ਕੈਨੇਡੀਅਨ ਪਾਰਲੀਮੈਂਟ 'ਚ ਪਾਸ ਹੋਇਆ ਨਵਾਂ ਬਿੱਲ, ਬਿਨਾਂ ਪੇਪਰਾਂ ਦੇ ਰਹਿੰਦੇ ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ

Friday, May 13, 2022 - 04:38 PM (IST)

ਕੈਨੇਡੀਅਨ ਪਾਰਲੀਮੈਂਟ 'ਚ ਪਾਸ ਹੋਇਆ ਨਵਾਂ ਬਿੱਲ, ਬਿਨਾਂ ਪੇਪਰਾਂ ਦੇ ਰਹਿੰਦੇ ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ

ਫਿਰੋਜ਼ਪੁਰ (ਕੁਮਾਰ)- ਹੋਪ ਸੇਵਾ ਸੁਸਾਇਟੀ ਵੱਲੋਂ ਕੈਨੇਡਾ ਵਿੱਚ 15 ਮਈ ਨੂੰ ਇਮੀਗ੍ਰੇਸ਼ਨ ਸਬੰਧੀ ਮੁੱਦਿਆਂ ਨੂੰ ਲੈ ਕੇ ਅਤੇ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਵੱਲੋਂ ਲਿਆਂਦੇ ਗਏ ਅਤੇ ਕੈਨੇਡੀਅਨ ਪਾਰਲੀਮੈਂਟ ਵੱਲੋਂ ਪਾਸ ਕੀਤੇ ਗਏ ਗਏ ‘‘ਸਪੋਰਟ ਐਮ..44’’ ਬਿੱਲ ਦੇ ਸਮਰਥਨ ਵਿਚ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕੈਨੇਡਾ ਵਿਚ ਪਿਛਲੇ ਲੰਬੇ ਸਮੇਂ ਤੋਂ ਵਰਕ ਪਰਮਿਟ ਹੋਲਡਰ, ਰਿਫਿਊਜੀ ਕਲੇਮਡ, ਕੇਅਰਗਿਵਰ ਅਤੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਬਿਨਾਂ ਪੇਪਰਾਂ ਤੋਂ ਰਹਿੰਦਿਆਂ ਨੂੰ ਬਿਨਾਂ ਸ਼ਰਤ ਪੱਕੇ ਕਰਾਉਣ ਦੀ ਮੰਗ ਹੋ ਰਹੀ ਹੈ ਅਤੇ ਹੁਣ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸਰਦਾਰ ਰਨਦੀਪ ਸਰਾਏ ਵੱਲੋਂ ਇਹਨਾਂ ਮੁੱਦਿਆਂ ਨੂੰ ਲੈ ਕੇ ਬਿੱਲ ਕੈਨੇਡਾ ਦੀ ਪਾਰਲੀਮੈਂਟ ਵਿੱਚ ਗਿਆ, ਜਿਸ ਨੂੰ ਕੈਨੇਡੀਅਨ ਪਾਰਲੀਮੈਂਟ ਨੇ ਪਾਸ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਪੰਜਾਬਣਾਂ ਨੇ ਪਾਈ ਧੱਕ, ਮਾਂ ਤੋਂ ਬਾਅਦ ਧੀ ਵੀ ਏਅਰਫੋਰਸ 'ਚ ਹੋਈ ਭਰਤੀ

ਇਹ ਜਾਣਕਾਰੀ ਦਿੰਦੇ ਹੋਏ ਹੋਪ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਬਿੱਲ ਦੀ ਪੂਰਨ ਹਮਾਇਤ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਇਸ ਬਿੱਲ ਦੀ ਹਮਾਇਤ ਲਈ 15 ਮਈ ਨੂੰ ਸਰੀ, ਮਾਰਟਿਨਡੇਲ ਡਰਾਈਵ, ਐਨ.ਈ. ਕੈਲਗਰੀ ਅਤੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਬਿੱਲ ਦੀ ਸਪੋਰਟ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਸਰਦਾਰ ਰਣਦੀਪ ਸਰਾਏ ਵੱਲੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਲਿਆਂਦੇ ਗਏ ਅਤੇ ਪਾਸ ਕੀਤੇ ਗਏ ਇਸ ਬਿੱਲ ਨਾਲ ਕੈਨੇਡਾ ਵਿੱਚ ਰਹਿੰਦੇ ਲੱਖਾਂ ਲੋਕਾਂ ਦੀਆਂ ਤਕਦੀਰਾਂ ਬਦਲ ਜਾਣਗੀਆਂ ਅਤੇ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਮੁੱਦਿਆਂ ਨੂੰ ਲੈ ਕੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਾਡੇ ਦੇਸ਼ ਦੇ ਕੈਨੇਡਾ ਵਿੱਚ ਰਹਿੰਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਰੈਲੀ ਨੂੰ ਲੈ ਕੇ ਇਕ ਡਾਕੂਮੈਂਟਰੀ ਫਿਲਮ ਤਿਆਰ ਕੀਤੀ ਜਾਵੇਗੀ, ਜੋ ਬਾਅਦ ਵਿਚ ਕੈਨੇਡੀਅਨ ਪਾਰਲੀਮੈਂਟ ਵਿੱਚ ਦਿਖ਼ਾਈ ਜਾਵੇਗੀ, ਜਿਸ ਨਾਲ ਇਸ ਬਿੱਲ ਦੀ ਕਾਮਯਾਬੀ ਨੂੰ ਹੋਰ ਬਲ ਮਿਲੇਗਾ।

