ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ 'ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, 3 ਲੋਕ ਜ਼ਖ਼ਮੀ
Thursday, Jun 29, 2023 - 10:02 AM (IST)
 
            
            ਟੋਰਾਂਟੋ (ਭਾਸ਼ਾ) : ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਵਿੱਚ ਕਲਾਸ ਰੂਮ ਵਿੱਚ ਤਿੰਨ ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਮਲਾ ਵਾਟਰਲੂ ਯੂਨੀਵਰਸਿਟੀ ਦੇ ਹੇਗੀ ਹਾਲ ਵਿੱਚ ਬੁੱਧਵਾਰ ਨੂੰ ਵਾਪਰਿਆ। ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਜ਼ਖ਼ਮੀਆਂ ਨੂੰ ਕਿੰਨੀਆਂ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਹਮਲੇ ਦੇ ਮਕਸਦ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਅਧਿਕਾਰੀਆਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ। ਵਾਟਰਲੂ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਯੂਸਫ਼ ਕਾਯਮਾਕ ਨੇ ਸੀਟੀਵੀ ਨਿਊਜ਼ ਨੂੰ ਦੱਸਿਆ ਕਿ ਹਮਲਾ 'ਜੈਂਡਰ ਸਟਡੀਜ਼' ਦੀ ਕਲਾਸ ਵਿੱਚ ਹੋਇਆ। ਕਾਯਮਾਕ ਨੇ ਦੱਸਿਆ ਕਿ ਹਮਲੇ ਦੇ ਸਮੇਂ ਕਲਾਸਰੂਮ 'ਚ ਲਗਭਗ 40 ਵਿਦਿਆਰਥੀ ਮੌਜੂਦ ਸਨ। ਵਾਟਰਲੂ ਯੂਨੀਵਰਸਿਟੀ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਕਿ ਉਹ ਜਾਂਚ ਵਿੱਚ ਪੁਲਸ ਦੀ ਮਦਦ ਕਰ ਰਹੀ ਹੈ ਅਤੇ ਜੋ ਇਸ ਸਮੇਂ ਕੈਂਪਸ ਵਿੱਚ ਹਨ, ਉਨ੍ਹਾਂ ਨੂੰ ਹੁਣ ਕੋਈ ਖਤਰਾ ਨਹੀਂ ਹੈ। ਯੂਨੀਵਰਸਿਟੀ ਨੇ ਟਵੀਟ ਕੀਤਾ, ਹੇਗੀ ਹਾਲ ਵਿਖੇ ਬੁੱਧਵਾਰ ਸ਼ਾਮ ਦੀਆਂ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ ਸਨ, ਪਰ ਹੋਰ ਸਾਰੇ 'ਕੈਂਪਸ' ਵਿੱਚ ਕਲਾਸਾਂ ਆਮ ਵਾਂਗ ਲੱਗੀਆਂ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            