PM ਟਰੂਡੋ ਦੇ ''ਇਸਲਾਮੋਫੋਬੀਆ'' ਸਬੰਧੀ ਬਿਆਨ ਦਾ ਇਮਰਾਨ ਖ਼ਾਨ ਵੱਲੋਂ ਸਵਾਗਤ, ਕਹੀ ਵੱਡੀ ਗੱਲ
Monday, Jan 31, 2022 - 06:44 PM (IST)
ਇਸਲਾਮਾਬਾਦ/ਟੋਰਾਂਟੋ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਆਪਣੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਦੇ 'ਇਸਲਾਮੋਫੋਬੀਆ' ਨਾਲ ਜੁੜੇ ਇਕ ਬਿਆਨ ਦਾ ਸਵਾਗਤ ਕੀਤਾ। ਟਰੂਡੋ ਨੇ ਆਪਣੇ ਬਿਆਨ ਵਿਚ ਇਸਲਾਮੋਫੋਬੀਆ ਦੀ ਨਿੰਦਾ ਕੀਤੀ ਹੈ ਅਤੇ ਮੁਸਲਮਾਨਾਂ ਖ਼ਿਲਾਫ਼ ਨਫਰਤ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ।
2017 ਦੀ ਕਿਊਬੇਕ ਮਸਜਿਦ ਹਮਲਿਆਂ ਦੀ ਪੰਜਵੀਂ ਬਰਸੀ 'ਤੇ ਟਰੂਡੋ ਨੇ ਇਕ ਟਵੀਟ ਜ਼ਰੀਏ ਇਹ ਗੱਲ ਕਹੀ। ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਮਸਜਿਦ ਵਿਚ ਹੋਈ ਗੋਲੀਬਾਰੀ ਵਿਚ ਛੇ ਮੁਸਲਮਾਨ ਮਾਰੇ ਗਏ ਅਤੇ 19 ਜ਼ਖਮੀ ਹੋਏ ਸਨ। ਹਮਲਿਆਂ ਦੀ ਬਰਸੀ 'ਤੇ 29 ਜਨਵਰੀ ਨੂੰ ਕੈਨੇਡਾ ਦੀ ਨਸਲਵਾਦ ਵਿਰੋਧੀ ਨੀਤੀ ਦੇ ਤਹਿਤ ਇਸਲਾਮੋਫੋਬੀਆ ਦਾ ਮੁਕਾਬਲਾ ਕਰਨ ਲਈ ਟਰੂਡੋ ਨੇ ਇਕ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕਰਨ ਦੀ ਵੀ ਘੋਸ਼ਣਾ ਕੀਤੀ। 2021 ਵਿਚ ਕੈਨੇਡਾ ਨੇ ਘੋਸ਼ਣਾ ਕੀਤੀ ਸੀ ਕਿ ਉਹ ਇਸ ਦਿਨ ਨੂੰ ਮਰਨ ਵਾਲਿਆਂ ਦੀ ਯਾਦ ਵਿਚ ਰਾਸ਼ਟਰੀ ਯਾਦ ਦਿਵਸ ਦੇ ਰੂਪ ਵਿਚ ਮਨਾਏਗਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਇਸਲਾਮੋਫੋਬੀਆ ਅਸਵੀਕਾਰਯੋਗ ਹੈ। ਇਸ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਨੂੰ ਇਸ ਨਫਰਤ ਨੂੰ ਖ਼ਤਮ ਕਰਨ ਅਤੇ ਆਪਣੇ ਦੇਸ਼ ਨੂੰ ਮੁਸਲਿਮ ਕੈਨੇਡੀਅਨ ਲੋਕਾਂ ਲਈ ਸੁਰੱਖਿਅਤ ਬਣਾਉਣ ਦੀ ਲੋੜ ਹੈ। ਇਸ ਲਈ ਅਸੀਂ ਇਸਲਾਮੋਫੋਬੀਆ ਨਾਲ ਨਜਿੱਠਣ ਲਈ ਇਕ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕਰਨ ਦਾ ਇਰਾਦਾ ਰੱਖਦੇ ਹਾਂ।
