ਕੈਨੇਡਾ : ਅਲਬਰਟਾ ਸੂਬਾਈ ਚੋਣਾਂ 'ਚ ਪੰਜਾਬੀਆਂ ਦੀ ਝੰਡੀ, ਤਿੰਨ ਪੰਜਾਬੀ ਬਣੇ ਵਿਧਾਇਕ
Tuesday, May 30, 2023 - 06:37 PM (IST)
ਕੈਲਗਰੀ (ਦਲਵੀਰ ਸਿੰਘ ਜਲੋਵਾਲੀਆ)- ਕੈਨੇਡਾ ਵਿੱਚ 29 ਮਈ ਨੂੰ ਹੋਈਆਂ ਅਲਬਰਟਾ ਸੂਬਾਈ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਖ਼ਬਰ ਆਈ ਹੈ ਕਿ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਨੇ ਜਿੱਤ ਦਰਜ ਕੀਤੀ ਹੈ। ਇਹਨਾਂ ਵਿਚ ਪਰਮੀਤ ਸਿੰਘ ਬੋਪਾਰਾਏ, ਗੁਰਿੰਦਰ ਬਰਾੜ ਅਤੇ ਰਾਜਨ ਸਾਵਨੀ ਸ਼ਾਮਲ ਹਨ। ਤਾਜ਼ਾ ਜਾਣਕਾਰੀ ਮੁਤਾਬਕ ਡੈਨੀਅਲ ਸਮਿਥ ਦੀ ਅਗਵਾਈ ਹੇਠ ਯੂ.ਸੀ.ਪੀ ਬਹੁਮਤ ਹਾਸਲ ਕਰਨ ਵਿਚ ਸਫਲ ਹੋਈ ਹੈ ਅਤੇ ਉਹ ਅਗਲੀ ਪ੍ਰੀਮੀਅਰ ਬਣ ਗਈ ਹੈ। ਅਲਬਰਟਾ ਵਿਧਾਨ ਸਭਾ ਦੀਆਂ ਅੱਜ ਹੋਈਆਂ ਵੋਟਾਂ ਦੇ ਆਏ ਨਤੀਜੇ ਵਿਚ ਯੂਨਾਈਟਡ ਕੰਸਰਵੇਟਿਵ ਪਾਰਟੀ ( ਯੂ ਸੀ ਪੀ) ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਹੇਠ ਮੁੜ ਸਰਕਾਰ ਬਣਾਉਣ ਜਾ ਰਹੀ ਹੈ। 88 ਮੈਂਬਰੀ ਵਿਧਾਨ ਸਭਾ ਵਿਚ ਬਹੁਮਤ ਲਈ ਲੋੜੀਦੀਆਂ 44 ਸੀਟਾਂ ਤੋਂ ਵੱਧ ਯੂਸੀਪੀ ਨੇ 49 ਸੀਟਾਂ ਜਿਤ ਲਈਆਂ ਜਦੋਂਕਿ ਵਿਰੋਧੀ ਧਿਰ ਐਨ ਡੀ ਪੀ 39 ਸੀਟਾਂ ਲਿਜਾਕੇ ਸ਼ਕਤੀਸ਼ਾਲੀ ਵਿਰੋਧੀ ਧਿਰ ਵਜੋਂ ਸਾਹਮਣੇ ਆਈ।
