ਓਮੀਕਰੋਨ ਦੀ ਦਹਿਸ਼ਤ, ਕੈਨੇਡਾ ਨੇ ਤਿੰਨ ਹੋਰ ਦੇਸ਼ਾਂ ''ਤੇ ਲਗਾਈ ਪਾਬੰਦੀ
Wednesday, Dec 01, 2021 - 09:51 AM (IST)
ਟੋਰਾਂਟੋ (ਏ.ਪੀ.): ਕੈਨੇਡਾ ਨੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ 'ਓਮੀਕਰੋਨ' ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਤਿੰਨ ਹੋਰ ਦੇਸ਼ਾਂ ਦੇ ਨਾਗਰਿਕਾਂ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਕੈਨੇਡਾ ਉਨ੍ਹਾਂ ਸਾਰੇ ਵਿਦੇਸ਼ੀ ਨਾਗਰਿਕਾਂ 'ਤੇ ਪਾਬੰਦੀ ਲਗਾ ਰਿਹਾ ਹੈ ਜੋ ਹਾਲ ਹੀ ਵਿੱਚ ਨਾਈਜੀਰੀਆ, ਮਲਾਵੀ ਅਤੇ ਮਿਸਰ ਗਏ ਸਨ। ਕੈਨੇਡਾ ਨੇ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਸੱਤ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਪਾਬੰਦੀ ਦਾ ਐਲਾਨ ਕੀਤਾ ਸੀ। ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫ਼ਸਰ ਡਾਕਟਰ ਥੇਰੇਸਾ ਟੈਮ ਨੇ ਦੱਸਿਆ ਕਿ ਕੈਨੇਡਾ ਵਿੱਚ ‘ਓਮੀਕਰੋਨ’ ਦੇ ਸਾਰੇ ਕੇਸ ਨਾਈਜੀਰੀਆ ਤੋਂ ਆਏ ਹਨ, ਜਿੱਥੇ ਟੀਕਾਕਰਨ ਦੀ ਦਰ ਘੱਟ ਹੈ।
ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ ਨੇ ਦੱਸਿਆ ਕਿ ਅਮਰੀਕਾ ਤੋਂ ਇਲਾਵਾ ਦੇਸ਼ ਵਿੱਚ ਜਹਾਜ਼ ਰਾਹੀਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਪਹੁੰਚਣ 'ਤੇ ਕੋਵਿਡ-19 ਟੈਸਟ ਕਰਵਾਉਣਾ ਹੋਵੇਗਾ ਅਤੇ ਟੈਸਟ ਦੇ ਨਤੀਜੇ ਆਉਣ ਤੱਕ ਉਨ੍ਹਾਂ ਨੂੰ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਓਂਟਾਰੀਓ ਸੂਬੇ ਵਿੱਚ ਐਤਵਾਰ ਨੂੰ 'ਓਮੀਕਰੋਨ' ਦਾ ਪਹਿਲਾ ਕੇਸ ਸਾਹਮਣੇ ਆਇਆ ਸੀ ਅਤੇ ਕਿਉਬੇਕ ਵਿਚ ਸੋਮਵਾਰ ਨੂੰ ਇਸਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਸੂਬਿਆਂ ਵਿੱਚ ਵੀ ਇਸ ਦੇ ਪਹਿਲੇ ਕੇਸਾਂ ਦੀ ਪੁਸ਼ਟੀ ਹੋਈ ਹੈ, ਇਹ ਸੰਕਰਮਿਤਾਂ ਨੇ ਨਾਈਜੀਰੀਆ ਦੀ ਯਾਤਰਾ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ -ਓਮੀਕਰੋਨ ਦੀ ਦਹਿਸ਼ਤ, ਆਸਟ੍ਰੇਲੀਆ ਨੇ ਸਰਹੱਦਾਂ ਖੋਲ੍ਹਣ 'ਤੇ ਲਾਈ ਰੋਕ
ਅਲਬਰਟਾ ਦੀ ਚੀਫ਼ ਮੈਡੀਕਲ ਹੈਲਥ ਅਫ਼ਸਰ ਡਾਕਟਰ ਦੀਨਾ ਹਿਨਸ਼ਾ ਨੇ ਦੱਸਿਆ ਕਿ ਅਲਬਰਟਾ ਵਿੱਚ ਸੰਕਰਮਿਤ ਪਾਇਆ ਗਿਆ ਵਿਅਕਤੀ ਨੀਦਰਲੈਂਡ ਵਿੱਚੋਂ ਲੰਘਿਆ ਸੀ ਅਤੇ ਉਸ ਵਿੱਚ ਲਾਗ ਦੇ ਕੋਈ ਲੱਛਣ ਨਹੀਂ ਹਨ। ਸਿਹਤ ਮੰਤਰੀ ਡੁਕਲੋਸ ਨੇ ਕਿਹਾ ਕਿ ਕੈਨੇਡਾ ਤੋਂ ਬਾਹਰਲੇ ਯਾਤਰੀਆਂ ਨੂੰ ਅਜੇ ਵੀ ਪ੍ਰੀ-ਡਿਪਾਰਚਰ ਕੋਵਿਡ-19 ਟੈਸਟ ਕਰਵਾਉਣ ਦੀ ਲੋੜ ਹੈ, ਜਿਸ ਲਈ ਭੁਗਤਾਨ ਯਾਤਰੀਆਂ ਨੂੰ ਕਰਨਾ ਹੋਵੇਗਾ। ਕੈਨੇਡਾ ਸਰਕਾਰ ਅਮਰੀਕਾ ਤੋਂ ਕੈਨੇਡਾ ਆਉਣ ਵਾਲੇ ਹਵਾਈ ਯਾਤਰੀਆਂ ਦੇ ਆਗਮਨ 'ਤੇ ਚੈੱਕ-ਅੱਪ ਦੇ ਖਰਚੇ ਦਾ ਭੁਗਤਾਨ ਕਰੇਗੀ। ਟੈਮ ਨੇ ਕਿਹਾ ਕਿ ਨਾਈਜੀਰੀਆ ਅਤੇ ਮਿਸਰ ਤੋਂ ਲੋਕਾਂ ਦੇ ਆਉਣ ਤੋਂ ਬਾਅਦ ਕੋਵਿਡ-19 ਦੇ ਮਾਮਲੇ ਵਧੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।