ਕੈਲੀਫੋਰਨੀਆ ਦੇ 78 ਸਾਲਾ ਬਜ਼ੁਰਗ ਨੂੰ 6 ਦਹਾਕਿਆਂ ਬਾਅਦ ਮਿਲਿਆ ਹਾਈ ਸਕੂਲ ਦਾ ਸਰਟੀਫਿਕੇਟ
Tuesday, May 31, 2022 - 12:08 PM (IST)
ਪਾਸਾਡੇਨਾ/ਅਮਰੀਕਾ (ਏਜੰਸੀ)- ਟੇਡ ਸੈਮਜ਼ ਨੂੰ 60 ਸਾਲਾਂ ਤੋਂ ਆਪਣਾ ਹਾਈ ਸਕੂਲ ਡਿਪਲੋਮਾ ਹਾਸਲ ਕਰਨ ਦੇ ਯੋਗ ਨਾ ਹੋਣ 'ਤੇ ਅਫਸੋਸ ਸੀ। ਹਾਲਾਂਕਿ, ਸ਼ੁੱਕਰਵਾਰ ਨੂੰ ਦੱਖਣੀ ਕੈਲੀਫੋਰਨੀਆ ਦੇ ਸੈਨ ਗੈਬਰੀਅਲ ਹਾਈ ਸਕੂਲ ਤੋਂ ਆਪਣਾ ਡਿਪਲੋਮਾ ਹਾਸਲ ਕਰਨ ਤੋਂ ਬਾਅਦ ਉਹ ਖ਼ੁਦ ਨੂੰ ਗ੍ਰੈਜੂਏਟ ਕਹਿ ਸਕਦੇ ਹਨ। ਟੈਡ 1962 ਵਿੱਚ ਜਦੋਂ ਹਾਈ ਸਕੂਲ ਵਿੱਚ ਪੜ੍ਹਾਈ ਕਰ ਰਹੇ ਸਨ, ਉਦੋਂ ਉਹ ਇੱਕ ਵਿਵਾਦ ਵਿੱਚ ਉਲਝ ਗਏ ਸਨ, ਜਿਸ ਕਾਰਨ ਅਕਾਦਮਿਕ ਸੈਸ਼ਨ ਖ਼ਤਮ ਹੋਣ ਤੋਂ 5 ਦਿਨ ਪਹਿਲਾਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਸਾਵਧਾਨ! ਨਾਈਜੀਰੀਆ ’ਚ ਮੰਕੀਪਾਕਸ ਨਾਲ ਪਹਿਲੀ ਮੌਤ, 21 ਮਾਮਲਿਆਂ ਦੀ ਪੁਸ਼ਟੀ
ਉਨ੍ਹਾਂ ਕਿਹਾ ਕਿ ਮੁਅੱਤਲੀ ਕਾਰਨ ਉਹ ਫਾਈਨਲ ਸੈਸ਼ਨ ਦੀ ਅਹਿਮ ਪ੍ਰੀਖਿਆ ਨਹੀਂ ਦੇ ਸਕੇ ਸਨ। ਬਾਅਦ ਵਿੱਚ ਉਨ੍ਹਾਂ ਨੇ ਗਰਮੀਆਂ ਵਿੱਚ ਇਹ ਪ੍ਰੀਖਿਆ ਦਿੱਤੀ ਸੀ। ਟੇਡ (78) ਨੇ ਕਿਹਾ, "ਜਦੋਂ ਮੈਂ ਪ੍ਰੀਖਿਆ ਨਤੀਜੇ ਨਾਲ ਸਕੂਲ ਵਾਪਸ ਆਇਆ, ਤਾਂ ਉਨ੍ਹਾਂ ਨੇ ਮੈਨੂੰ ਮੇਰਾ ਹਾਈ ਸਕੂਲ ਡਿਪਲੋਮਾ ਦੇਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਮੇਰੇ 'ਤੇ ਇੱਕ ਕਿਤਾਬ ਦਾ 4.80 ਡਾਲਰ ਬਕਾਇਆ ਸੀ।" ਉਨ੍ਹਾਂ ਕਿਹਾ, 'ਇਸ ਤੋਂ ਬਾਅਦ ਮੈਂ ਸਕੂਲ ਤੋਂ ਬਾਹਰ ਆ ਗਿਆ। ਮੈਂ ਖ਼ੁਦ ਨੂੰ ਕਿਹਾ, ਹੁਣ ਡਿਪਲੋਮਾ ਬਾਰੇ ਭੁੱਲ ਜਾਓ।'
ਹਾਲਾਂਕਿ, ਸਕੂਲ ਪ੍ਰਬੰਧਨ ਕੋਲ ਟੇਡ ਦਾ ਮੂਲ ਡਿਪਲੋਮਾ ਅਜੇ ਵੀ ਮੌਜੂਦ ਸੀ। ਸ਼ੁੱਕਰਵਾਰ ਨੂੰ ਸੈਨ ਗੈਬਰੀਅਲ ਹਾਈ ਸਕੂਲ ਤੋਂ ਆਪਣਾ ਡਿਪਲੋਮਾ ਪ੍ਰਾਪਤ ਕਰਨ ਤੋਂ ਬਾਅਦ ਟੇਡ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਸੀ। ਉਨ੍ਹਾਂ ਕਿਹਾ, 'ਸਾਲਾਂ ਤੱਕ ਮੈਂ ਆਪਣੇ ਬੱਚਿਆਂ ਨੂੰ ਸ਼ਿਕਾਇਤ ਕਰਦਾ ਰਿਹਾ ਕਿ 4.80 ਡਾਲਰ ਨਾ ਹੋਣ ਕਾਰਨ ਮੈਂ ਹਾਈ ਸਕੂਲ ਦਾ ਡਿਪਲੋਮਾ ਪ੍ਰਾਪਤ ਨਹੀਂ ਕਰ ਸਕਿਆ। ਹੁਣ ਮੈਂ ਮਾਣ ਨਾਲ ਆਪਣਾ ਡਿਪਲੋਮਾ ਆਪਣੇ ਕਮਰੇ ਦੀ ਕੰਧ 'ਤੇ ਲਗਾਵਾਂਗਾ।'
ਇਹ ਵੀ ਪੜ੍ਹੋ: ਸਿਡਨੀ 'ਚ ਸਿੱਧੂ ਮੂਸੇਵਾਲਾ ਦੀ ਯਾਦ 'ਚ ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।