ਗੁਰਿੰਦਰ ਬਰਾੜ ਨੇ NPP ਵੱਲੋਂ ਚੋਣ ਲੜਦਿਆਂ ਯੂਸੀਪੀ ਦੇ ਇੰਦਰ ਗਰੇਵਾਲ ਨੂੰ ਹਰਾ ਕੇ ਜਿੱਤ ਦਰਜ ਕੀਤੀ। ਪਰਮੀਤ ਸਿੰਘ ਬੋਪਾਰਾਏ ਕੈਲਗਰੀ ਫਾਲਕੋਨਰਿੱਜ ਵਾਲੀ ਸੀਟ ਤੋਂ 2166 ਵੋਟਾਂ ਨਾਲ ਜਿੱਤ ਕੇ NDP ਪਾਰਟੀ ਦੇ MLA ਬਣੇ ਹਨ। ਪ੍ਰਮੁੱਖ ਪੰਜਾਬੀ ਉਮੀਦਵਾਰ ਰਾਜਨ ਸਾਹਨੀ (ਵਪਾਰ, ਇਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰ ਲਈ ਕੈਬਨਿਟ ਮੰਤਰੀ) ਨੇ ਕੈਲਗਰੀ ਉੱਤਰ-ਪੱਛਮੀ ਤੋਂ ਯੂਸੀਪੀ ਟਿਕਟ 'ਤੇ ਚੋਣ ਲੜ ਕੇ ਜਿੱਤ ਦਰਜ ਕੀਤੀ।
ਯੂਸੀਪੀ ਆਗੂ ਡੈਨੀਅਲ ਸਮਿਥ ਦੇ ਕਈ ਕੈਬਨਿਟ ਮੰਤਰੀਆਂ ਦੇ ਹਾਰ ਜਾਣ ਤੋਂ ਬਾਅਦ, ਪਾਰਟੀ ਪੇਂਡੂ ਖੇਤਰ ਵਿਚ ਚੰਗੀ ਕਾਰਗੁਜ਼ਾਰੀ ਵਿਖਾਉਣ ਵਿਚ ਸਫਲ ਰਹੀ। ਐਡਮਿੰਟਨ ਸ਼ਹਿਰ ਨੂੰ ਐਨ ਡੀ ਪੀ ਨੇ ਸੰਤਰੀ ਰੰਗ ਵਿਚ ਰੰਗ ਦਿੱਤਾ ਜਦੋਂਕਿ ਯੂਸੀਪੀ ਕੈਲਗਰੀ ਤੇ ਪੇਂਡੂ ਖੇਤਰਾਂ ਵਿਚ ਲੋਕਾਂ ਦਾ ਵਿਸ਼ਵਾਸ ਜਿੱਤਣ ਵਿਚ ਸਫਲ ਰਹੀ। ਉਂਜ ਇਸ ਵਾਰ ਕੈਲਗਰੀ ਸ਼ਹਿਰ 'ਚੋਂ ਵੀ ਐਨ ਡੀ ਪੀ 12 ਸੀਟਾਂ ਲਿਜਾਣ ਵਿਚ ਸਫਲ ਰਹੀ ਜਦੋਂਕਿ ਯੂਸੀਪੀ ਨੂੰ ਕੈਲਗਰੀ 'ਚੋਂ 15 ਸੀਟਾਂ ਮਿਲੀਆਂ।
ਅਲਬਰਟਾ ਦੀਆਂ ਚੋਣਾਂ ਵਿੱਚ 2.8 ਮਿਲੀਅਨ ਯੋਗ ਵੋਟਰਾਂ ਵਿੱਚੋਂ ਸਿਰਫ਼ 1.1 ਮਿਲੀਅਨ ਵੋਟਰਾਂ ਨੇ ਵੋਟ ਅਧਿਕਾਰ ਦੀ ਵਰਤੋਂ ਕੀਤੀ। । ਯੂਸੀਪੀ 50 ਰਾਈਡਿੰਗਾਂ ਵਿੱਚ ਅੱਗੇ ਸੀ, ਜਦੋਂ ਕਿ ਐਨਡੀਪੀ 37 ਵਿੱਚ ਅੱਗੇ ਸੀ, ਜਿਸ ਨੇ ਰਾਚੇਲ ਨੌਟਲੀ ਦੇ ਨਿਊ ਡੈਮੋਕਰੇਟਸ ਨੂੰ ਵਿਰੋਧੀ ਬੈਂਚਾਂ ਵਿੱਚ ਵਾਪਸ ਰੱਖਿਆ।
