ਕੈਨੇਡਾ-ਅਮਰੀਕਾ ''ਚ ''ਜ਼ੋਮਬੀ ਡੀਅਰ'' ਬੀਮਾਰੀ ਦੇ ਮਨੁੱਖਾਂ ''ਚ ਫੈਲਣ ਦਾ ਖਦਸ਼ਾ
Wednesday, Feb 13, 2019 - 11:01 AM (IST)
ਓਂਟਾਰੀਓ (ਬਿਊਰੋ)— ਕੈਨੇਡਾ ਅਤੇ ਅਮਰੀਕਾ ਵਿਚ ਹਿਰਨਾਂ ਵਿਚ 'ਜ਼ੋਮਬੀ ਡੀਅਰ' (Zombie Deer) ਨਾਮ ਦੀ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਅਮਰੀਕੀ ਫੈਡਰਲ ਏਜੰਸੀ 'ਸੈਂਟਰਸ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ' ਮੁਤਾਬਕ ਇੱਥੋਂ ਦੇ 24 ਰਾਜਾਂ ਅਤੇ ਕੈਨੇਡਾ ਦੇ ਦੋ ਸੂਬਿਆਂ 'ਚ ਇਹ ਬੀਮਾਰੀ ਫੈਲ ਚੁੱਕੀ ਹੈ। ਹੁਣ ਇਨਸਾਨਾਂ ਵਿਚ ਵੀ ਇਸ ਬੀਮਾਰੀ ਦੇ ਫੈਲਣ ਦਾ ਖਤਰਾ ਹੈ। ਹਿਰਨ ਪ੍ਰਜਾਤੀ ਦੇ ਜਾਨਵਰਾਂ ਵਿਚ ਹੋਣ ਵਾਲੀ ਇਸ ਬੀਮਾਰੀ ਕਾਰਨ ਉਹ ਹਮਲਾਵਰ ਹੋ ਜਾਂਦੇ ਹਨ ਅਤੇ ਅਜੀਬ ਵਿਵਹਾਰ ਕਰਨ ਲੱਗਦੇ ਹਨ। ਬੀਤੇ ਸਾਲ ਕੈਨੇਡਾ ਵਿਚ ਇਸ ਸਬੰਧੀ ਮਾਮਲੇ ਸਾਹਮਣੇ ਆਏ ਸਨ ਅਤੇ ਅਥਾਰਿਟੀ ਨੂੰ ਗਾਈਡ ਲਾਈਨਜ਼ ਜਾਰੀ ਕਰਨੀਆਂ ਪਈਆਂ ਸਨ।
ਬੀਮਾਰੀ ਦੇ ਲੱਛਣ
'ਜ਼ੋਮਬੀ ਡੀਅਰ' ਨੂੰ ਕ੍ਰੋਮਿਕ ਵੈਸਟਿੰਗ ਡਿਜੀਜ਼ ਵੀ ਕਿਹਾ ਜਾਂਦਾ ਹੈ। ਇਹ ਲਾਇਲਾਜ ਹੈ। ਇਸ ਬੀਮਾਰੀ ਦੇ ਮੁੱਖ ਲੱਛਣ ਦੰਦ ਪੀਸਣਾ, ਵਜ਼ਨ ਤੇਜ਼ੀ ਨਾਲ ਘੱਟਣਾ, ਮੂੰਹ ਵਿਚ ਜ਼ਿਆਦਾ ਲਾਰ ਬਣਨਾ, ਸਿਰ ਅਕਸਰ ਝੁਕਿਆ ਰਹਿਣਾ ਅਤੇ ਹਮਲਾਵਰ ਹੋ ਕੇ ਇੱਧਰ-ਉੱਧਰ ਭੱਜਣਾ ਸ਼ਾਮਲ ਹੈ। ਦਿਮਾਗ ਵਿਚ ਇਨਫੈਕਸ਼ਨ ਹੋਣ ਕਾਰਨ ਸਿੱਧਾ ਅਸਰ ਦਿਮਾਗ ਅਤੇ ਸਪਾਈਨਲ ਕੋਰਡ 'ਤੇ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਾ ਕਾਰਨ ਸਰੀਰ ਵਿਚ ਪ੍ਰਦੂਸ਼ਿਤ ਪ੍ਰੋਟੀਨ ਦਾ ਪਹੁੰਚਣਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਇਨਸਾਨਾਂ ਵਿਚ ਵੀ ਇਨਫੈਕਸ਼ਨ ਫੈਲਣ ਦਾ ਖਤਰਾ ਹੈ।
ਬੀਮਾਰੀ ਫੈਲਣ ਦੇ ਕਾਰਨ
ਮਿਨੇਸੋਟਾ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਈਕਲ ਓਸਟਰਹੋਲਮ ਮੁਤਾਬਕ ਇਨਫੈਕਟਿਡ ਮਾਂਸ ਖਾਣ ਨਾਲ ਇਹ ਬੀਮਾਰੀ ਹੋ ਸਕਦੀ ਹੈ। ਮਿਨੇਸੋਟਾ ਵਿਚ ਵੀ ਜ਼ੋਮਬੀ ਡੀਅਰ ਬੀਮਾਰੀ ਮਹਾਮਾਰੀ ਦਾ ਰੂਪ ਲੈ ਚੁੱਕੀ ਹੈ। ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਿਰਨਾਂ ਵਿਚ ਇਸ ਬੀਮਾਰੀ ਦੇ ਲੱਛਣ ਤੁਰੰਤ ਨਜ਼ਰ ਨਹੀਂ ਆਉਂਦੇ। ਇਸ ਸਥਿਤੀ ਵਿਚ ਇਨ੍ਹਾਂ ਨੂੰ ਸਿਹਤੰਮਦ ਸਮਝ ਕੇ ਭੋਜਨ ਦਾ ਹਿੱਸਾ ਬਣਾਏ ਜਾਣ ਦਾ ਖਤਰਾ ਰਹਿੰਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹਰ ਚਾਰ ਵਿਚੋਂ ਇਕ ਹਿਰਨ ਇਸ ਬੀਮਾਰੀ ਨਾਲ ਪ੍ਰਭਾਵਿਤ ਹੈ ਅਤੇ ਇਹ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਮਿਨੇਸੋਟਾ ਯੂਨੀਵਰਸਿਟੀ ਦੀ ਇਕ ਖਾਸ ਟੀਮ ਇਸ ਨੂੰ ਰੋਕਣ ਲਈ ਇਕ ਡਿਵਾਈਸ ਵਿਕਸਿਤ ਕਰ ਰਹੀ ਹੈ ਜਿਸ ਦੀ ਮਦਦ ਨਾਲ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਡਿਵਾਈਸ ਜਿਉਂਦੇ ਅਤੇ ਮ੍ਰਿਤਕ ਦੋਹਾਂ ਤਰ੍ਹਾਂ ਦੇ ਜਾਨਵਰਾਂ ਦੀ ਜਾਂਚ ਕਰਨ ਵਿਚ ਸਮਰੱਥ ਹੋਵੇਗਾ।
