਰ ਬਾਕੀ ਬਚੀ ਸੀ ਉਹ ਕੋਰੋਨਾ ਨੇ ਪੂਰੀ ਕਰ ਦਿੱਤੀ । ਹੁਣ ਤੱਕ ਦੁਨੀਆ ਵਿਚ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ ਵਿਚ ਹੋਈਆਂ ਹਨ। ਕੋਰੋਨਾ ਨੇ ਅਮਰੀਕੀ ਸਿਹਤ ਪ੍ਰਣਾਲੀ ਦਾ ਪਰਦਾਫਾਸ਼ ਕੀਤਾ ਹੈ। ਕੋਰੋਨਾ ਦੇ ਇਲਾਜ ਪ੍ਰਤੀ ਵੀ ਟਰੰਪ ਗੁੱਸੇ ਵਿਚ ਦਿਖਾਈ ਦਿੱਤੇ। ਦੂਜੇ ਪਾਸੇ ਕੋਰੋਨਾ ਨੇ ਅਮਰੀਕੀ ਅਰਥਚਾਰੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇੱਕ ਸਰਵੇਖਣ ਅਨੁਸਾਰ ਲਗਭਗ 3 ਕਰੋੜ ਅਮਰੀਕੀ ਲੋਕਾਂ ਨੇ ਮੰਨਿਆ ਹੈ ਕਿ ਕੋਰੋਨਾ ਯੁੱਗ ਵਿੱਚ ਮਾੜੀ ਆਰਥਿਕ ਸਥਿਤੀ ਕਾਰਨ ਉਹਨਾਂ ਨੂੰ ਕਈ ਵਾਰ ਰੋਟੀ ਖਾਣ ਦੇ ਲਾਲੇ ਪਏ ਹਨ। ਜੇ ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਦੇ 3 ਕਰੋੜ ਲੋਕਾਂ ਨਾਲ ਅਜਿਹਾ ਹੁੰਦਾ ਹੈ ਤਾਂ ਇਹ ਸਮਝ ਸਕਦੇ ਹਾਂ ਕਿ ਸਥਿਤੀ ਕਿੰਨੀ ਮਾੜੀ ਹੈ। ਕੋਰੋਨਾ ਆਫ਼ਤ ਤੋਂ ਬਾਅਦ ਅਮਰੀਕੀ ਆਰਥਿਕਤਾ ਦੀਆਂ ਰਿਪੋਰਟਾਂ ਵੀ ਬਹੁਤ ਮਾੜੀਆਂ ਆ ਰਹੀਆਂ ਹਨ। ਕੋਰੋਨਾ ਦੇ ਪ੍ਰਭਾਵ ਕਾਰਨ, ਅਮਰੀਕੀ ਆਰਥਿਕਤਾ ਲਗਭਗ 32 ਪ੍ਰਤੀਸ਼ਤ ਘਟਣ ਦਾ ਸੰਕੇਤ ਹੈ। ਇਹ ਖ਼ਤਰਨਾਕ ਹੈ। ਸ਼ਾਇਦ ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਅਮਰੀਕੀ ਅਰਥਚਾਰੇ ਨੂੰ ਇੰਨਾ ਵੱਡਾ ਝਟਕਾ ਲੱਗਾ ਹੈ। ਘੱਟੋ ਘੱਟ 1940 ਤੋਂ ਬਾਅਦ, ਅਮਰੀਕੀ ਆਰਥਿਕਤਾ ਕਦੇ ਇਸ ਤਰ੍ਹਾਂ ਹੇਠਾਂ ਨਹੀਂ ਗਈ। 1958 ਵਿਚ ਯੂਐਸ ਦੇ ਰਾਸ਼ਟਰਪਤੀ ਡੇਵਿਡ ਆਈਜਨਹਾਵਰ ਦੇ ਕਾਰਜਕਾਲ ਦੌਰਾਨ ਅਮਰੀਕੀ ਆਰਥਿਕਤਾ ਵਿੱਚ 10 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ। ਅਪ੍ਰੈਲ ਵਿਚ ਅਮਰੀਕਾ ਦੀ ਬੇਰੁਜ਼ਗਾਰੀ ਦੀ ਦਰ 15 ਪ੍ਰਤੀਸ਼ਤ ਸੀ। ਜੂਨ ਵਿੱਚ ਰਾਹਤ ਮਿਲੀ, ਬੇਰੁਜ਼ਗਾਰੀ ਦੀ ਦਰ 11 ਪ੍ਰਤੀਸ਼ਤ ਰਹੀ। ਅਮਰੀਕਾ ਵਿਚ ਅਪ੍ਰੈਲ ਮਹੀਨੇ ਵਿਚ ਤਕਰੀਬਨ 2.31 ਕਰੋੜ ਲੋਕ ਬੇਰੁਜ਼ਗਾਰ ਸਨ । ਇਹ ਗਿਣਤੀ 2008-09 ਦੀ ਆਰਥਿਕ ਮੰਦੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। 