ਕੈਨੇਡਾ ਦੀ ਇਨ੍ਹਾਂ ਲੋਕਾਂ ਨੂੰ ''ਫਾਈਜ਼ਰ ਦੀ ਵੈਕਸੀਨ'' ਨਾ ਲੈਣ ਦੀ ਅਪੀਲ
Sunday, Dec 13, 2020 - 08:04 PM (IST)
ਟੋਰਾਂਟੋ/ਵਾਸ਼ਿੰਗਟਨ - ਦੁਨੀਆ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 7.21 ਕਰੋੜ ਤੋਂ ਜ਼ਿਆਦਾ ਹੋ ਗਿਆ ਹੈ। ਜਿਨ੍ਹਾਂ ਵਿਚੋਂ 5 ਕਰੋੜ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ ਅਤੇ 16 ਲੱਖ ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜੇ ਵਰਲਡੋਮੀਟਰ ਨੇ ਆਪਣੀ ਵੈੱਬਸਾਈਟ 'ਤੇ ਸਾਂਝੇ ਕੀਤੇ ਹਨ। ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ 3 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਹੁਣ ਤੱਕ ਮਿਲੇ ਇਨਫੈਕਟਡਾਂ ਦੀ ਗਿਣਤੀ 1.6 ਕਰੋੜ ਤੋਂ ਜ਼ਿਆਦਾ ਹੋ ਗਈ ਹੈ।
ਉਥੇ ਹੀ ਕੈਨੇਡਾ ਹੈਲਥ ਡਿਪਾਰਟਮੈਂਟ ਨੇ ਐਲਰਜਿਕ ਲੋਕਾਂ (ਕਿਸੇ ਚੀਜ਼ ਨਾਲ ਐਲਰਜੀ ਹੋਣ ਵਾਲੇ ਲੋਕ) ਨੂੰ ਫਾਈਜ਼ਰ-ਬਾਇਓਨਟੈੱਕ ਦੀ ਵੈਕਸੀਨ ਨਾ ਲੈਣ ਲਈ ਕਿਹਾ ਹੈ। ਇਸ ਨਾਲ ਜੁੜੀਆਂ ਗਾਈਡਲਾਇੰਸ ਸ਼ਨੀਵਾਰ ਜਾਰੀ ਕੀਤੀਆਂ ਗਈਆਂ। ਫਾਈਜ਼ਰ ਦੀ ਵੈਕਸੀਨ ਲੈਣ ਤੋਂ ਬਾਅਦ ਬ੍ਰਿਟੇਨ ਵਿਚ 2 ਲੋਕਾਂ ਵਿਚ ਰੀਐਕਸ਼ਨ ਹੋਣ ਦੀ ਗੱਲ ਸਾਹਮਣੇ ਆਈ ਸੀ। ਇਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਐਲਰਜੀ ਦੀ ਸਮੱਸਿਆ ਸੀ। ਅਜਿਹੇ ਵਿਚ ਕੈਨੇਡਾ ਨੇ ਇਤਿਹਾਤ ਵਰਤਦੇ ਹੋਏ ਐਲਰਜਿਕ ਲੋਕਾਂ ਨੂੰ ਇਸ ਤੋਂ ਦੂਰ ਰਹਿਣ ਨੂੰ ਕਿਹਾ ਹੈ। ਸਾਰੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਵੈਕਸੀਨ ਲਗਵਾਉਣ ਤੋਂ ਪਹਿਲਾਂ ਆਪਣੀ ਮੈਡੀਕਲ ਹਿਸਟਰੀ ਨਾਲ ਜੁੜੀਆਂ ਗੱਲਾਂ ਮੈਡੀਕਲ ਵਰਕਰਸ ਨਾਲ ਸਾਂਝਾ ਕਰਨ। ਕੈਨੇਡਾ ਵਿਚ ਇਸੇ ਮਹੀਨੇ ਤੋਂ ਵੱਡੀ ਗਿਣਤੀ ਵਿਚ ਟੀਕਾਕਰਨ ਦੀ ਸ਼ੁਰੂਆਤ ਹੋਵੇਗੀ।
ਅਮਰੀਕਾ ਵਿਚ ਮੌਤਾਂ ਦਾ ਅੰਕੜਾ ਵੀ 3 ਲੱਖ ਤੋਂ ਪਾਰ ਹੋ ਗਿਆ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਫਾਈਜ਼ਰ ਦੀ ਵੈਕਸੀਨ ਪਹੁੰਚਾਉਣ ਦਾ ਕੰਮ ਤੇਜ਼ ਹੋ ਗਿਆ ਹੈ। ਡੋਨਾਲਡ ਟਰੰਪ ਐਡਮਿਨੀਸਟ੍ਰੇਸ਼ਨ ਦੇ ਆਪਰੇਸ਼ਨ ਵਾਰਪ ਸਪੀਡ ਦੇ ਮੁਖੀ ਗੁਸਟਾਵੇ ਪੇਰਨਾ ਨੇ ਦੱਸਿਆ ਕਿ ਸੋਮਵਾਰ ਨੂੰ 145 ਥਾਵਾਂ 'ਤੇ ਫਾਈਜ਼ਰ ਵੈਕਸੀਨ ਦੀ ਪਹਿਲੀ ਖੁਰਾਕ ਪਹੁੰਚਾਈ ਜਾਵੇਗੀ। ਮੰਗਲਵਾਰ ਨੂੰ 425 ਅਤੇ ਬੁੱਧਵਾਰ ਨੂੰ 66 ਥਾਵਾਂ 'ਤੇ ਵੈਕਸੀਨ ਪਹੁੰਚਾਉਣ ਦੀ ਯੋਜਨਾ ਹੈ। ਇਥੇ 11 ਦਸੰਬਰ ਨੂੰ ਫਾਈਜ਼ਰ ਦੀ ਵੈਕਸੀਨ ਨੂੰ ਐਮਰਜੰਸੀ ਵਿਚ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਨੋਟ - ਕੈਨੇਡਾ ਦੀ ਇਨ੍ਹਾਂ ਲੋਕਾਂ ਨੂੰ 'ਫਾਈਜ਼ਰ ਦੀ ਵੈਕਸੀਨ' ਨਾ ਲੈਣ ਦੀ ਅਪੀਲ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ ਜੀ।