ਕੈਨੇਡਾ 'ਚ ਸਥਾਪਤ 107 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ (ਵੀਡੀਓ)
Saturday, Jul 21, 2018 - 01:20 PM (IST)
ਐਬਟਸਫੋਰਡ, (ਰਮਨਦੀਪ ਸੋਢੀ / ਨਰੇਸ਼ ਅਰੋੜਾ)— ਕੈਨੇਡਾ 'ਚ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਹਨ, ਜਿਨ੍ਹਾਂ 'ਚੋਂ ਕਈ ਸਿੱਖ ਧਰਮ ਨਾਲ ਸਬੰਧਤ ਹਨ। ਕੈਨੇਡਾ 'ਚ ਪੁੱਜੀ 'ਜਗ ਬਾਣੀ' ਦੀ ਟੀਮ ਨੇ ਇੱਥੋਂ ਦੇ 107 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਗੁਰੂ ਸਿੱਖ ਟੈਂਪਲ ਦੇ ਦਰਸ਼ਨ ਕੀਤੇ। ਤੁਹਾਨੂੰ ਦੱਸ ਦੇਈਏ ਕਿ ਐਬਟਸਫੋਰਡ 'ਚ 1907 'ਚ ਕੁਝ ਸਿੱਖ ਸੰਗਤਾਂ ਨੇ ਮਿਲ ਕੇ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਸੀ।
2007 'ਚ ਇਸ ਗੁਰਦੁਆਰਾ ਸਾਹਿਬ ਦਾ 100 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ ਸੀ, ਜਿਸ 'ਚ ਉੱਥੋਂ ਦੇ ਸਿਆਸਤਦਾਨਾਂ ਸਮੇਤ ਵੱਡੀ ਸੰਗਤ ਪੁੱਜੀ ਸੀ। ਗੁਰਦੁਆਰਾ ਸਾਹਿਬ ਗੁਰੂ ਸਿੱਖ ਟੈਂਪਲ ਦੇ ਸੈਕਟਰੀ ਸ. ਜਤਿੰਦਰ ਸਿੰਘ ਗਿੱਲ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਨੇੜੇ ਇਕ ਮਿੱਲ ਸੀ, ਜਿੱਥੇ ਕੰਮ ਕਰਨ ਵਾਲੇ ਪੰਜਾਬੀ ਮੁੰਡਿਆਂ ਨੇ ਗੁਰਦੁਆਰਾ ਸਾਹਿਬ ਦੇ ਨਿਰਮਾਣ ਬਾਰੇ ਸੋਚਿਆ ਸੀ। ਉਹ ਮਿੱਲ 'ਚ 7-8 ਘੰਟੇ ਕੰਮ ਕਰਨ ਮਗਰੋਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਸਨ। ਉਨ੍ਹਾਂ ਨੇ ਆਪਣੇ ਮੋਢਿਆਂ 'ਤੇ ਲੱਕੜਾਂ ਢੋਹ ਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਅਤੇ 4 ਸਾਲਾਂ ਦੀ ਸੇਵਾ ਮਗਰੋਂ 1911 'ਚ ਗੁਰਦੁਆਰਾ ਸਾਹਿਬ ਨੂੰ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ। ਉਦੋਂ ਤੋਂ ਹੁਣ ਤਕ ਇੱਥੇ ਵੱਡੀ ਗਿਣਤੀ 'ਚ ਸੰਗਤ ਆਉਂਦੀ ਹੈ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਦੀ ਹੈ।