ਕੈਲੀਫੋਰਨੀਆ ਨਿਵਾਸੀ ਸਰੂਪ ਸਿੰਘ ਝੱਜ ਦਾ ਬੇਸਬਾਲ ਖੇਡ ਦਰਮਿਆਨ ਹੋਇਆ ਸਨਮਾਨ

Thursday, Sep 30, 2021 - 08:24 PM (IST)

ਕੈਲੀਫੋਰਨੀਆ ਨਿਵਾਸੀ ਸਰੂਪ ਸਿੰਘ ਝੱਜ ਦਾ ਬੇਸਬਾਲ ਖੇਡ ਦਰਮਿਆਨ ਹੋਇਆ ਸਨਮਾਨ

ਫਰਿਜ਼ਨੋ/ਸਾਨ ਫ੍ਰਾਂਸਿਸਕੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਵੱਖ-ਵੱਖ ਸੇਵਾਵਾਂ ਕਰਕੇ ਦੇਸ਼ਾਂ ’ਚ ਪੰਜਾਬੀ ਅਕਸਰ ਸਿੱਖ ਕੌਮ ਦਾ ਨਾਂ ਚਮਕਾਉਂਦੇ ਰਹਿੰਦੇ ਨੇ। ਪਿਛਲੇ ਦਿਨੀਂ ਸਿੱਖੀ ਸਰੂਪ ਵਾਲੇ ਪੰਜਾਬੀ ਸਿੱਖ ਸਰੂਪ ਸਿੰਘ ਝੱਜ ਨੇ ਗੋਰਿਆਂ ਨਾਲ ਭਰੇ ਸਟੇਡੀਅਮ ’ਚ ਜਿਥੇ ਸਿੱਖ ਕੌਮ ਦਾ ਮਾਣ ਨਾਲ ਸਿਰ ਉੱਚਾ ਕੀਤਾ, ਉਥੇ ਅਮਰੀਕਾ ’ਚ ਸਿੱਖ ਪਛਾਣ ਨੂੰ ਵੀ ਨਵਾਂ ਹੁਲਾਰਾ ਦਿੱਤਾ। ਸਰੂਪ ਸਿੰਘ ਝੱਜ, ਜਿਹੜੇ ਕੈਲੀਫੋਰਨੀਆ ਸਥਿਤ ‘ਸਹਾਇਤਾ’ ਸੰਸਥਾ ਦੇ ਮੋਢੀ ਮੈਂਬਰਾਂ ’ਚੋਂ ਇਕ ਹਨ। ਸਹਾਇਤਾ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਵਿਸ਼ਵ ਪੱਧਰ ’ਤੇ ਦੀਨ-ਦੁਖੀ ਦੀ ਮਦਦ ਕਰਨ ਕਰਕੇ ਚਰਚਾ ’ਚ ਰਹੀ ਹੈ। ਇਸ ਸੰਸਥਾ ਨੇ ਕੋਵਿਡ ਦੇ ਦਿਨਾਂ ਦੌਰਾਨ ਵੀ ਡਟ ਕੇ ਲੋਕਾਂ ਦੀ ਮਦਦ ਕੀਤੀ ਅਤੇ ਇਸ ਸੰਸਥਾ ਨੇ ਕੁਝ ਸਾਲ ਪਹਿਲਾਂ ਪੈਰਾਡਾਈਸ ਸ਼ਹਿਰ ’ਚ ਲੱਗੀ ਭਿਆਨਕ ਅੱਗ ਸਮੇਂ ਵੀ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਵੀ ਲੋੜਵੰਦਾਂ ਲਈ ਹੱਥ ਅੱਗੇ ਵਧਾਇਆ ਸੀ। ਇਨ੍ਹਾਂ ਸਭ ਕਾਰਜਾਂ ਦੇ ਚੱਲਦਿਆਂ ਸਰੂਪ ਸਿੰਘ ਝੱਜ ਦਾ ਪੁੱਤਰ ਗੁਰਜਾਪ ਸਿੰਘ ਝੱਜ ਸਾਨਫ੍ਰਾਂਸਿਸਕੋ ਜਾਇੰਟਸ ਬੇਸਬਾਲ ਟੀਮ ਲਈ ਮਾਈਨਰ ਲੀਗ ਲਈ ਕੰਮ ਕਰ ਰਿਹਾ ਸੀ।

