ਹਵਾ ਪ੍ਰਦੂਸ਼ਣ ਨਾਲ ਵਧ ਸਕਦੈ ਗਰਭਪਾਤ ਦਾ ਖਤਰਾ

12/06/2018 4:57:09 PM

ਵਾਸ਼ਿੰਗਟਨ— ਹਵਾ ਪ੍ਰਦੂਸ਼ਣ ਦੇ ਸੰਪਰਕ 'ਚ ਥੋੜ੍ਹੀ ਦੇਰ ਲਈ ਵੀ ਆਉਣ ਨਾਲ ਗਰਭਪਾਤ ਦਾ ਖਤਰਾ ਵੱਧ ਸਕਦਾ ਹੈ। ਇਕ ਨਵੇਂ ਅਧਿਐਨ 'ਚ ਇਹ ਚਿੰਤਤ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਹਵਾ ਪ੍ਰਦੂਸ਼ਣ ਨੂੰ ਦਮੇ ਤੋਂ ਲੈ ਕੇ ਸਮੇਂ ਤੋਂ ਪਹਿਲਾਂ ਡਿਲਿਵਰੀ ਤੱਕ ਸਿਹਤ 'ਤੇ ਪੈਣ ਵਾਲੇ ਕਈ ਬੁਰੇ ਪ੍ਰਭਾਵਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ।

ਅਮਰੀਕਾ ਦੀ ਯੂਟਾ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦੇਖਿਆ ਕਿ ਯੂਟਾ ਸੂਬੇ ਦੀ ਸਭ ਤੋਂ ਵਧ ਆਬਾਦੀ ਵਾਲੇ ਖੇਤਰ 'ਚ ਰਹਿਣ ਵਾਲੀਆਂ ਔਰਤਾਂ ਜਦੋਂ ਹਵਾ ਪ੍ਰਦੂਸ਼ਣ ਦਾ ਪੱਧਰ ਵਧਣ ਤੋਂ ਬਾਅਦ ਉਸ ਦੇ ਸੰਪਰਕ 'ਚ ਆਈਆਂ ਤਾਂ ਉਨ੍ਹਾਂ 'ਚ ਗਰਭਪਾਤ ਹੋਣ ਦਾ ਖਤਰਾ ਜ਼ਿਆਦਾ ਵਧ ਗਿਆ। 2007 ਤੋਂ 2015 ਤਕ ਕੀਤੇ ਗਏ ਇਸ ਅਧਿਐਨ 'ਚ 1300 ਔਰਤਾਂ ਸ਼ਾਮਲ ਸਨ, ਜਿਨ੍ਹਾਂ ਨੇ ਗਰਭਪਾਤ ਤੋਂ ਬਾਅਦ (20 ਹਫਤੇ ਦੀ ਗਰਭ ਅਵਸਥਾ ਤੱਕ) ਮੈਡੀਕਲੀ ਮਦਦ ਲਈ ਐਮਰਜੈਂਸੀ ਵਿਭਾਗ ਦਾ ਰੁਖ ਕੀਤਾ ਸੀ।

ਖੋਜਕਾਰਾਂ ਦੀ ਟੀਮ ਨੇ ਹਵਾ 'ਚ 3 ਸਾਧਾਰਨ ਪ੍ਰਦੂਸ਼ਕ ਤੱਤਾਂ-ਅਤਿਸੂਖਮ ਕਣਾਂ (ਪੀ. ਐੱਮ. 2.5), ਨਾਈਟ੍ਰੋਜਨ ਆਕਸਾਈਡ ਅਤੇ ਓਜ਼ੋਨ ਦੀ ਮਾਤਰਾ ਵਧ ਜਾਣ ਤੋਂ ਬਾਅਦ ਤਿੰਨ ਤੋਂ 7 ਦਿਨ ਦੀ ਮਿਆਦ ਦੌਰਾਨ ਗਰਭਪਾਤ ਦੇ ਖਤਰੇ ਦੀ ਜਾਂਚ ਕੀਤੀ। ਇਸ ਟੀਮ ਨੇ ਦੇਖਿਆ ਕਿ ਨਾਈਟ੍ਰੋਜਨ ਆਕਸਾਈਡ ਦੇ ਵਧੇ ਪੱਧਰ ਦੇ ਸੰਪਰਕ 'ਚ ਆਉਣ ਵਾਲੀਆਂ ਔਰਤਾਂ ਨੂੰ ਗਰਭਪਾਤ ਹੋਣ ਦਾ ਖਤਰਾ 16 ਫੀਸਦੀ ਤੱਕ ਵਧ ਗਿਆ। ਇਹ ਅਧਿਐਨ ਫਰਟੀਲਿਟੀ ਰਸਾਲੇ 'ਚ ਪ੍ਰਕਾਸ਼ਿਤ ਹੋਇਆ ਹੈ।


Neha Meniya

Content Editor

Related News