ਕੈਨੇਡੀਅਨ ਪੀ.ਐੱਮ. ਜਸਟਿਨ ਟਰੂਡੋ ਨੇ ਦਿੱਤੀਆਂ ਨਰਾਤਿਆਂ ਦੀਆਂ ਵਧਾਈਆਂ

Saturday, Oct 17, 2020 - 07:36 PM (IST)

ਕੈਨੇਡੀਅਨ ਪੀ.ਐੱਮ. ਜਸਟਿਨ ਟਰੂਡੋ ਨੇ ਦਿੱਤੀਆਂ ਨਰਾਤਿਆਂ ਦੀਆਂ ਵਧਾਈਆਂ

ਓਟਾਵਾ-ਦੁਨੀਆ ਭਰ ’ਚ ਨਰਾਤੇ ਬੜੇ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਇਸ ਪਵਿੱਤਰ ਮੌਕੇ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਿਆਨ ਜਾਰੀ ਕਰਕੇ ਕੈਨੇਡਾ ਅਤੇ ਦੁਨੀਆ ਭਰ ’ਚ ਵਸਦੇ ਹਿੰਦੂ ਭਾਈਚਾਰੇ ਨੂੰ ਨਰਾਤਿਆਂ ਦੀਆਂ ਵਧਾਈਆਂ ਦਿੱਤੀਆਂ ਹਨ।  ਕੈਨੇਡੀਅਨ ਪ੍ਰਧਾਨ ਮੰਤਰੀ ਨੇ ਆਪਣੇ ਬਿਆਨ ’ਚ ਕਿਹਾ ਕਿ ਅੱਜ ਤੋਂ ਹਿੰਦੂ ਭਾਈਚਾਰਾ ਕੈਨੇਡਾ ਅਤੇ ਪੂਰੀ ਦੁਨੀਆ ’ਚ ਨਰਾਤਿਆਂ ਦਾ ਤਿਓਹਾਰ ਮਨਾਉਣਾ ਸ਼ੁਰੂ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਇਹ ਤਿਓਹਾਰ ਨੌ ਰਾਤਾਂ ਅਤੇ ਦੱਸ ਦਿਨ ਮਨਾਇਆ ਜਾਂਦਾ ਹੈ ਜੋ ਕਿ ਹਿੰਦੂ ਮਾਨਤਾ ਮੁਤਾਬਕ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦੌਰਾਨ ਪਰਿਵਾਰਕ ਮੈਂਬਰ ਅਤੇ ਦੋਸਤ ਪ੍ਰਾਥਨਾ ਕਰਦੇ ਹਨ ਅਤੇ ਰਲ ਮਿਲ ਕੇ ਇਸ ਤਿਓਹਾਰ ਨੂੰ ਮਨਾਉਂਦੇ ਹਨ। ਇਹ ਨਰਾਤੇ ਮੌਕਾ ਹਨ ਹਿੰਦੂ ਭਾਈਚਾਰੇ ਨਾਲ ਮਿਲ ਕੇ ਉਨ੍ਹਾਂ ਦੀ ਖੁਸ਼ੀ ਸਾਂਝੀ ਕਰਨ ਦਾ।

ਇਸ ਸਾਲ ਕੋਰੋਨਾ ਮਹਾਮਾਰੀ ਦੇ ਅਸਰ ਨੂੰ ਦੇਖਦਿਆਂ ਅਤੇ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ’ਚ ਰੱਖਦੇ ਹੋਏ ਹਿੰਦੂ ਤੇ ਹੋਰ ਭਾਈਚਾਰਿਆਂ ਨੂੰ ਆਪਣੇ ਘਰਾਂ ਤੇ ਵਰਚੁਅਲ ਤਰੀਕੇ ਨਾਲ ਇਸ ਖਾਸ ਤਿਉਹਾਰ ਨੂੰ ਮਨਾਉਣ ਦੀ ਅਪੀਲ ਕੀਤੀ ਜਾਂਦੀ ਹੈ। ਕੈਨੇਡਾ ਵਾਸੀਆਂ ਵੱਲੋਂ ਸੋਫੀ ਤੇ ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਜੋ ਇਸ ਪਵਿੱਤਰ ਤਿਓਹਾਰ ਨੂੰ ਕੈਨੇਡਾ ਤੇ ਦੁਨੀਆ ਭਰ ’ਚ ਮਨਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਟਵੀਟ ਕਰਦਿਆਂ ਦੁਨੀਆ ਭਰ ’ਚ ਵਸਦੇ ਹਿੰਦੂ ਭਾਈਚਾਰੇ ਨੂੰ ਇਸ ਪਵਿੱਤਰ ਤਿਓਹਾਰ ਦੀ ਵਧਾਈ ਦਿੱਤੀ। 


author

Karan Kumar

Content Editor

Related News