PunjabKesari

ਇਹ ਬੇਸਬਾਲ ਟੀਮ ਹਰ ਸਾਲ ਕਿਸੇ ਅਜਿਹੀ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਨੂੰ ਸਨਮਾਨਿਤ ਕਰਦੇ ਹਨ, ਜੋ ਨਾਨ ਪ੍ਰਾਫਿਟ ਹੋਵੇ ਅਤੇ ਨਿਰਸਵਾਰਥ ਲੋਕਾਂ ਦੀ ਮਦਦ ਕਰਦੀ ਹੋਵੇ। ਗੁਰਜਾਪ ਸਿੰਘ ਝੱਜ ਨੇ ਆਪਣੇ ਪਿਤਾ ਸਰੂਪ ਸਿੰਘ ਝੱਜ ਅਤੇ ਸਹਾਇਤਾ ਨੂੰ ਨਾਮੀਨੇਟ ਕੀਤਾ। ਬੇਸਬਾਲ ਟੀਮ ਜਾਇੰਟਸ ਨੇ ਸਹਾਇਤਾ ਨੂੰ ਚੁਣਿਆ ਅਤੇ ਸਾਨ ਫ੍ਰਾਂਸਿਸਕੋ ਵਿਖੇ ਓਰੇਕਲ ਪਾਰਕ ਸਟੇਡੀਅਮ ਵਿਖੇ ਹਾਫ਼ ਟਾਇਮ ਦੌਰਾਨ ਲੋਕਾਂ ਨਾਲ ਖਚਾਖਚ ਭਰੇ ਸਟੇਡੀਅਮ ਦੌਰਾਨ ਸਹਾਇਤਾ ਸੰਸਥਾ ਲਈ 2500 ਡਾਲਰ ਅਤੇ ਸਨਮਾਨ ਵਜੋਂ ਸ. ਸਰੂਪ ਸਿੰਘ ਝੱਜ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਆ ਗਿਆ। ਕਰੀਬ ਅੱਧੇ ਮਿੰਟ ਤੱਕ ਸਰੂਪ ਸਿੰਘ ਝੱਜ ਦੀ ਲਾਈਵ ਤਸਵੀਰ ਸਟੇਡੀਅਮ ਦੀਆਂ ਵੱਡੀਆ ਸਕਰੀਨਾਂ ’ਤੇ ਵਿਖਾਈ ਗਈ।

PunjabKesari

ਇਨ੍ਹਾਂ ਸੁਨਹਿਰੀ ਪਲਾਂ ਨੂੰ ਸੋਸ਼ਲ ਮੀਡੀਆ ਨੇ ਪ੍ਰਮੁੱਖਤਾ ਨਾਲ ਵਾਇਰਲ ਕੀਤਾ। ਸਰੂਪ ਸਿੰਘ ਝੱਜ ਅਤੇ ਸਹਾਇਤਾ ਸੰਸਥਾ ਦੀ ਹਰ ਪਾਸਿਓਂ ਤਾਰੀਫ਼ ਹੋ ਰਹੀ ਹੈ। ਇਸ ਮੌਕੇ ਤਕਰੀਬਨ ਅੱਧੀ ਦਰਜਨ ਤੋਂ ਵੱਧ ਸੀਟਾਂ ਵੀ ਸਹਾਇਤਾ ਮੈਂਬਰਾਂ ਲਈ ਰਾਖਵੀਆਂ ਰੱਖੀਆਂ ਗਈਆਂ ਸਨ। ਇਸ ਮੌਕੇ ਸਹਾਇਤਾ ਸੰਸਥਾ ਦੇ ਕਈ ਮੈਂਬਰਠ ਜਿਨ੍ਹਾਂ ’ਚ ਜਗਦੀਪ ਸਿੰਘ ਸਹੋਤਾ, ਪਵਿੱਤਰ ਕੌਰ ਥਿਆੜਾ, ਸਮਰੀਨ ਸੰਧੂ, ਗੁਰਜਾਪ ਸਿੰਘ ਝੱਜ, ਰਾਜਨ ਗਿੱਲ, ਹਰਰੂਪ ਸਿੰਘ ਸਹੋਤਾ ਅਤੇ ਜਗਮੀਤ ਸਿੰਘ ਆਦਿ ਦੇ ਨਾਂ ਜ਼ਿਕਰਯੋਗ ਹਨ।


author

Manoj

Content Editor

Related News