ਕੈਨੇਡਾ ''ਚ ਵਿਗੜ ਰਿਹੈ ਨਸ਼ੇ ਦਾ ਸੰਕਟ, ਮੌਤਾਂ ਦੀ ਗਿਣਤੀ 4,000 ਨੇੜੇ

Thursday, Dec 21, 2017 - 02:20 AM (IST)

ਕੈਨੇਡਾ ''ਚ ਵਿਗੜ ਰਿਹੈ ਨਸ਼ੇ ਦਾ ਸੰਕਟ, ਮੌਤਾਂ ਦੀ ਗਿਣਤੀ 4,000 ਨੇੜੇ

ਟੋਰਾਂਟੋ— ਕੈਨੇਡਾ 'ਚ ਓਪੀਓਡ ਦੇ ਓਵਰਡੋਜ਼ ਨਾਲ ਪੈਦਾ ਹੋਣ ਵਾਲਾ ਸੰਕਟ ਲਗਾਤਾਰ ਵਿਗੜਦਾ ਹੀ ਜਾ ਰਿਹਾ ਹੈ ਤੇ ਇਸ ਸਾਲ ਦੇ ਅੰਤ ਤੱਕ ਇਸ ਸੰਕਟ ਨਾਲ ਮਰਨ ਵਾਲਿਆਂ ਦੀ ਗਿਣਤੀ 4,000 'ਤੇ ਪਹੁੰਚ ਸਕਦੀ ਹੈ। ਇਹ ਰਿਪੋਰਟ ਕੈਨੇਡਾ ਦੀ ਫੈਂਟੇਨਿਲ ਤੇ ਓਪੀਓਡ ਦੇ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ 'ਤੇ ਨਜ਼ਰ ਰੱਖਣ ਵਾਲੀ ਫੈਡਰਲ ਪ੍ਰੋਵਿੰਸ਼ੀਅਲ ਕਮੇਟੀ ਵਲੋਂ ਜਾਰੀ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਇਸ ਕਮੇਟੀ ਵਲੋਂ ਓਪੀਓਡ ਰਾਹੀਂ ਮਰਨ ਵਾਲਿਆਂ ਦੀ ਗਿਣਤੀ ਦਾ ਅੰਦਾਜ਼ਾ ਲਗਾਇਆ ਗਿਆ ਸੀ ਕਿ ਸਾਲ 2017 ਦੇ ਅੰਤ ਤੱਕ 3,000 ਲੋਕਾਂ ਦੀ ਓਪੀਓਡ ਦੇ ਓਵਰਡੋਜ਼ ਨਾਲ ਮੌਤ ਹੋ ਸਕਦੀ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਹ ਅੰਕੜਾ ਸਹੀ ਹੈ ਤਾਂ ਇਹ ਕੈਨੇਡਾ 'ਚ ਹੋਣ ਵਾਲੇ ਮੋਟਰਸਾਈਕਲ ਹਾਦਸਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਤੋਂ ਦੁਗਣਾ ਹੈ। 
ਪਬਲਿਕ ਹੈਲਥ ਏਜੰਸੀ ਕੈਨੇਡਾ ਵਲੋਂ ਸੋਮਵਾਰ ਨੂੰ ਜਾਰੀ ਕੀਤੇ ਅੰਕੜਿਆਂ ਮੁਤਾਬਕ ਇਸ ਸਾਲ ਦੇ ਪਹਿਲੇ ਅੱਧ 'ਚ ਓਪੀਓਡ ਦੇ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ 1,460 ਸੀ। ਕੈਨੇਡਾ ਦੇ ਚੀਫ ਪਬਲਿਕ ਹੈਲਥ ਅਫਸਰ ਡਾ. ਥੈਰੇਸਾ ਟੈਮ ਨੇ ਕਿਹਾ ਕਿ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਸੰਕਟ ਲਗਾਤਾਰ ਵਿਗੜਦਾ ਹੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 2016 ਦੇ ਅੰਕੜਿਆਂ ਨੂੰ ਦੇਖਦੇ ਹੋਏ ਉਮੀਦ ਲਗਾਈ ਜਾ ਰਹੀ ਸੀ ਕਿ 2017 'ਚ ਇਹ ਅੰਕੜਾ ਘਟੇਗਾ ਪਰ ਜੇਕਰ ਮੌਜੂਦਾ ਹਾਲਾਤ ਜਾਰੀ ਰਹੇ ਤਾਂ 2017 'ਚ ਇਹ ਅੰਕੜਾ 4,000 ਨੂੰ ਵੀ ਪਾਰ ਕਰ ਸਕਦਾ ਹੈ।


Related News