ਗਲੋਬਲ ਵਾਰਮਿੰਗ ਕਾਰਣ ਕੈਨੇਡਾ ਦੀ ਆਖਰੀ ਸਬੂਤੀ ਬਚੀ ਬਰਫ ਦੀ ਚੱਟਾਨ ਵੀ ਟੁੱਟ ਗਈ
Sunday, Aug 09, 2020 - 03:49 AM (IST)
ਟੋਰਾਂਟੋ – ਕੈਨੇਡਾ ’ਚ ਸਬੂਤੀ ਬਚੀ ਆਖਰੀ ਬਰਫ ਦੀ ਚੱਟਾਨ (ਆਈਸ ਸ਼ੈਲਫ) ਦਾ ਜਿਆਦਾਤਰ ਹਿੱਸਾ ਗਰਮ ਮੌਸਮ ਅਤੇ ਕੌਮਾਂਤਰੀ ਤਾਪਮਾਨ ਵਧਣ ਕਾਰਣ ਟੁੱਟ ਕੇ ਵਿਸ਼ਾਲ ਹਿਮਸ਼ੈਲ ਟਾਪੂਆਂ ’ਚ ਖਿਲਰ ਗਿਆ ਹੈ। ਬਰਫ ਦੀਆਂ ਚੱਟਾਨਾਂ ਬਰਫ ਦਾ ਇਕ ਤੈਰਦਾ ਹੋਇਆ ਤਖਤਾ ਹੁੰਦੀਆਂ ਹਨ ਜੋ ਕਿਸੇ ਗਲੇਸ਼ੀਅਰ ਜਾਂ ਹਿਮਚਾਦਰ ਦੇ ਜ਼ਮੀਨ ਤੋਂ ਸਮੁੰਦਰ ਦੀ ਪਰਤ ’ਤੇ ਵਹਿ ਜਾਣ ਤੋਂ ਬਚਦਾ ਹੈ। ਵਿਗਿਆਨੀਆਂ ਮੁਤਾਬਕ ਏਲੇਸਮੇਰੇ ਟਾਪੂ ਦੇ ਉੱਤਰ ਪੱਛਮੀ ਕੋਨੇ ’ਤੇ ਮੌਜੂਦਾ ਕੈਨੇਡਾ ਦੀ 4000 ਸਾਲ ਪੁਰਾਣੀ ਬਰਫ ਦੀ ਚੱਟਾਨ ਜੁਲਾਈ ਅਖੀਰ ਤੱਕ ਦੇਸ਼ ਦੀ ਆਖਰੀ ਸਬੂਤੀ ਬਰਫ ਦੀ ਚੱਟਾਨ ਸੀ ਜਦੋਂ ਕੈਨੇਡਾਈ ਹਿਮ ਸੇਵਾ ਦੀ ਬਰਫ ਵਿਸ਼ਲੇਸ਼ਕ ਏਡ੍ਰੀਨ ਵ੍ਹਾਈਟ ਨੇ ਗੌਰ ਕੀਤਾ ਕਿ ਉਪਗ੍ਰਿਹ ਤੋਂ ਲਈਆਂ ਗਈਆਂ ਤਸਵੀਰਾਂ ’ਚ ਨਜ਼ਰ ਆਇਆ ਕਿ ਇਸ ਦਾ 43 ਫੀਸਦੀ ਹਿੱਸਾ ਟੁੱਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ 30 ਜੁਲਾਈ ਜਾਂ 31 ਜੁਲਾਈ ਦੇ ਨੇੜੇ-ਤੇੜੇ ਹੋਇਆ।
ਵ੍ਹਾਈਟ ਨੇ ਕਿਹਾ ਕਿ ਇਸ ਦੇ ਟੁੱਟਣ ਨਾਲ ਦੋ ਵਿਸ਼ਾਲ ਹਿਮਸ਼ੈੱਲ (ਆਈਸਬਰਗ) ਦੇ ਨਾਲ ਹੀ ਛੋਟੀਆਂ-ਛੋਟੀਆਂ ਕਈ ਹਿਮਸ਼ਲਾਵਾ ਬਣ ਗਈਆਂ ਅਤੇ ਇਨ੍ਹਾਂ ਸਭ ਦਾ ਪਹਿਲਾਂ ਤੋਂ ਹੀ ਪਾਣੀ ’ਚ ਤੈਰਨਾ ਸ਼ੁਰੂ ਹੋ ਗਿਆ ਹੈ। ਸਭ ਤੋਂ ਵੱਡਾ ਹਿਮਸ਼ੈੱਲ ਕਰੀਬ-ਕਰੀਬ ਮੈਨਹੱਟਨ ਦੇ ਆਕਾਰ ਦਾ ਯਾਨੀ 55 ਵਰਗ ਕਿਲੋਮੀਟਰ ਹੈ ਅਤੇ ਇਹ 11.5 ਕਿਲੋਮੀਟਰ ਲੰਬਾ ਹੈ। ਇਨ੍ਹਾਂ ਦੀ ਮੋਟਾਈ 230 ਤੋਂ 260 ਫੁਟ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਰਫ ਦਾ ਵਿਸ਼ਾਲ, ਬਹੁਤ ਵਿਸ਼ਾਲ ਟੁਕੜਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਇਨ੍ਹਾਂ ’ਚੋਂ ਕੋਈ ਵੀ ਤੇਲ ਰਿਗ (ਤੇਲ ਕੱਢਣ ਵਾਲਾ ਵਿਸ਼ੇਸ਼ ਯੰਤਰ) ਵੱਲ ਵਧਣ ਲੱਗੇ ਤਾਂ ਤੁਸੀਂ ਇਸ ਨੂੰ ਹਟਾਉਣ ਲਈ ਕੁਝ ਨਹੀਂ ਕਰ ਸਕਦੇ ਅਤੇ ਤੁਹਾਨੂੰ ਤੇਲ ਰਿਗ ਨੂੰ ਹੀ ਹਟਾ ਕੇ ਦੂਜੀ ਥਾਂ ਲੈ ਕੇ ਜਾਣਾ ਹੋਵੇਗਾ।