ਕੈਨੇਡਾ ''ਚ ਪੰਜਾਬੀ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਭਾਈਚਾਰੇ ''ਚ ਸੋਗ ਦੀ ਲਹਿਰ
Monday, Mar 22, 2021 - 05:58 PM (IST)
ਨਿਊਯਾਰਕ/ਟੋਰਾਂਟੋ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੇ ਟੋਰਾਂਟੋ ਦੇ ਲਾਗੇ ਕਿੰਗ ਸਿਟੀ ਵਿਖੇ ਇੱਕ ਅੰਤਰ-ਰਾਸ਼ਟਰੀ ਵਿਦਿਆਰਥੀ ਵਰਿੰਦਰ ਸਿੰਘ ਸੰਧੂ ਵੱਲੋ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਵਿਦਿਆਰਥੀ ਬਾਰੇ ਪਤਾ ਲੱਗਿਆ ਹੈ ਕਿ ਉਹ ਵਿੱਤੀ ਅਤੇ ਇਮੀਗ੍ਰੇਸ਼ਨ ਨਾਲ ਸਬੰਧਤ ਆ ਰਹੀਆਂ ਮੁਸ਼ਕਲਾਂ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਸੀ।
ਮ੍ਰਿਤਕ ਨੌਜਵਾਨ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਦਰਵਾਲਾ ਨਾਲ ਸਬੰਧਤ ਸੀ ਤੇ ਕੈਨੇਡਾ ਵਿਖੇ ਪੜ੍ਹਨ ਲਈ ਆਇਆ ਸੀ। ਨੌਜਵਾਨ ਦਾ ਸਟੱਡੀ ਪਰਮਿਟ ਵੀ ਖਤਮ ਹੋ ਗਿਆ ਸੀ, ਆਰਥਿਕ ਹਾਲਾਤ ਖਰਾਬ ਸਨ ਤੇ ਕਾਲਜ ਵੱਲੋਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਨੌਜਵਾਨ ਮਾਨਸਿਕ ਤਣਾਅ ਦੇ ਕਾਰਨ ਹਸਪਤਾਲ ਵਿਚ ਵੀ ਭਰਤੀ ਰਿਹਾ ਸੀ। ਨੌਜਵਾਨ ਦੇ ਦੋਸਤਾਂ ਵੱਲੋ ਉਸ ਦਾ ਕੈਨੇਡਾ ਵਿੱਚ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਕੈਨੇਡਾ ਵਿਖੇ ਕੰਮਾ ਕਾਰਾਂ ਦੀਆਂ ਆ ਰਹੀਆਂ ਮੁਸ਼ਕਿਲਾਂ ਤੇ ਫਿਰ ਪੱਕੇ ਨਾ ਹੋਣ ਦਾ ਡਰ ਤੇ ਨਾਲ ਹੀ ਕਰਜ਼ੇ ਚੱਕ ਕੇ ਵਾਪਸ ਨਾ ਮੋੜ ਸਕਣ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਜਿਹੀਆਂ ਦਿੱਕਤਾਂ ਦਾ ਇੱਥੇ ਸਾਹਮਣਾ ਕਰਨਾ ਪੈ ਰਿਹਾ ਹੈ। ਠੱਗ ਟਰੈਵਲ ਏਜੰਟਾਂ ਵੱਲੋਂ ਵੀ ਵਿਦਿਆਰਥੀਆਂ ਦੇ ਸ਼ੋਸ਼ਣ ਅਤੇ ਪੱਕੇ ਨਾ ਕਰਵਾਉਣ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ LMIA ਰਾਹੀਂ ਠੱਗੀਆਂ ਅਤੇ ਕੰਮ ਕਰਵਾ ਕੇ ਡਾਲਰ ਨਾ ਦੇਣ ਦੀਆਂ ਖ਼ਬਰਾਂ ਵੀ ਅਕਸਰ ਹੀ ਸੁਰਖੀਆਂ ਬਣਦੀਆਂ ਰਹੀਆਂ ਹਨ। ਇਹੋ ਜਿਹੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਹੋਰਨਾਂ ਵਰਗਾਂ ਦੇ ਲੋਕਾਂ ਨੂੰ ਵੀ ਕਰਨਾ ਪੈ ਰਿਹਾ ਹੈ ਕਿਉਂਕਿ ਕੋਰੋਨਾ ਕਾਰਨ ਬਹੁਤ ਸਾਰੇ ਕਾਰੋਬਾਰ ਪ੍ਰਭਾਵਿਤ ਵੀ ਹੋਏ ਹਨ।
ਅੱਜ ਲੋੜ ਹੈ ਇਸ ਬਾਬਤ ਜਾਗਰੂਕਤਾ ਮੁਹਿੰਮ ਚਲਾਉਣ ਦੀ ਤਾਂਕਿ ਆਰਥਿਕ ਹਲਾਤਾਂ ਕਾਰਨ ਮਾਨਸਿਕ ਤਣਾਅ ਦੇ ਸ਼ਿਕਾਰ ਲੋਕਾਂ ਦੀ ਮਦਦ ਕੀਤੀ ਜਾ ਸਕੇ। ਅੰਤਰ-ਰਾਸ਼ਟਰੀ ਵਿਦਿਆਰਥੀਆਂ ਨਾਲ ਵੀ ਗੱਲਬਾਤ ਦਾ ਸਿਲਸਿਲਾ ਚਲਾਉਣਾ ਚਾਹੀਦਾ ਹੈ ਤਾਂਕਿ ਮਾਨਸਿਕ ਤਣਾਅ ਦੇ ਸ਼ਿਕਾਰ ਨੌਜਵਾਨਾਂ ਦੀ ਮਦਦ ਕੀਤੀ ਜਾ ਸਕੇ ।
ਨੋਟ- ਕੈਨੇਡਾ 'ਚ ਪੰਜਾਬੀ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।