ਕੈਨੇਡੀਅਨ ਸੂਬੇ ਨੇ ਨਵੇਂ ਇਮੀਗ੍ਰੇਸ਼ਨ ਟੀਚੇ ਦਾ ਕੀਤਾ ਐਲਾਨ, ਫਰੈਂਚ ਭਾਸ਼ਾ ਕੀਤੀ ਲਾਜ਼ਮੀ

Thursday, Nov 02, 2023 - 06:28 PM (IST)

ਇੰਟਰਨੈਸ਼ਨਲ- ਕੈਨੇਡਾ ਦੇ ਕਿਊਬਿਕ ਸੂਬੇ ਨੇ ਆਪਣੇ ਨਵੇਂ ਇਮੀਗ੍ਰੇਸ਼ਨ ਟੀਚੇ ਦਾ ਐਲਾਨ ਕੀਤਾ ਹੈ। ਕਿਊਬਿਕ ਦੇ ਪ੍ਰੀਮੀਅਰ ਫ੍ਰੈਂਕੋਇਸ ਲੇਗੌਲਟ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ 2024 ਵਿੱਚ ਉਨ੍ਹਾਂ ਦੀ ਸਰਕਾਰ ਦਾ ਇਮੀਗ੍ਰੇਸ਼ਨ ਟੀਚਾ ਲਗਭਗ 50,000 ਨਵੇਂ ਆਉਣ ਵਾਲਿਆਂ ਦਾ ਸਵਾਗਤ ਕਰਨ ਦਾ ਹੋਵੇਗਾ, ਜੋ ਕਿ ਇਸ ਸਾਲ ਦੇ ਬਰਾਬਰ ਹੋਵੇਗਾ। ਪਰ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਅਗਲੇ ਸਾਲ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਦੀ ਅਸਲ ਗਿਣਤੀ 60,000 ਤੋਂ ਵੱਧ ਹੋਵੇਗੀ। ਕਿਊਬਿਕ ਸਿਟੀ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਲੇਗੌਲਟ ਨੇ ਕਿਹਾ ਕਿ ਉਹ ਸਾਲਾਨਾ ਇਮੀਗ੍ਰੇਸ਼ਨ ਦਰ ਵਿੱਚ ਵਾਧਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਅਜਿਹਾ ਕਰਨ ਨਾਲ ਸੂਬੇ ਵਿੱਚ ਫ੍ਰੈਂਚ ਭਾਸ਼ਾ ਨੂੰ ਖ਼ਤਰਾ ਪੈਦਾ ਹੋਵੇਗਾ। ਫ੍ਰੈਂਚ ਭਾਸ਼ਾ ਵਿਚ ਆਈ ਗਿਰਾਵਟ ਨੂੰ ਰੋਕਣ ਲਈ ਇਮੀਗ੍ਰੇਸ਼ਨ ਦਰ ਨੂੰ ਰੋਕਣਾ ਮਹੱਤਵਪੂਰਨ ਹੋਵੇਗਾ।

