ਕੈਨੇਡੀਅਨ ਪੁਲਸ ਨੇ ਚੈਕਿੰਗ ਦੌਰਾਨ ਟਰੱਕ ਡਰਾਈਵਰਾਂ ਦੇ ਕੱਟੇ ਚਲਾਨ

07/29/2019 2:41:29 PM

ਓਨਟਾਰੀਓ (ਏਜੰਸੀ)- ਕੈਨੇਡਾ ਦੀ ਪੀਲ ਰੀਜਨਲ ਪੁਲਸ ਨੇ ਟਰਾਂਸਪੋਰਟ ਟਰੱਕਾਂ ਦੀ ਚੈਕਿੰਗ ਮੁਹਿੰਮ ਦੌਰਾਨ 22 ਗੱਡੀਆਂ ਨੂੰ ਸੜਕ 'ਤੇ ਚਲਾਉਣ ਦੇ ਅਯੋਗ ਕਰਾਰ ਦੇ ਦਿੱਤਾ, ਜਦੋਂ ਕਿ ਸੁਰੱਖਿਆ ਦੀ ਪ੍ਰਵਾਹ ਨਾ ਕਰਨ ਵਾਲੇ ਡਰਾਈਵਰਾਂ ਵਿਰੁੱਧ 58 ਦੋਸ਼ ਆਇਦ ਕੀਤੇ ਗਏ। ਪੁਲਸ ਦੇ 34 ਅਫ਼ਸਰਾਂ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਵੱਖ-ਵੱਖ ਆਕਾਰ ਅਤੇ ਸਮਰੱਥਾ ਵਾਲੇ ਤਕਰੀਬਨ 63 ਟਰੱਕਾਂ ਨੂੰ ਰੋਕਿਆ ਗਿਆ ਸੀ। ਪੀਲ ਪੁਲਸ ਦੀ ਰੋਡ ਸੇਫ਼ਟੀ ਯੂਨਿਟ ਵੱਲੋਂ ਜਾਰੀ ਬਿਆਨ ਮੁਤਾਬਕ ਚੈਕਿੰਗ ਮੁਹਿੰਮ ਦੌਰਾਨ ਰੋਕੇ ਗਏ ਟਰੱਕਾਂ ਦਾ ਔਸਤ ਵਜ਼ਨ 4500 ਕਿਲੋਗ੍ਰਾਮ ਦਰਜ ਕੀਤਾ ਗਿਆ।

ਪੁਲਸ ਨੇ 22 ਟਰੱਕਾਂ ਨੂੰ ਸੜਕ 'ਤੇ ਨਾ ਚੱਲਣਯੋਗ ਕਰਾਰ ਦਿੱਤਾ ਅਤੇ ਇਨਾਂ ਨੂੰ ਤੁਰੰਤ ਹਟਾ ਦਿੱਤਾ ਗਿਆ। ਟਰੱਕਾਂ ਦੀ ਮੁਰੰਮਤ ਅਤੇ ਸਾਂਭ-ਸੰਭਾਲ ਵਿਚ ਅਣਗਹਿਲੀ ਵਰਤਣ ਨਾਲ ਸਬੰਧਤ ਦੋਸ਼ਾਂ ਦਾ ਡਰਾਈਵਰਾਂ ਨੂੰ ਜਵਾਬ ਦੇਣਾ ਹੋਵੇਗਾ। ਪੁਲਸ ਨੇ ਕਿਹਾ ਕਿ ਟਰੱਕਾਂ ਨੂੰ ਉਦੋਂ ਹੀ ਸੜਕ 'ਤੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਦੋਂ ਇਨ੍ਹਾਂ ਦੀ ਤਸੱਲੀਬਖ਼ਸ਼ ਮੁਰੰਮਤ ਨਹੀਂ ਹੋ ਜਾਂਦੀ। ਪੁਲਸ ਨੇ ਦੱਸਿਆ ਕਿ ਉਸ ਟਰੱਕ ਨੂੰ ਚਲਾਉਣ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾ ਸਕਦੀ, ਜਿਸ ਦੇ ਕਲ-ਪੁਰਜ਼ਿਆਂ ਨੂੰ ਜੰਗਾਲ ਲੱਗਿਆ ਹੋਵੇ।


Sunny Mehra

Content Editor

Related News