ਓਂਟਾਰੀਓ ਸੂਬੇ ਨੇ ਕੈਨੇਡਾ-ਅਮਰੀਕਾ ਸਰਹੱਦ ਨੂੰ ਲੈ ਕੇ ਕੀਤੀ ਇਹ ਅਪੀਲ
Thursday, Sep 10, 2020 - 11:39 AM (IST)
ਓਂਟਾਰੀਓ- ਕੈਨੇਡਾ-ਅਮਰੀਕਾ ਦੀ ਸਰਹੱਦ ਅਗਲੇ ਸਾਲ ਤੱਕ ਬੰਦ ਰੱਖਣ ਲਈ ਓਂਟਾਰੀਓ ਸਰਹੱਦੀ ਖੇਤਰ ਦੇ ਮੇਅਰਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਮਿਲ ਕੇ ਕੈਨੇਡਾ ਸੰਘੀ ਸਰਕਾਰ ਨੂੰ ਅਪੀਲ ਕੀਤੀ ਹੈ।
ਉਨ੍ਹਾਂ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਦੋਹਾਂ ਦੇਸ਼ਾਂ ਦੀ ਸਰਹੱਦ ਘੱਟੋ-ਘੱਟ ਅਗਲੇ ਸਾਲ ਤੱਕ ਬੰਦ ਰਹਿਣੀ ਚਾਹੀਦੀ ਹੈ।
ਕੈਨੇਡਾ ਦੇ ਜਨਤਕ ਸੁਰੱਖਿਆ ਵਿਭਾਗ ਦੇ ਮੰਤਰੀ ਬਿੱਲ ਬਲੇਅਰ ਨਾਲ ਸਾਰਨੀਆ ਦੇ ਮੇਅਰ ਮਾਈਕ ਬਰੇਡਲੀ ਤੇ ਉਨ੍ਹਾਂ ਦੇ ਸਾਥੀ ਮੇਅਰਾਂ ਨੇ ਵੀਡੀਓ ਕਾਨਫਰੰਸ ਕੀਤੀ ਤੇ ਇਹ ਮੰਗ ਉਨ੍ਹਾਂ ਅੱਗੇ ਰੱਖੀ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਭ ਤੋਂ ਵੱਡਾ ਕਦਮ ਇਸ ਸਰਹੱਦ ਨੂੰ ਬੰਦ ਰੱਖਣਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਕਾਫੀ ਵਿਚਾਰ ਮਗਰੋਂ ਇਸ ਫੈਸਲੇ 'ਤੇ ਪੁੱਜੇ ਹਾਂ ਕਿ ਸਰਹੱਦ ਬੰਦ ਰੱਖੀ ਜਾਵੇ ਤੇ ਅਸੀਂ ਇਹ ਦੇਖ ਸਕੀਏ ਕਿ ਸਕੂਲਾਂ ਦੇ ਖੁੱਲ਼੍ਹਣ ਨਾਲ ਕੀ ਅਸਰ ਪੈਂਦਾ ਹੈ। ਜੇਕਰ ਕੈਨੇਡੀਅਨ ਅਮਰੀਕੀਆਂ ਦੇ ਸੰਪਰਕ ਵਿਚ ਨਹੀਂ ਆਉਂਦੇ ਤਾਂ ਕੀ ਕੋਰੋਨਾ ਫੈਲਣ ਦਾ ਖਤਰਾ ਘਟਾਇਆ ਜਾ ਸਕਦਾ ਹੈ ਜਾਂ ਨਹੀਂ, ਅਸੀਂ ਇਸ 'ਤੇ ਜਾਂਚ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਦੁਨੀਆ ਦਾ ਸਭ ਤੋਂ ਪ੍ਰਭਾਵਿਤ ਦੇਸ਼ ਹੈ ਤੇ ਇਸ ਦੇ ਗੁਆਂਢੀ ਦੇਸ਼ ਕੈਨੇਡਾ ਵਿਚ ਕੋਰੋਨਾ ਦੇ ਮਾਮਲੇ ਇਸ ਨਾਲੋਂ ਕਾਫੀ ਘੱਟ ਹਨ ਤੇ ਇਸੇ ਲਈ ਕੈਨੇਡੀਅਨਾਂ ਦੀ ਸੁਰੱਖਿਆ ਲਈ ਇਹ ਸੁਝਾਅ ਦਿੱਤਾ ਗਿਆ ਹੈ।
ਸਾਰਨੀਆ ਦੇ ਇਕ ਰੈਸਟੋਰੈਂਟ ਮਾਲਕ ਨੇ ਕਿਹਾ ਕਿ ਉਸ ਦੇ ਰੈਸਟੋਰੈਂਟ ਤੇ ਪਬ ਅਮਰੀਕੀਆਂ ਦੀ ਪਸੰਦ ਰਹੇ ਹਨ ਪਰ ਉਹ ਵੀ ਚਾਹੁੰਦੇ ਹਨ ਕਿ ਅਜੇ ਅਮਰੀਕੀ ਨਾ ਆਉਣ ਤਾਂ ਕਿ ਉਹ ਇਕ ਹੋਰ ਤਾਲਾਬੰਦੀ ਤੋਂ ਬਚ ਜਾਣ ਕਿਉਂਕਿ ਜੇਕਰ ਮੁੜ ਤਾਲਾਬੰਦੀ ਲੱਗੀ ਤਾਂ ਉਨ੍ਹਾਂ ਦਾ ਕੰਮ ਬਹੁਤ ਘਾਟੇ ਵਿਚ ਚਲਾ ਜਾਵੇਗਾ। ਫਿਲਹਾਲ 21 ਸਤੰਬਰ ਤੱਕ ਕੈਨੇਡਾ-ਅਮਰੀਕਾ ਦੀ ਗੈਰ ਜ਼ਰੂਰੀ ਯਾਤਰਾ ਲਈ ਸਰਹੱਦ ਬੰਦ ਰੱਖੀ ਗਈ ਹੈ।