ਦਸਤਾਵੇਜ਼ ਵਿੱਚ ਕਿਹਾ ਗਿਆ ਕਿ ਕਿਊਬਿਕ ਲਗਭਗ 50,000 ਲੋਕਾਂ ਦਾ ਸਵਾਗਤ ਕਰੇਗਾ, ਜਿਹਨਾਂ ਵਿਚ ਹੁਨਰਮੰਦ ਕਾਮੇ, ਸ਼ਰਨਾਰਥੀ ਅਤੇ ਪਰਿਵਾਰ ਸ਼ਾਮਲ ਹਨ ਪਰ ਨਾਲ ਹੀ ਫ੍ਰੈਂਚ-ਭਾਸ਼ਾ ਯੂਨੀਵਰਸਿਟੀ ਪ੍ਰੋਗਰਾਮਾਂ ਦੇ ਹੋਰ ਅੰਦਾਜ਼ਨ 6,500 ਗ੍ਰੈਜੂਏਟਾਂ ਅਤੇ ਲਗਭਗ 6,000 ਲੋਕਾਂ ਨੂੰ ਵੀ ਸਵੀਕਾਰ ਕਰੇਗਾ, ਜਿਹਨਾਂ ਨੇ ਨਿਵੇਸ਼ਕਾਂ, ਉੱਦਮੀਆਂ ਅਤੇ ਸਵੈ-ਰੁਜ਼ਗਾਰ ਵਾਲੇ ਕਾਮਿਆਂ ਲਈ ਇੱਕ ਸਟ੍ਰੀਮ ਰਾਹੀਂ ਅਰਜ਼ੀ ਦਿੱਤੀ ਸੀ। ਲੇਗੌਲਟ ਨੇ ਜਨਤਕ ਤੌਰ 'ਤੇ ਦੱਸਿਆ ਕਿ ਉਸਦੀ ਤਰਜੀਹ ਫ੍ਰੈਂਚ ਭਾਸ਼ਾ ਦੀ ਰੱਖਿਆ ਕਰਨਾ ਹੈ ਪਰ ਨਾਲ ਹੀ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕਾਰੋਬਾਰੀ ਖੇਤਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਵਧਦੀ ਮਹਿੰਗਾਈ ਤੇ ਰਿਹਾਇਸ਼ੀ ਸੰਕਟ ਤੋਂ ਕੈਨੇਡਾ ਚਿੰਤਤ, ਇਮੀਗ੍ਰੇਸ਼ਨ ਨੀਤੀ 'ਤੇ ਲਗਾਈ ਰੋਕ

ਯੂਨੀਵਰਸਿਟੀ ਦੇ ਵਾਧੂ ਗ੍ਰੈਜੂਏਟਾਂ ਬਾਰੇ ਪੁੱਛੇ ਜਾਣ 'ਤੇ ਲੇਗੌਲਟ ਨੇ ਮੰਨਿਆ ਕਿ ਉਹ ਪ੍ਰਤੀ ਸਾਲ 50,000 ਪ੍ਰਵਾਸੀਆਂ ਤੋਂ ਉੱਪਰ ਆਪਣਾ ਟੀਚਾ ਵਧਾ ਸਕਦੇ ਹਨ, ਪਰ ਉਸਨੇ ਕਿਸੇ ਵੀ ਚਿੰਤਾ ਨੂੰ ਖਾਰਜ ਕਰ ਦਿੱਤਾ ਕਿਉਂਕਿ ਉਸਨੇ ਕਿਹਾ ਕਿ ਉਹ ਲੋਕ ਫ੍ਰੈਂਚ ਬੋਲਣ ਵਾਲੇ ਹੋਣਗੇ। ਉਸਨੇ ਕਿਹਾ, "ਟੀਚਾ ਫਰੈਂਕੋਫੋਨਸ ਦੀ ਪ੍ਰਤੀਸ਼ਤਤਾ ਨੂੰ ਵਧਾਉਣਾ ਹੈ।  ਲੇਗੌਲਟ ਨੇ ਇਹ ਵੀ ਘੋਸ਼ਣਾ ਕੀਤੀ ਕਿ ਸਾਰੇ ਪ੍ਰਵਾਸੀ, ਜੋ ਕਿ ਕਿਊਬਿਕ ਦੁਆਰਾ ਚੁਣੇ ਗਏ ਹਨ, ਨਾ ਕਿ ਓਟਾਵਾ ਦੁਆਰਾ ਉਹਨਾਂ ਨੂੰ ਪ੍ਰਾਂਤ ਵਿੱਚ ਪਹੁੰਚਣ ਤੋਂ ਪਹਿਲਾਂ ਇੱਕ ਫ੍ਰੈਂਚ ਟੈਸਟ ਪਾਸ ਕਰਨ ਲਈ ਕਿਹਾ ਜਾਵੇਗਾ। ਉਸ ਨੇ ਕਿਹਾ ਕਿ ਸਰਕਾਰ ਸਾਰੇ ਅਸਥਾਈ ਵਿਦੇਸ਼ੀ ਕਾਮਿਆਂ- ਉਨ੍ਹਾਂ ਨੂੰ ਛੱਡ ਕੇ ਜੋ ਖੇਤਾਂ 'ਤੇ ਕੰਮ ਕਰਦੇ ਹਨ ਦੇ ਲਈ ਫ੍ਰਾਂਸੀਸੀ ਭਾਸ਼ਾ ਪਾਸ ਕਰਨ ਦੀ ਲੋੜ ਲਾਜ਼ਮੀ ਕਰ ਦੇਵੇਗੀ, ਜੇਕਰ ਉਹ ਤਿੰਨ ਸਾਲਾਂ ਤੋਂ ਵੱਧ ਸਮੇਂ ਤੱਕ ਸੂਬੇ ਵਿੱਚ ਰਹਿਣਾ ਚਾਹੁੰਦੇ ਹਨ।

