ਕੈਨੇਡਾ ’ਚ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਨੂੰ ਮਿਲਦੀ ਸਹਾਇਤਾ ਬੰਦ, ਇਸ ਤਾਰੀਖ਼ ਤੋਂ ਨਹੀਂ ਲਈ ਜਾਵੇਗੀ ਅਰਜ਼ੀ
Monday, Mar 04, 2024 - 12:11 PM (IST)
ਟੋਰਾਂਟੋ- ਕੈਨੇਡਾ ਦੀ ਹਾਊਸਿੰਗ ਏਜੰਸੀ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ ਘਰ ਖ਼ਰੀਦਣ ਵਾਲੇ ਪ੍ਰੋਤਸਾਹਨ ਪ੍ਰੋਗਰਾਮ ਨੂੰ ਬੰਦ ਕਰ ਰਹੀ ਹੈ, ਜਿਸ ਨਾਲ ਘਰ ਖ਼ਰੀਦਣ ਵਾਲੇ ਕੈਨੇਡਾ ਵਾਸੀਆਂ ਨੂੰ ਮਿਲਦੀ ਆਰਥਿਕ ਸਹਾਇਤਾ ਬੰਦ ਹੋ ਜਾਵੇਗੀ। ਕੈਨੇਡਾ ਮੋਰਟਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ (CMHC) ਦੀ ਵੈੱਬਸਾਈਟ ਮੁਤਾਬਕ ਪ੍ਰੋਗਰਾਮ ਲਈ ਨਵੀਆਂ ਜਾਂ ਅੱਪਡੇਟ ਕੀਤੀਆਂ ਅਰਜ਼ੀਆਂ 21 ਮਾਰਚ ਤੱਕ ਹੀ ਪ੍ਰਵਾਨ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਕੋਈ ਅਰਜ਼ੀ ਪ੍ਰਵਾਨ ਨਹੀਂ ਕੀਤੀ ਜਾਵੇਗੀ।
ਫੈਡਰਲ ਸਰਕਾਰ ਵੱਲੋਂ ਇਸ ਯੋਜਨਾ ਅਧੀਨ ਘਰ ਦੇ ਖ਼ਰੀਦ ਮੁੱਲ ਦਾ 10 ਫ਼ੀਸਦੀ ਦੇ ਬਰਾਬਰ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ ਜੋ 25 ਸਾਲ ਬਾਅਦ ਜਾਂ ਫਿਰ ਘਰ ਵੇਚਣ ਵੇਲੇ ਵਾਪਸ ਕਰਨਾ ਹੁੰਦਾ ਹੈ। ਯੋਗਤਾ ਸ਼ਰਤਾਂ ਇਸ ਯੋਜਨਾ ਦੇ ਰਾਹ ਵਿਚ ਅੜਿੱਕਾ ਬਣ ਰਹੀਆਂ ਹਨ। ਸ਼ਰਤਾਂ ਅਧੀਨ ਟੋਰਾਂਟੋ, ਵੈਨਕੂਵਰ ਅਤੇ ਵਿਕਟੋਰੀਆ ਵਿਚ ਘਰ ਖ਼ਰੀਦਣ ਵਾਲੇ ਪਰਿਵਾਰ ਦੀ ਆਮਦਨ 1 ਲੱਖ 20 ਹਜ਼ਾਰ ਡਾਲਰ ਜਾਂ 1 ਲੱਖ 50 ਹਜ਼ਾਰ ਡਾਲਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਸਿਰਫ ਐਨਾ ਹੀ ਨਹੀਂ ਕਰਜ਼ੇ ਦੇ ਰੂਪ ਵਿਚ ਮਿਲਣ ਵਾਲੀ ਰਕਮ ਪਰਿਵਾਰ ਦਾ ਕੁਲ ਆਮਦਨ ਦਾ ਚਾਰ ਗੁਣਾ ਤੋਂ ਵੱਧ ਨਹੀਂ ਹੋ ਸਕਦੀ। ਇਨ੍ਹਾਂ ਹਾਲਾਤ ਨੂੰ ਵੇਖਦਿਆਂ ਬਹੁਤ ਥੋੜ੍ਹੇ ਖ਼ਰੀਦਦਾਰਾਂ ਨੂੰ ਸਰਕਾਰੀ ਯੋਜਨਾ ਤੋਂ ਮਦਦ ਮਿਲ ਰਹੀ ਸੀ। Ratehub.ca ਦੇ ਸਹਿ-ਸੀਈਓ ਅਤੇ ਕੈਨਵਾਈਜ਼ ਮੋਰਟਗੇਜ ਰਿਣਦਾਤਾ ਦੇ ਪ੍ਰਧਾਨ ਜੇਮਸ ਲੈਰਡ ਨੇ ਕਿਹਾ, ਇਹ ਪ੍ਰੋਗਰਾਮ ਲਾਭਦਾਇਕ ਨਹੀਂ ਸੀ ਕਿਉਂਕਿ ਇਸ ਨੇ ਖ਼ਰੀਦਦਾਰਾਂ ਨੂੰ ਘੱਟੋ-ਘੱਟ ਡਾਊਨ ਪੇਮੈਂਟ ਇਕੱਠੀ ਕਰਨ ਵਿੱਚ ਮਦਦ ਨਹੀਂ ਕੀਤੀ। ਪਹਿਲੀ ਵਾਰ ਘਰ ਖ਼ਰੀਦਦਾਰ ਪ੍ਰੋਤਸਾਹਨ ਪ੍ਰੋਗਰਾਮ ਨੂੰ 1.25 ਬਿਲੀਅਨ ਡਾਲਰ ਦੀ ਵਚਨਬੱਧਤਾ ਨਾਲ 2019 ਵਿੱਚ ਲਾਂਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਬ੍ਰਿਟੇਨ ਸਰਕਾਰ ਇਨ੍ਹਾਂ ਲੋਕਾਂ ਦੀ ਐਂਟਰੀ ਬੈਨ ਕਰਨ ਦੀ ਬਣਾ ਰਹੀ ਯੋਜਨਾ, ਜਾਣੋ ਵਜ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।