ਇਹ ਵੀ ਪੜ੍ਹੋ: ਤਾਲਿਬਾਨ ਦਾ ਨਵਾਂ ਫਰਮਾਨ, ਰੈਸਟੋਰੈਂਟ 'ਚ ਪਤੀ-ਪਤਨੀ ਦੇ ਇਕੱਠੇ ਬੈਠਣ 'ਤੇ ਲਗਾਈ ਪਾਬੰਦੀ

ਇਸ ਰੈਲੀ ਨੂੰ ਲੈ ਕੇ ਪੰਜਾਬ ਦੇ ਮਸ਼ਹੂਰ ਵੱਖ-ਵੱਖ ਗਾਇਕਾਂ, ਐੱਨ. ਜੀ. ਓਸ. ਅਤੇ ਹੋਪ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਰੈਲੀ ਦਾ ਹਿੱਸਾ ਜ਼ਰੂਰ ਬਨਣ। ਉਨ੍ਹਾਂ ਨੇ ਭਾਰਤ ਵਿਚ ਅਤੇ ਵਿਸ਼ੇਸ਼ ਕਰਕੇ ਪੰਜਾਬ ਵਿੱਚ ਰਹਿੰਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੈਨੇਡਾ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ, ਦੋਸਤਾਂ ਤੇ ਸੰਬੰਧੀਆਂ ਨੂੰ ਇਸ ਰੈਲੀ ਵਿਚ ਜ਼ਰੂਰ ਪਹੁੰਚਣ ਲਈ ਬੇਨਤੀ ਕਰਨ ਤਾਂ ਜੋ ਲੰਬੇ ਸਮੇਂ ਤੋਂ ਪੀ. ਆਰ. ਲੈਣ ਲਈ ਪੈਂਡਿੰਗ ਪਈਆਂ ਫਾਈਲਾਂ 'ਤੇ ਤੇਜ਼ੀ ਨਾਲ ਕਾਰਵਾਈ ਹੋ ਸਕੇ ਤੇ ਲੋਕਾਂ ਨੂੰ ਪੀ.ਆਰ. ਮਿਲ ਸਕੇ। ਉਹਨਾਂ ਰੈਲੀ ਵਿੱਚ ਹੁੰਮ-ਹੁਮਾ ਕੇ ਪੁੱਜਣ ਵਾਲੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਰੈਲੀ ਵਿਚ ਆਉਂਦੇ ਅਤੇ ਜਾਂਦੇ ਸਮੇਂ ਟਰੈਫਿਕ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਘਨ ਨਾ ਪੈਣ ਦੇਣ ਅਤੇ ਸ਼ਾਂਤੀਪੂਰਨ ਇਸ ਰੈਲੀ ਦਾ ਹਿੱਸਾ ਬਣਦੇ ਹੋਏ ਕਿਸੇ ਵੀ ਤਰ੍ਹਾਂ ਦਾ ਨਾਅਰਾ ਆਦਿ ਨਾ ਲਗਾਉਣ। ਹੋਪ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਨੇ ਕੈਨੇਡਾ ਵਿੱਚ ਰਹਿੰਦੇ ਸਾਰੇ ਭਾਰਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਰੈਲੀ ਵਿਚ ਜ਼ਰੂਰ ਪਹੁੰਚਣ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇਸ ਰੈਲੀ ਨੂੰ ਲੈ ਕੇ ਭਾਰਤੀਆਂ ਵਿੱਚ ਬਹੁਤ ਉਤਸ਼ਾਹ ਹੈ ਤੇ ਇਸ ਬਿੱਲ ਦੇ ਪਾਰਲੀਮੈਂਟ ਵਿੱਚ ਆਉਣ ਨਾਲ ਉਹਨਾਂ ਨੂੰ ਸੁਨਿਹਰੇ ਭਵਿੱਖ ਦੀ ਆਸ ਨਜ਼ਰ ਆਉਣ ਲੱਗੀ ਹੈ।

ਇਹ ਵੀ ਪੜ੍ਹੋ: ਉੱਤਰ ਕੋਰੀਆ 'ਚ ਫੈਲਿਆ 'ਰਹੱਸਮਈ ਬੁਖ਼ਾਰ', 6 ਲੋਕਾਂ ਦੀ ਮੌਤ, ਕਰੀਬ 2 ਲੱਖ ਲੋਕਾਂ ਨੂੰ ਕੀਤਾ ਗਿਆ ਆਈਸੋਲੇਟ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News