ਲੇਗੌਲਟ ਨੇ ਕਿਹਾ,"ਸੁਨੇਹਾ ਬਹੁਤ ਸਪੱਸ਼ਟ ਹੋਵੇਗਾ, ਭਵਿੱਖ ਵਿੱਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੋਵਾਂ ਲਈ, ਜੇਕਰ ਤੁਸੀਂ ਤਿੰਨ ਸਾਲਾਂ ਤੋਂ ਵੱਧ ਸਮੇਂ ਲਈ ਕਿਊਬਿਕ ਵਿੱਚ ਆਉਣਾ ਚਾਹੁੰਦੇ ਹੋ, ਜੇਕਰ ਤੁਸੀਂ ਇੱਕ ਸਥਾਈ ਪ੍ਰਵਾਸੀ ਵਜੋਂ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਫ੍ਰੈਂਚ ਬੋਲਣੀ ਪਵੇਗੀ।" ਇਕ ਹੋਰ ਅਧਿਕਾਰੀ ਫ੍ਰੈਚੇਟ ਨੇ ਕਿਹਾ ਕਿ ਅਸਥਾਈ ਕਰਮਚਾਰੀਆਂ ਦੀ ਸਰਕਾਰੀ ਫ੍ਰੈਂਚ-ਭਾਸ਼ਾ ਦੀਆਂ ਕਲਾਸਾਂ ਤੱਕ ਪਹੁੰਚ ਹੁੰਦੀ ਹੈ ਅਤੇ ਰੁਜ਼ਗਾਰਦਾਤਾਵਾਂ ਨੂੰ ਕੰਮ ਵਾਲੀ ਥਾਂ 'ਤੇ ਕਰਮਚਾਰੀਆਂ ਨੂੰ ਕੁਝ ਘੰਟਿਆਂ ਲਈ ਫ੍ਰੈਂਚ ਸਿੱਖਣ ਦੀ ਪੇਸ਼ਕਸ਼ ਕਰਨ ਲਈ ਕਿਹਾ ਜਾਵੇਗਾ।  ਉਸਨੇ ਕਿਹਾ,"ਅਸਥਾਈ ਕਰਮਚਾਰੀ ਫ੍ਰੈਂਚ ਸਿੱਖਣ ਵਿੱਚ ਦਿਲਚਸਪੀ ਲੈਣਗੇ ਕਿਉਂਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੰਬੇ ਸਮੇਂ ਵਿੱਚ ਰਹਿਣਾ ਚਾਹੁੰਦੇ ਹਨ,"। ਇਹ ਉਪਾਅ ਰੁਜ਼ਗਾਰਦਾਤਾਵਾਂ ਨੂੰ ਭਾਸ਼ਾ ਸਿੱਖਣ ਵਿੱਚ ਮਦਦ ਕਰਨ ਲਈ ਉਤਸ਼ਾਹਿਤ ਕਰੇਗਾ। ਕਿਊਬਿਕ ਦੇ ਇਮੀਗ੍ਰੇਸ਼ਨ ਟੀਚੇ ਦੋ ਸਾਲਾਂ ਲਈ ਲਾਗੂ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।     


Vandana

Content Editor

Related News