52 ਸਾਲਾ ਸਮਿਥ ਇਕ ਸਾਬਕਾ ਰੇਡੀਓ ਸ਼ੋਅ ਹੋਸਟ ਤੇ ਅਖਬਾਰ ਦੀ ਕਾਲਮਨਵੀਸ ਨੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਵਲੋਂ ਅਸਤੀਫਾ ਦੇਣ ਉਪਰੰਤ ਸੀ ਪੀ ਲੀਡਰ ਚੁਣੇ ਜਾਣ ਉਪਰੰਤ ਵੋਟਾਂ ਦਾ ਸਾਹਮਣਾ ਕੀਤਾ ਹੈ। ਜੇਸਨ ਕੈਨੀ ਦੀ ਅਗਵਾਈ ਵਿੱਚ 2019 ਵਿੱਚ 63 ਸੀਟਾਂ ਜਿੱਤਣ ਤੋਂ ਬਾਅਦ ਸਮਿਥ ਦੀ ਅਗਵਾਈ ਵਾਲੀ ਯੂ ਸੀ ਪੀ ਹੁਣ 49 ਸੀਟਾਂ 'ਤੇ ਆ ਗਈ ਹੈ। ਖ਼ਬਰ ਲਿਖੇ ਜਾਣ ਤੱਕ ਇਕ ਹੋਰ ਪੰਜਾਬੀ ਮੀਡੋਜ ਤੋਂ ਐੱਨ.ਡੀ.ਪੀ. ਦੇ ਮੌਜੂਦਾ ਵਿਧਾਇਕ ਜਸਵੀਰ ਦੇਓਲ ਮੁੜ ਜਿੱਤ ਹਾਸਲ ਕਰਨ ਵਿਚ ਸਫਲ ਰਹੇ। ਉਹਨਾਂ ਨੇ ਯੂਸੀਪੀ ਦੇ ਅ੍ਰੰਮਿਤਪਾਲ ਸਿੰਘ ਮਠਾਰੂ ਨੂੰ ਹਰਾਇਆ।
ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ਦੇ ਸ਼ੇਰਪਾ ਐਸੋਸੀਏਸ਼ਨ ਨੇ 100 ਤੋਂ ਵੱਧ ਅਨੁਭਵੀ ਪਰਬਤਾਰੋਹੀਆਂ ਦਾ ਕੀਤਾ 'ਸਨਮਾਨ' (ਤਸਵੀਰਾਂ)
ਜ਼ਿਕਰਯੋਗ ਹੈ ਕਿ ਪੰਜਾਬੀ ਮੂਲ ਦੇ 15 ਉਮੀਦਵਾਰ ਮੈਦਾਨ ਵਿੱਚ ਸਨ। 29 ਮਈ ਨੂੰ ਸਾਰੇ 87 ਹਲਕਿਆਂ ਵਿੱਚ ਵੋਟਾਂ ਪਈਆਂ ਸਨ। ਇਹਨਾਂ ਚੋਣਾਂ ਵਿਚ ਦੋ ਪ੍ਰਮੁੱਖ ਰਾਜਨੀਤਿਕ ਪਾਰਟੀਆਂ- ਨੈਸ਼ਨਲ ਡੈਮੋਕਰੇਟਿਕ ਪਾਰਟੀ (ਐਨਡੀਪੀ) ਅਤੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਆਫ ਅਲਬਰਟਾ (ਯੂਸੀਪੀ) ਨੇ ਨਾ ਸਿਰਫ ਦੱਖਣੀ ਏਸ਼ੀਆਈਆਂ ਅਤੇ ਖਾਸ ਕਰਕੇ ਪੰਜਾਬੀਆਂ 'ਤੇ ਬਹੁਤ ਜ਼ਿਆਦਾ ਭਰੋਸਾ ਕੀਤਾ। ਪੰਜਾਬੀਆਂ ਨੇ ਜ਼ਿਆਦਾਤਰ ਕੈਲਗਰੀ ਅਤੇ ਐਡਮਿੰਟਨ ਖੇਤਰਾਂ ਦੀਆਂ ਸੀਟਾਂ 'ਤੇ ਚੋਣ ਲੜੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।