ਇਸ ਮਗਰੋਂ ਇਮਰਾਨ ਖਾਨ ਨੇ ਟਰੂਡੋ ਦੇ ਇਸ ਬਿਆਨ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਮੈਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਸਲਾਮੋਫੋਬੀਆ ਦੀ ਨਿੰਦਾ ਅਤੇ ਇਸ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਇਕ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕਰਨ ਦੀ ਉਹਨਾਂ ਦੀ ਯੋਜਨਾ ਦਾ ਸਵਾਗਤ ਕਰਦਾ ਹਾਂ। ਉਹ ਜਿਹੜੀ ਕਾਰਵਾਈ ਦੀ ਗੱਲ ਕਰ ਰਹੇ ਹਨ, ਲੰਬੇਂ ਸਮੇਂ ਤੋਂ ਅਸੀਂ ਉਸ ਦੀ ਮੰਗ ਕਰਦੇ ਆਏ ਹਾਂ। ਆਓ ਇਸ ਖਤਰੇ ਨੂੰ ਖ਼ਤਮ ਕਰਨ ਲਈ ਹੱਥ ਮਿਲਾਈਏ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਟਰੱਕ ਚਾਲਕਾਂ ਦਾ ਪ੍ਰਦਰਸ਼ਨ ‘ਆਜ਼ਾਦੀ ਕਾਫਲਾ’ ਦੂਜੇ ਦਿਨ ਵੀ ਜਾਰੀ
ਵਿਸ਼ੇਸ਼ ਪ੍ਰਤੀਨਿਧੀ ਦੀ ਨਿਯੁਕਤੀ ਸਬੰਧੀ ਕੈਨੇਡਾ ਨੇ ਇਕ ਬਿਆਨ ਵੀ ਜਾਰੀ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸਲਾਮੋਫੋਬੀਆ ਕੈਨੇਡਾ ਅਤੇ ਦੁਨੀਆ ਭਰ ਦੇ ਮੁਸਲਮਾਨਾਂ ਲਈ ਇਕ ਅਸਲੀਅਤ ਹੈ। ਬਿਆਨ ਵਿਚ ਕਿਹਾ ਗਿਆ ਕਿ ਕਿਊਬੇਕ ਵਿਚ ਮਸਜਿਦ 'ਤੇ ਹਮਲੇ ਦੀ ਪੰਜਵੀਂ ਬਰਸੀ ਮੌਕੇ ਕੈਨੇਡਾ ਸਰਕਾਰ ਪੂਰੇ ਦੇਸ਼ ਵਿਚ ਮੁਸਲਿਮ ਭਾਈਚਾਰਿਆਂ ਨਾਲ ਖੜ੍ਹੀ ਹੈ ਅਤੇ ਉਹਨਾਂ ਦਾ ਸਮਰਥਨ ਕਰਦੀ ਹੈ। ਸਰਕਾਰ ਇਸਲਾਮੋਫੋਬੀਆ ਦੀ ਨਿੰਦਾ ਕਰਨ ਅਤੇ ਨਫਰਤ ਫੈਲਾਉਣ ਵਾਲੀ ਹਿੰਸਾ ਨਾਲ ਨਜਿੱਠਣ ਲਈ ਕਾਰਵਾਈ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ।ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਵਿਸ਼ੇਸ਼ ਪ੍ਰਤੀਨਿਧੀ ਦੀ ਨਿਯੁਕਤੀ ਕੈਨੇਡਾ ਦੀ ਨਸਲਵਾਦ ਵਿਰੋਧੀ ਰਣਨੀਤੀ ਦੇ ਤਹਿਤ ਇਸਲਾਮੋਫੋਬੀਆ ਨਾਲ ਨਜਿੱਠਣ ਲਈ ਸਰਕਾਰ ਦੇ ਚੱਲ ਰਹੇ ਕੰਮ ਵਿਚ ਇਕ ਹੋਰ ਵਾਧੂ ਕਦਮ ਹੋਵੇਗਾ। ਬਿਆਨ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਪਿਛਲੇ ਸਾਲ ਜੁਲਾਈ ਵਿਚ ਆਯੋਜਿਤ ਇਸਲਾਮੋਫੋਬੀਆ 'ਤੇ ਇਕ ਸੰਮੇਲਨ ਵਿਚ ਪ੍ਰਤੀਨਿਧੀ ਨੂੰ ਨਿਯੁਤਚ ਕਰਨ ਦਾ ਸੁਝਾਅ ਦਿੱਤਾ ਗਿਆ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।