2008–09 ਦੀ ਆਰਥਿਕ ਮੰਦੀ ਦੇ ਸਮੇਂ, ਅਮਰੀਕਾ ਵਿੱਚ 1.54 ਕਰੋੜ ਲੋਕ ਬੇਰੁਜ਼ਗਾਰ ਸਨ। ਕੋਰੋਨਾ ਕਾਰਨ ਪੱਕੇ ਬੇਰੁਜ਼ਗਾਰਾਂ ਦੀ ਗਿਣਤੀ ਜੂਨ ਵਿੱਚ 29 ਲੱਖ ਤੱਕ ਪਹੁੰਚ ਗਈ। ਅਪ੍ਰੈਲ ਮਹੀਨੇ ਵਿਚ ਇਹ ਗਿਣਤੀ 20 ਲੱਖ ਸੀ। ਕੋਰੋਨਾ ਕਾਰਨ ਸੈਰ-ਸਪਾਟਾ, ਹੋਟਲ ਅਤੇ ਜਨਤਕ ਸਮਾਗਮਾਂ ਨਾਲ ਜੁੜੇ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਹੋਇਆ। ਇਸ ਨਾਲ ਬਹੁਤ ਸਾਰੇ ਅਮਰੀਕੀ ਬੇਰੁਜ਼ਗਾਰ ਹੋ ਗਏ। ਹਾਲਾਂਕਿ ਅਮਰੀਕੀ ਸਰਕਾਰ ਦੁਆਰਾ ਦਿੱਤੇ ਗਏ ਪੈਕੇਜ ਤੋਂ ਬਾਅਦ ਲੋਕਾਂ ਨੂੰ ਕੁਝ ਰਾਹਤ ਮਿਲੀ। ਪੈਕੇਜ ਦਿੱਤੇ ਜਾਣ ਤੋਂ ਬਾਅਦ ਖਪਤਕਾਰਾਂ ਦੇ ਖਰਚਿਆਂ ਵਿੱਚ ਤੇਜ਼ੀ ਆਈ।
ਦਰਅਸਲ ਟਰੰਪ ਦੀ ਇੱਛਾ ਇਹੀ ਸੀ ਕਿ ਚੋਣਾਂ ਮੁਲਤਵੀ ਕੀਤੀਆਂ ਜਾਣ ਕਿਉਂਕਿ ਟਰੰਪ ਨੂੰ ਕੋਰੋਨਾ ਨਾਲ ਨਜਿੱਠਣ ਵਿਚ ਜਨਤਕ ਅਸਫ਼ਲਤਾ ਕਾਰਨ ਲੋਕਾਂ ਦੀ ਨਾਰਾਜ਼ਗੀ ਸਾਫ਼ ਮਹਿਸੂਸ ਹੋ ਰਹੀ ਹੈ। ਸਮੇਂ ਦੇ ਨਾਲ ਇਹ ਗੁੱਸਾ ਘੱਟ ਸਕਦਾ ਹੈ। ਇਸ ਲਈ ਟਰੰਪ ਚੋਣ ਮੁਲਤਵੀ ਕਰਨ ਦੀ ਮੰਗ ਕਰ ਰਹੇ ਸਨ। ਵੈਸੇ ਟਰੰਪ ਨੂੰ ਮਜ਼ਬੂਤ ਬਣਾਈ ਰੱਖਣ ਲਈ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ। ਉਸਦੇ ਚੋਣ ਮੁਹਿੰਮ ਪ੍ਰਬੰਧਕ ਨੇ ਅਮੇਰਿਕਨ ਸੁਸਾਇਟੀ ਵਿੱਚ ਚਿੱਟੇ-ਕਾਲੇ ਤਣਾਅ ਨੂੰ ਤੂਲ ਦੇਣ ਦੀ ਕੋਸ਼ਿਸ਼ ਕੀਤੀ। ਜਾਰਜ ਫਲਾਈਡ ਦੇ ਕਤਲ ਤੋਂ ਬਾਅਦ ਟਰੰਪ ਦਾ ਰਵੱਈਆ ਇਹੀ ਸੰਕੇਤ ਦੇ ਰਿਹਾ ਸੀ। ਟਰੰਪ ਵੋਟਰਾਂ ਨੂੰ ਨਸਲੀ ਅਧਾਰ 'ਤੇ ਲਾਮਬੰਦ ਕਰਨਾ ਚਾਹੁੰਦੇ ਹਨ। ਟਰੰਪ ਚੋਣ ਜਿੱਤਣ ਲਈ ਚੀਨ ਦੇ ਨਾਂ 'ਤੇ ਪੱਤੇ ਖੇਡ ਰਿਹਾ ਹੈ। ਕੋਰੋਨਾ ਲਾਗ ਦੀ ਬਿਮਾਰੀ ਲਈ ਚੀਨ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਹਿਊਸਟਨ ਸਥਿਤ ਚੀਨ ਦਾ ਕੌਂਸਲੇਟ ਦੂਤਘਰ ਬੰਦ ਕਰ ਦਿੱਤਾ ਗਿਆ ਹੈ। ਚੀਨੀ ਦੂਰਸੰਚਾਰ ਕੰਪਨੀ ਹੁਆਵੇਈ ’ਤੇ ਸਭ ਤੋਂ ਪਹਿਲਾਂ ਅਮਰੀਕਾ ਵਿਚ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਟਰੰਪ ਨੇ ਉਸ ਖ਼ਿਲਾਫ਼ ਵਿਸ਼ਵ ਪਾਬੰਦੀਆਂ ਦੀ ਮੁਹਿੰਮ ਚਲਾਈ ਹੈ। ਟਰੰਪ ਅਮਰੀਕੀ ਲੋਕਾਂ ਸਾਹਮਣੇ ਚੀਨ ਵਿਰੋਧੀ ਪ੍ਰਤੀਬਿੰਬ ਪੇਸ਼ ਕਰ ਰਹੇ ਹਨ ਤਾਂ ਕਿ ਵੋਟਰਾਂ ਦਾ ਕੇਂਦਰੀਕਰਨ ਉਸ ਵੱਲ ਹੋਵੇ।