ਕੈਨੇਡਾ ''ਚ ਆਮ ਚੋਣਾਂ ਦੌਰਾਨ ਹੋ ਸਕਦੀ ਹੈ ''ਕਤਲ-ਓ-ਗ਼ਾਰਤ''

02/23/2019 2:18:49 AM

ਔਟਵਾ— ਕੈਨੇਡਾ 'ਚ 8 ਮਹੀਨੇ ਬਾਅਦ ਹੋਣ ਵਾਲੀਆਂ ਆਮ ਚੋਣਾਂ ਦੌਰਾਨ 'ਕਤਲ-ਓ-ਗਾਰਤ' ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਤੇ ਇਹ ਖਦਸ਼ਾ ਜ਼ਾਹਰ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਮੁਲਕ ਦਾ ਸੱਭ ਤੋਂ ਵੱਡਾ ਸਰਕਾਰੀ ਅਫਸਰ ਹੈ। ਹਾਊਸ ਆਫ ਕਾਮਨਜ਼ ਦੀ ਨਿਆਂ ਕਮੇਟੀ ਅੱਗੇ ਦਰਜ ਕਰਵਾਏ ਬਿਆਨ 'ਚ ਸੀਨੀਅਰ ਨੌਕਰਸ਼ਾਹ ਮਾਈਕਲ ਵਰਨਿਕ ਨੇ ਕੈਨੇਡੀਅਨ ਸਿਆਸਤ 'ਚ ਵਰਤੀ ਜਾ ਰਹੀ ਹਿੰਸਕ ਤੇ  ਵੰਡੀਆਂ ਪਾਉਣ ਵਾਲੀ ਸ਼ਬਦਾਵਲੀ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ  ''ਮੈਨੂੰ ਡਰ ਹੈ ਕਿ ਕੈਨੇਡੀਅਨ ਲੋਕਾਂ ਦਾ ਪ੍ਰਸ਼ਾਸਨਿਕ ਸੰਸਥਾਵਾਂ ਤੋਂ ਵਿਸ਼ਵਾਸ ਹੀ ਨਾ ਉਠ ਜਾਵੇ।'' ਮਾਈਕਲ ਵਰਨਿਕ ਐਸ.ਐਨ.ਸੀ. ਲਾਵਲਿਨ ਮਾਮਲੇ 'ਚ ਹਾਊਸ ਆਫ ਕਾਮਨਜ਼ ਦੀ ਨਿਆਂ ਕਮੇਟੀ ਅੱਗੇ ਪੇਸ਼ ਹੋਏ ਸਨ ਤੇ ਆਮ ਤੌਰ 'ਤੇ ਸਰਕਾਰੀ ਅਫਸਰਾਂ ਵਲੋਂ ਜਨਤਕ ਮੰਚ ਤੋਂ ਇਸ ਕਿਸਮ ਦੇ ਬਿਆਨ ਨਹੀਂ ਦਿਤੇ ਜਾਂਦੇ। ਕੰਜ਼ਰਵੇਟਿਵ ਤੇ ਲਿਬਰਲ ਦੋਹਾਂ ਪਾਰਟੀਆਂ ਦੇ ਪ੍ਰਧਾਨ ਮੰਤਰੀਆਂ ਨਾਲ ਕੰਮ ਕਰ ਚੁੱਕੇ ਮਾਈਕਲ ਵਰਨਿਕ ਦੀ ਇਹ ਟਿੱਪਣੀ ਸਸਕੈਚੇਵਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੈਨੇਟ ਮੈਂਬਰ ਡੇਵਿਡ ਤਾਕਾਚੁਕ ਵੱਲ ਇਸ਼ਾਰਾ ਕਰ ਰਹੀ ਸੀ। ਚੇਤੇ ਰਹੇ ਕਿ ਐਲਬਰਟਾ ਦੇ ਟਰੱਕ ਡਰਾਈਵਰਾਂ  ਦਾ ਕਾਫਲਾ 'ਯੂਨਾਈਟਿਡ ਵੀ ਰੋਲ' ਦੇ ਨਾਹਰੇ ਹੇਠ ਪਿਛਲੇ ਦਿਨੀਂ ਕੈਨੇਡਾ ਦੀ ਕੌਮੀ ਰਾਜਧਾਨੀ ਪੁੱਜਾ ਸੀ ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਡੇਵਿਡ ਨੇ ਕਿਹਾ ਸੀ, 'ਜਦੋਂ ਤੱਕ ਇਸ ਮੁਲਕ 'ਚ ਇਕ ਵੀ ਲਿਬਰਲ ਬਾਕੀ ਹੈ, ਤੁਸੀਂ ਅੱਗੇ ਵੱਧਦੇ ਰਹੋ।' ਭਾਵੇਂ ਮਾਈਕਲ ਵਰਨਿਕ ਨੇ ਡੇਵਿਡ ਤਾਕਾਚੁਕ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦੀਆਂ ਗੱਲਾਂ ਤੋਂ ਅੰਦਾਜ਼ਾ ਲਾਉਣਾ ਬਿਲਕੁਲ ਸੌਖਾ ਸੀ ਕਿ ਉਹ ਕਿਸ ਦਾ ਜ਼ਿਕਰ ਕਰ ਰਹੇ ਹਨ। ਮਾਈਕਲ ਵਰਨਿਕ ਨੇ ਅੱਗੇ ਕਿਹਾ, 'ਕੈਨੇਡਾ ਦੇ ਸੰਸਦ ਮੈਂਬਰ ਵਲੋਂ ਟਰੱਕ ਡਰਾਈਵਰਾਂ 'ਚ ਭੜਕਾਹਟ ਪੈਦਾ ਕਰਨੀ ਕਿ ਉਹ ਵਿਰੋਧੀਆਂ ਨੂੰ ਆਪਣੇ ਟਰੱਕ ਹੇਠ ਕੁਚਲ ਦੇਣ, ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਹਰ ਪਾਰਟੀ ਦੇ ਸੰਸਦ ਮੈਂਬਰ ਵਲੋਂ ਇਸ ਦੀ ਸਖਤ ਸ਼ਬਦਾਂ 'ਚ ਨਿਖੇਪ ਕੀਤੀ ਜਾਣੀ ਚਾਹੀਦੀ ਹੈ।'


KamalJeet Singh

Content Editor

Related News