ਕੰਬੋਡੀਆ ਚੋਣਾਂ : ਵਿਰੋਧੀ ਧਿਰ ਦੀ ਕਰਾਰੀ ਹਾਰ, 1 ਵੀ ਸੀਟ ''ਤੇ ਨਹੀਂ ਮਿਲੀ ਜਿੱਤ

Monday, Jul 30, 2018 - 05:36 PM (IST)

ਫਨੋਮ ਪੇਨਹ (ਬਿਊਰੋ)— ਕੰਬੋਡੀਆ ਵਿਚ ਐਤਵਾਰ ਨੂੰ ਹੋਈਆਂ ਚੋਣਾਂ ਦੇ ਨਤੀਜੇ ਸੋਮਵਾਰ ਨੂੰ ਜਾਰੀ ਕੀਤੇ ਗਏ। ਨਤੀਜਿਆਂ ਮੁਤਾਬਕ ਵਿਰੋਧੀ ਧਿਰ ਖਾਤਾ ਖੋਲ੍ਹਣ ਵਿਚ ਅਸਫਲ ਰਹੀ। ਜਦਕਿ ਪ੍ਰਧਾਨ ਮੰਤਰੀ ਹੁਨ ਸੇਨ ਦੀ ਸੱਤਾਧਾਰੀ ਕੰਬੋਡੀਅਨ ਪੀਪਲਜ਼ ਪਾਰਟੀ (ਸੀ.ਪੀ.ਪੀ.) ਸਾਰੀਆਂ ਸੀਟਾਂ 'ਤੇ ਜਿੱਤਣ ਵਿਚ ਸਫਲ ਰਹੀ। ਸੀ.ਪੀ.ਪੀ. ਦੇ ਬੁਲਾਰੇ ਸੋਕ ਈਸਾਨ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਨੂੰ 77.5 ਫੀਸਦੀ ਵੋਟਾਂ ਪਈਆਂ ਅਤੇ ਉਸ ਨੇ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕੀਤੀ। ਉੱਧਰ ਵਿਰੋਧੀ ਪਾਰਟੀਆਂ ਨੇ ਐਤਵਾਰ ਨੂੰ ਹੋਈਆਂ ਆਮ ਚੋਣਾਂ ਨੂੰ ਲੋਕਤੰਤਰ ਦੀ ਹੱਤਿਆ ਦੱਸਿਆ ਹੈ। 
ਮਨੁੱਖੀ ਅਧਿਕਾਰ ਸੰਗਠਨਾਂ ਮਤਲਬ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਕੰਬੋਡੀਆ ਵਿਚ ਹੋਈਆਂ ਆਮ ਚੋਣਾਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚੋਣਾਂ ਨਾ ਤਾਂ ਸੁਤੰਤਰ ਸਨ ਅਤੇ ਨਾ ਹੀ ਨਿਰਪੱਖ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਹ ''ਚੋਣ ਘਪਲੇ'' ਦੇ ਜਵਾਬ ਵਿਚ ਕੰਬੋਡੀਆ ਸਰਕਾਰ ਦੇ ਕੁਝ ਅਧਿਕਾਰੀਆਂ 'ਤੇ ਵੀਜ਼ਾ ਪਾਬੰਦੀ ਲਗਾਉਣ ਦੇ ਬਾਰੇ ਵਿਚਾਰ ਕਰ ਰਿਹਾ ਹੈ। ਅਮਰੀਕਾ ਨੇ ਬੀਤੇ ਮਹੀਨੇ ਵੀ ਪ੍ਰਧਾਨ ਮੰਤਰੀ ਹੁਨ ਸੇਨ ਦੇ ਕਰੀਬੀ ਅਧਿਕਾਰੀਆਂ 'ਤੇ ਵੀਜ਼ਾ ਪਾਬੰਦੀ ਲਗਾਈ ਸੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਐਤਵਾਰ ਦੀਆਂ ਚੋਣਾਂ ਕੰਬੋਡੀਆ ਦੀ ਜਨਤਾ ਦੀਆਂ ਇੱਛਾਵਾਂ ਦੀ ਨੁਮਾਇੰਦਗੀ ਕਰਨ ਵਿਚ ਅਸਫਲ ਰਹੀਆਂ ਹਨ। ਯੂਰਪੀ ਯੂਨੀਅਨ ਨੇ ਵੀ ਫਨੋਮ ਪੇਨਹ 'ਤੇ ਆਰਥਿਕ ਪਾਬੰਦੀ ਲਾਗੂ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਚਿਤਾਵਨੀ ਦੇ ਜਵਾਬ ਵਿਚ ਕੰਬੋਡੀਆ ਦੇ ਸਰਕਾਰੀ ਬੁਲਾਰੇ ਫੇਅ ਸਿਫਾਨ ਨੇ ਕਿਹਾ ਕਿ ਵ੍ਹਾਈਟ ਹਾਊਸ ਦਾ ਬਿਆਨ ਕੰਬੋਡੀਆ ਨੂੰ ਧਮਕਾਉਣ ਦੀ ਕੋਸ਼ਿਸ਼ ਹੈ। ਉਸ ਨੇ ਕਿਹਾ ਕਿ ਇਹ ਸਾਡੀ ਜਨਤਾ ਦਾ ਅਪਮਾਨ ਹੈ, ਜਿਨ੍ਹਾਂ ਨੇ ਵੋਟਿੰਗ ਜ਼ਰੀਏ ਆਪਣੀ ਕਿਸਮਤ ਤੈਅ ਕੀਤੀ ਹੈ।


Related News