ਮੀਟਿੰਗ ਦੌਰਾਨ ਟਰੂਡੋ ਦੀ ਗੋਦੀ ''ਚ ਨਜ਼ਰ ਆਈ ਬੱਚੀ, ਤਸਵੀਰ ਵਾਇਰਲ
Friday, Mar 06, 2020 - 11:44 AM (IST)
ਓਟਾਵਾ (ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਇਕ ਤਸਵੀਰ ਕਾਰਨ ਸੁਰਖੀਆਂ ਵਿਚ ਹਨ।ਟਰੂਡੋ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਤਸਵੀਰ 2 ਮਾਰਚ ਨੂੰ ਟਰੂਡੋ ਦੇ ਦਫਤਰ ਵਿਚ ਖਿੱਚੀ ਗਈ ਸੀ।ਤਸਵੀਰ ਵਿਚ ਟਰੂਡੋ ਮੀਟਿੰਗ ਦੇ ਦੌਰਾਨ ਗੋਦੀ ਵਿਚ ਇਕ ਮਹੀਨੇ ਦੀ ਬੱਚੀ ਸਕੌਟੀ ਨੂੰ ਲਏ ਹੋਏ ਹਨ। ਆਮਤੌਰ 'ਤੇ ਬੱਚਿਆਂ ਨੂੰ ਕੈਨੇਡਾ ਦੇ ਪੀ.ਐੱਮ. ਦੀ ਗੋਦੀ ਵਿਚ ਬੈਠਣ ਦਾ ਮੌਕਾ ਨਹੀਂ ਮਿਲਦਾ ਪਰ ਜੇਕਰ ਉਹਨਾਂ ਦੇ ਪਿਤਾ ਪ੍ਰਧਾਨ ਮੰਤਰੀ ਦੇ ਚੀਫ ਫੋਟੋਗ੍ਰਾਫਰ ਹੋਣ ਤਾਂ ਅਜਿਹੇ ਬੱਚਿਆਂ ਲਈ ਇਹ ਗੱਲ ਜ਼ਿਆਦਾ ਮੁਸ਼ਕਲ ਨਹੀਂ ਹੁੰਦੀ।
ਟਰੂਡੋ ਦੇ ਅਧਿਕਾਰਤ ਫੋਟੋਗ੍ਰਾਫਰ ਐਡਮ ਸਕੌਟੀ ਨੇ ਲਿਖਿਆ,''ਬੇਟੀ ਸਕੌਟੀ 4 ਹਫਤੇ ਦੀ ਉਮਰ ਵਿਚ ਆਪਣੀ ਪਹਿਲੀ ਪੀ.ਐੱਮ.ਓ. ਮੀਟਿੰਗ ਵਿਚ।'' ਐਡਮ ਨੇ ਆਪਣੇ ਪੇਜ 'ਤੇ ਇਸ ਮੀਟਿੰਗ ਦੀਆਂ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਵਿਚ ਟਰੂਡੋ ਬੱਚੀ ਵੱਲ ਦੇਖ ਰਹੇ ਹਨ ਜਦਕਿ ਦੂਜੀ ਤਸਵੀਰ ਵਿਚ ਉਹ ਬੱਚੀ ਨੂੰ ਗੋਦੀ ਵਿਚ ਲਏ ਆਪਣੀ ਚੀਫ ਆਫ ਸਟਾਫ ਕੈਟੀ ਟੇਲਫੋਰਡ ਨਾਲ ਗੱਲ ਕਰਦੇ ਨਜ਼ਰ ਆਉਂਦੇ ਹਨ। ਇੰਸਟਾਗ੍ਰਾਮ 'ਤੇ ਕੀਤੀ ਗਈ ਪੋਸਟ ਨੂੰ ਹੁਣ ਤੱਕ 2 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ।